ਪਟਿਆਲਾ, 4 ਫਰਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਵੋਟ ਪਾਉਣ ਮੌਕੇ, ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਫਿਰਕਾਪ੍ਰਸਤੀ ਤੇ ਉਗਰਵਾਦ ਖਿਲਾਫ ਸਥਿਰਤਾ ਲਈ ਵੋਟਿੰਗ ਕਰਾਰ ਦਿੱਤਾ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਕਾਂਗਰਸ ਇਨ੍ਹਾਂ ਚੋਣਾਂ ਦੌਰਾਨ ਮਾਲਵਾ ਸਮੇਤ ਸੂਬੇ ਭਰ ਅੰਦਰ ਵਿਰੋਧੀਆਂ ਨੂੰ ਬਾਹਰ ਕਰ ਦੇਵੇਗੀ, ਜਿਸ ਇਲਾਕੇ ਨੂੰ ਚੋਣਾਂ ਦੇ ਪੰਡਤ ਆਪ ਦਾ ਮਜ਼ਬੂਤ ਖੇਤਰ ਦੱਸ ਰਹੇ ਸਨ।
ਇਸ ਲੜੀ ਹੇਠ, ਸੂਬੇ ਅੰਦਰ ਅਤਿ ਜ਼ਰੂਰੀ ਨਵਾਂ ਸਵੇਰਾ ਲਿਆਉਣ ਦੇ ਵਾਅਦੇ ਨਾਲ ਜਿਵੇਂ ਹੀ ਕੈਪਟਨ ਅਮਰਿੰਦਰ ਆਪਣੇ ਪਰਿਵਾਰ ਸਮੇਤ ਸਰਕਾਰੀ ਮਹਿਲਾ ਕਾਲਜ਼ 'ਚ ਆਪਣੀ ਵੋਟ ਪਾਉਣ ਪਹੁੰਚੇ, ਉਨ੍ਹਾਂ ਦੇ ਘਰੇਲੂ ਸ਼ਹਿਰ ਪਟਿਆਲਾ ਦੇ ਵੋਟਰਾਂ ਵੱਲੋਂ ਸੂਬਾ ਕਾਂਗਰਸ ਪ੍ਰਧਾਨ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਨੌਜ਼ਵਾਨਾਂ ਤੋਂ ਲੈ ਕੇ, ਬਜ਼ੁਰਗ, ਪੁਰਸ਼ਾਂ ਤੇ ਔਰਤਾਂ, ਪਟਿਆਲਾ ਸ਼ਹਿਰੀ ਤੋਂ ਕਾਂਗਰਸ ਉਮੀਦਵਾਰ ਉਪਰ ਆਪਣਾ ਪਿਆਰ ਵਰ੍ਹਾਉਣ ਲਈ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਬੀਤੇ 10 ਸਾਲਾਂ ਦੇ ਅਕਾਲੀ ਸ਼ਾਸਨ ਦੇ ਹਨੇਰੇ ਨੂੰ ਝੇਲ ਰਹੇ, ਪੰਜਾਬ ਨੂੰ ਇਸ ਨਰਕ ਤੋਂ ਬਾਹਰ ਕੱਢਣ ਦੀ ਉਮੀਦ ਪ੍ਰਗਟਾਉਂਦਿਆਂ, ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦੌਰਾਨ ਬੂਥ 'ਤੇ ਮੌਜ਼ੂਦ ਵੋਟਰਾਂ ਲਈ ਉਤਸਾਹ ਦਾ ਮੌਕਾ ਸੀ ਅਤੇ ਉਹ ਕੈਪਟਨ ਅਮਰਿੰਦਰ ਨਾਲ ਫੋਟੋ ਖਿਚਵਾਉਣ ਲਈ ਚਾਹਵਾਨ ਦਿਖ ਰਹੇ ਸਨ, ਜਿਨ੍ਹਾਂ 'ਚ ਉਹ ਪੰਜਾਬ ਦਾ ਅਗਲਾ ਮੁੱਖ ਮੰਤਰੀ ਤੇ ਮਸੀਹਾ ਦੇਖਦੇ ਹਨ।
ਇਸ ਮੌਕੇ ਵੋਟਿੰਗ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਇਨ੍ਹਾਂ ਚੋਣਾਂ ਨੂੰ ਸ਼ਾਂਤੀ, ਸੰਪ੍ਰਦਾਇਕ ਏਕਤਾ ਤੇ ਸਥਿਰਤਾ ਲਈ ਵੋਟ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਨੂੰ ਮੁੜ ਵਿਕਾਸ ਤੇ ਤਰੱਕੀ ਦੀ ਪੱਟੜੀ 'ਤੇ ਲਿਆਉਣ ਖਾਤਿਰ ਕਾਂਗਰਸ ਦੇ ਤਜ਼ੁਰਬੇ ਤੇ ਕਾਬਲਿਅਤ ਨੂੰ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਫਿਰਕੂ ਤੇ ਉਗਰ ਸਿਆਸਤ ਵਿਰੁੱਧ ਸਥਿਰਤਾ ਨੂੰ ਵੋਟ ਦਿੱਤੀ ਹੈ।
ਕੈਪਟਨ ਅਮਰਿੰਦਰ ਨੇ ਬੀਤੇ ਦੱਸ ਸਾਲਾਂ ਦੌਰਾਨ ਸੂਬੇ ਦੀ ਸਮਾਜਿਕ, ਧਾਰਮਿਕ ਤੇ ਆਰਥਿਕ ਬਨਾਵਟ ਖਰਾਬ ਕਰ ਦੇਣ ਵਾਲੀ ਸ੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਇਨਕਾਰ ਕੀਤਾ, ਜਿਸਦੇ ਗੁਨਾਹ ਤੇ ਅਸਫਲਤਾਵਾਂ ਸਾਹਮਣੇ ਆਉਣ ਤੋਂ ਬਾਅਦ ਬੀਤੇ ਢਾਈ ਸਾਲਾਂ ਦੌਰਾਨ ਉਸਦੀ ਲੋਕਪ੍ਰਿਅਤਾ 'ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਵੱਲੋਂ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ਰਾਹੀਂ ਉਨ੍ਹਾਂ ਨੂੰ ਸੰਪ੍ਰਦਾਇਕ ਅਧਾਰ 'ਤੇ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਨਹੀਂ ਭੁੱਲੇ ਹਨ। ਇਸੇ ਤਰ੍ਹਾ, ਉਨ੍ਹਾਂ ਨੇ ਆਪ ਵੱਲੋਂ ਕਿਸੇ ਵੀ ਤਰ੍ਹਾਂ ਦੇ ਮੁਕਾਬਲੇ ਨੂੰ ਖਾਰਿਜ਼ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਕਥਿਤ ਲੋਕਪ੍ਰਿਅਤਾ ਮੀਡੀਆ ਦੀ ਪੈਦਾਵਾਰ ਤੋਂ ਵੱਧ ਕੁਝ ਨਹੀਂ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ 2014 ਲੋਕ ਸਭਾ ਚੋਣਾਂ 'ਚ ਪਾਰਟੀ ਦਾ ਪੰਜਾਬ ਅੰਦਰ ਜ਼ੋਰਦਾਰ ਪ੍ਰਵੇਸ਼ ਦਿੱਲੀ 'ਚ ਉਸਦੇ ਅੰਦੋਲਨ ਵਜੋਂ ਹੋਏ ਪ੍ਰਚਾਰ ਦਾ ਇਕ ਨਤੀਜ਼ਾ ਸੀ, ਜਿਸਨੂੰ ਪੰਜਾਬ 'ਚ ਨਿਰਾਸ਼ ਨੌਜ਼ਵਾਨਾਂ ਦਾ ਸਮਰਥਨ ਮਿਲਿਆ ਸੀ, ਲੇਕਿਨ ਉਦੋਂ ਤੋਂ ਪਾਰਟੀ ਦੇ ਪ੍ਰਚਾਰ 'ਚ ਘਾਟ ਆਈ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਆਪਣਾ ਸਮਰਥਨ ਖੋਹ ਚੁੱਕੀ ਹੈ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਥੋਂ ਤੱਕ ਕਿ ਮਾਲਵਾ ਦੇ ਵੋਟਰ, ਜਿਨ੍ਹਾਂ ਨੂੰ ਕੁਝ ਵਿਸ਼ਲੇਸ਼ਕਾਂ ਨੇ ਆਸ ਨਾਲ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਆਪ ਦੀ ਸਫਲਤਾ ਦਾ ਅਧਾਰ ਦੱਸਣਾ ਸ਼ੁਰੂ ਕਰ ਦਿੱਤਾ ਸੀ, ਕੇਜਰੀਵਾਲ ਤੇ ਉਨ੍ਹਾਂ ਦੇ ਸਮਰਥਕਾਂ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ, ਜਿਨ੍ਹਾਂ ਦੇ ਬੇਈਮਾਨ ਇਰਾਦਿਆਂ ਦਾ ਸੂਬੇ ਅੰਦਰ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ। ਇਸੇ ਤਰ੍ਹਾਂ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮਜ਼ਬੂਤ ਅਧਾਰ ਵਾਲਾ ਦੱਸੇ ਜਾਂਦੇ ਲੰਬੀ 'ਚ ਉਨ੍ਹਾਂ ਨੂੰ ਚੁਣੌਤੀ ਦੇਣ ਵਾਲੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬੇ ਭਰ ਅੰਦਰ ਕਾਂਗਰਸ ਦੀ ਲਹਿਰ ਦੀਆਂ ਆ ਰਹੀਆਂ ਖਬਰਾਂ ਤੋਂ ਮਾਲਵਾ ਬਾਹਰ ਨਹੀਂ ਹੈ।
ਇਸ ਦੌਰਾਨ, ਚੋਣਾਂ ਦੇ ਦੌਰ 'ਚ ਕਾਂਗਰਸ ਨੂੰ ਮਿਲੀ ਸ਼ਾਨਦਾਰ ਹਿਮਾਇਤ ਦਾ ਜ਼ਿਕਰ ਕਰਦਿਆਂ, ਪੂਰੇ ਭਰੋਸੇ ਨਾਲ ਕੈਪਟਨ ਅਮਰਿੰਦਰ ਨੇ ਕਿਹਾ ਕਿ ਲੋਕ ਸ੍ਰੋਅਦ ਦੇ ਮਾਫੀਆ ਤੇ ਸੰਪ੍ਰਦਾਇਕ ਵਿਚਾਰਧਾਰਾ ਜਾਂ ਆਪ ਦੇ ਕੱਟਰਪੰਥੀ ਉਗਰਵਾਦ ਨੂੰ ਨਹੀਂ ਚਾਹੁੰਦੇ ਹਨ ਅਤੇ ਉਹ ਪੰਜਾਬ ਤੇ ਇਸਦੇ ਲੋਕਾਂ ਦਾ ਭਵਿੱਖ ਤੈਅ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਵੋਟ ਦਿੱਤੀ ਹੈ। ਅਜਿਹੇ 'ਚ ਪੰਜਾਬ ਬਦਲਾਅ ਕੰਢੇ ਖੜ੍ਹਾ ਹੈ, ਜਿਹੜਾ ਕਾਂਗਰਸ ਸੂਬੇ ਨੂੰ ਪ੍ਰਦਾਨ ਕਰੇਗੀ।