ਸੰਗਰੂਰ/ਅਮਰਗੜ੍ਹ, 30 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਅਗਵਾਈ ਨੂੰ ਉਨ੍ਹਾਂ ਦੀਆ ਅਪਰਾਧਿਕ ਗਤੀਵਿਧੀਆਂ ਲਈ ਖੁੱਡੇ ਲਗਾਉਂਦਿਆਂ, ਸੂਬੇ ਦੀਆਂ ਲੋਕਤਾਂਤਰਿਕ ਤੇ ਸਮਾਜਿਕ ਸੰਸਥਾਵਾਂ ਉਪਰ ਇਨ੍ਹਾਂ ਦੇ ਹਮਲੇ ਕਾਰਨ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਬਦਮਾਸ਼ਾਂ ਦੇ ਗਿਰੋਹ ਨੂੰ ਪੰਜਾਬ ਤੇ ਇਸਦੇ ਲੋਕਾਂ ਲਈ ਖਤਰਾ ਦੱਸਿਆ ਹੈ।
ਸੰਗਰੂਰ ਜ਼ਿਲ੍ਹੇ ਅੰਦਰ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿਥੇ ਕੇਜਰੀਵਾਲ ਇਕ ਕੇ.ਐਫ.ਸੀ ਕਮਾਂਡੋ ਦੇ ਘਰ 'ਚ ਰੁੱਕ ਕੇ ਆਪਣੀ ਉਗਰ ਵਿਚਾਰਧਾਰਾ ਨੂੰ ਪੇਸ਼ ਕਰ ਚੁੱਕੇ ਹਨ, ਉਥੇ ਹੀ ਹੋਰ ਆਪ ਆਗੂਆਂ ਨੇ ਆਪਣੇ ਅਸਲੀ ਰੰਗਾਂ ਨੂੰ ਦਿਖਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਦੇ ਦਿਲਾਂ 'ਚ ਸਿਰਫ ਇਨ੍ਹਾਂ ਦੇ ਵਿਅਕਤੀਗਤ ਹਿੱਤ ਲੁੱਕੇ ਹੋਏ ਹਨ।
ਇਸ ਲੜੀ ਹੇਠ ਭਗਵੰਤ ਮਾਨ ਤੇ ਗੁਰਪ੍ਰੀਤ ਘੁੱਗੀ (ਵੜੈਚ) ਸਮੇਤ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਉਪਰ ਹਮਲਾ ਬੋਲਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਆਗੂਆਂ ਦੇ ਲਾਲਚੀ ਤੇ ਬੇਸ਼ਰਮ ਝੁੰਡ ਨੇ ਵੱਖ ਵੱਖ ਮੰਚਾਂ 'ਤੇ ਗਲਤ ਕੰਮ ਕਰਨ ਦੀ ਆਪਣੀ ਆਦਤ ਰਾਹੀਂ ਪੂਰੀ ਸਿਆਸੀ ਜਮਾਤ ਨੂੰ ਸ਼ਰਮਸਾਰ ਕਰ ਦਿੱਤਾ ਹੈ, ਜਿਨ੍ਹਾਂ ਨੇ ਸੰਸਦ ਵਰਗੀ ਪਵਿੱਤਰ ਸੰਸਥਾ ਤੱਕ ਨੂੰ ਨਹੀਂ ਬਖਸ਼ਿਆ ਹੈ। ਜਿਸ 'ਤੇ, ਕੈਪਟਨ ਅਮਰਿੰਦਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਇਕ ਸ਼ਰਾਬੀ ਹੈ, ਤਾਂ ਦੂਜਾ ਝੂਠਾ ਹੈ ਅਤੇ ਤੀਜ਼ਾ ਘੁੱਗੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਝੂਠੇ ਵਾਅਦੇ ਕਰਨ ਦੀ ਆਦਤ ਰੱਖਣ ਵਾਲਿਆਂ ਦੇ ਰਾਜਾ ਹਨ ਅਤੇ ਆਪਣਾ ਸਾਫ ਅਕਸ ਪੇਸ਼ ਕਰਨ ਦੇ ਵਿਖਾਵਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਸੂਬੇ ਦੇ ਖਿਲਾਫ ਬੇਈਮਾਨ ਸੋਚ ਰੱਖਣ ਵਾਲੇ ਆਪ ਦੇ ਕੌਮੀ ਕਨਵੀਨਰ ਉਪਰ ਹਮਲਾ ਬੋਲਦਿਆਂ ਕਿਹਾ ਕਿ ਉਗਰ ਵਿਚਾਰਧਾਰਾ ਰੱਖਣ ਵਾਲੇ ਕੇਜਰੀਵਾਲ ਨੇ ਪੰਜਾਬ ਅੰਦਰ ਅੱਤਵਾਦ ਦੀ ਵਾਪਿਸੀ ਦਾ ਗੰਭੀਰ ਖਤਰਾ ਪੈਦਾ ਕਰ ਦਿੱਤਾ ਹੈ, ਜਿਹੜਾ ਹਾਲੇ ਤੱਕ ਇਸ ਤੋਂ ਪਹਿਲਾਂ ਦੇ ਅੱਤਵਾਦ ਦੇ ਬੁਰੇ ਨਤੀਜਿਆਂ ਤੋਂ ਬਾਹਰ ਨਿਕਲਣ 'ਚ ਸੰਘਰਸ਼ ਕਰ ਰਿਹਾ ਹੈ।
ਬਾਅਦ 'ਚ ਪੱਤਰਕਾਰਾਂ ਦੇ ਇਕ ਸਮੂਹ ਨਾਲ ਗੱਲਬਾਤ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਕਾਨੂੰਨ ਦਾ ਬੇਸ਼ਰਮੀ ਨਾਲ ਨਿਰਾਦਰ ਕਰਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਰਿਸ਼ਵਤ ਦੇ ਮੁੱਦੇ 'ਤੇ ਕੇਜਰੀਵਾਲ ਵੱਲੋਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਉਲੰਘਣ ਕਰਨ ਸਮੇਤ ਚੰਡੀਗੜ੍ਹ ਪ੍ਰੈਸ ਕਲੱਬ 'ਚ ਆਪ ਆਗੂ ਦਾ ਪਰਦਾਫਾਸ਼ ਕਰਨ ਪਹੁੰਚੇ ਇਕ ਆਰ.ਟੀ.ਆਈ ਵਰਕਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਤੋਂ ਬਾਅਦ, ਉਸਨੂੰ ਖੁਦ ਨੂੰ ਬਚਾਉਣ ਲਈ ਲੁੱਕਣ ਲਈ ਮਜ਼ਬੂਰ ਕਰਨ ਵਾਲੀ ਤਾਜ਼ਾ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਖ਼ਬਰਾਂ ਮੁਤਾਬਿਕ ਧਮਕੀ ਮਿੱਲਣ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਆਰ.ਟੀ.ਆਈ ਵਰਕਰ ਐਮ.ਕੇ ਠਾਕੁਰ ਨੂੰ ਸੁਰੱਖਿਆ ਜਗ੍ਹਾ ਭੇਜ ਦਿੱਤਾ ਗਿਆ। ਜਿਸਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਕ ਤੋਂ ਬਾਅਦ ਇਕ ਆਪ ਦੀ ਉਗਰ ਸੋਚ ਦਾ ਖੁਲਾਸਾ ਕਰਾਰ ਦਿੱਤਾ।
ਉਥੇ ਹੀ, ਲੋਕਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਹੇਠ ਪੂਰੀ ਪਾਰਟੀ ਅਪਰਧ ਤੇ ਭ੍ਰਿਸ਼ਟਾਚਾਰ ਦੇ ਸ਼ਿਕੰਜੇ 'ਚ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਵੜੈਚ ਇਕ ਘੁੱਗੀ ਦੀ ਤਰ੍ਹਾਂ, ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ 'ਚ ਲੱਗੇ ਹਨ, ਐਚ.ਐਸ. ਫੂਲਕਾ ਬੇਕਸੂਰ ਸਿੱਖਾਂ ਦੀ ਕੀਮਤ 'ਤੇ ਪੈਸੇ ਬਣਾ ਰਹੇ ਹਨ।
ਕੈਪਟਨ ਅਮਰਿੰਦਰ ਨੇ ਆਪ ਆਗੂ ਉਪਰ ਉਨ੍ਹਾਂ ਦੀ ਹੈਰਾਨੀਜਨਕ ਲਾਲਚ ਨੂੰ ਲੈ ਕੇ ਵਰ੍ਹਦਿਆਂ ਕਿਹਾ ਕਿ ਫੂਲਕਾ ਖੁਦ ਨੂੰ ਸਿੱਖ ਸਮੁਦਾਅ ਦੇ ਰਾਖਾ ਵਜੋਂ ਪੇਸ਼ ਕਰਦਿਆਂ, 1984 ਦੰਗਾ ਪੀੜਤਾਂ ਲਈ ਫ੍ਰੀ ਕੇਸ ਲੜਨ ਦਾ ਦਾਅਵਾ ਕਰ ਰਹੇ ਹਨ। ਜਦਕਿ ਅਸਲਿਅਤ 'ਚ ਉਹ ਇਸ ਲਈ ਵਿਦੇਸ਼ ਤੋਂ ਫੰਡ ਇਕੱਠੇ ਕਰ ਰਹੇ ਸਨ ਅਤੇ ਇਸ ਵਾਸਤੇ ਡੀ.ਜੀ.ਐਮ.ਸੀ ਤੋਂ ਪੈਸੇ ਵੀ ਲੈ ਰਹੇ ਸਨ।
ਇਸੇ ਤਰ੍ਹਾਂ, ਮਾਨ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਆਗੂ ਪਹਿਲਾਂ ਜਦੋਂ ਵੀ ਸੰਸਦ 'ਚ ਜਾਂਦੇ ਸਨ, ਉਨ੍ਹਾਂ ਤੋਂ ਸ਼ਰਾਬ ਦੀ ਬਦਬੂ ਆਉਂਦੀ ਸੀ। ਇਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਸ਼ਰਾਬੀ ਵਤੀਰੇ ਨਾਲ ਅੰਤਿਮ ਸੰਸਕਾਰ ਵਰਗੇ ਦੁਖਦ ਮੌਕੇ ਨੂੰ ਵੀ ਨਹੀਂ ਬਖਸ਼ਿਆ ਸੀ ਅਤੇ ਉਹ ਪੰਜਾਬ ਦੀ ਸਿਆਸਤ 'ਤੇ ਇਕ ਦਾਗ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੂਰੀ ਆਪ ਅਗਵਾਈ ਪੰਜਾਬ ਦੇ ਲੋਕਾਂ ਨੂੰ ਸਜ਼ਾ ਦੇਣ 'ਤੇ ਤੁਲੀ ਹੋਈ ਹੈ। ਜਿਸ 'ਤੇ, ਉਨ੍ਹਾਂ ਨੇ ਵੋਟਰਾਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਅਤੇ ਇਨ੍ਹਾਂ ਦੇ ਹੱਥਾਂ 'ਚ ਖੇਡ ਕੇ ਆਪਣੇ ਭਵਿੱਖ ਨੂੰ ਦਾਅ 'ਤੇ ਨਾ ਲਗਾਉਣ ਦੀ ਅਪੀਲ ਕੀਤੀ ਹੈ।