ਕੋਟਕਪੂਰਾ, 29 ਜਨਵਰੀ, 2017 : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਆ ਹੈ ਕਿ ਉਹ ਫਰੀਦਕੋਟ ਜ਼ਿਲ੍ਹੇ 'ਚ ਬਹਿਬਲ ਕਲਾਂ ਵਿਖੇ ਹੋਏ ਬੇਅਦਬੀ ਕਾਂਡ ਦੀ ਤੁਰੰਤ ਜਾਂਚ ਲਈ ਸੀਬੀਆਈ ਨੂੰ ਹੁਕਮ ਦੇਣ ਅਤੇ ਇਸ ਘਿਨੌਣੇ ਅਪਰਾਧ ਦੇ ਦੋਸ਼ੀਆਂ ਦਾ ਪਰਦਾਫਾਸ਼ ਕਰਕੇ ਉਹਨਾਂ ਨੂੰ ਸਜ਼ਾ ਦੇਣ।
ਇੱਥੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਆਪ ਦੇ ਪੰਜਾਬ ਵਿਚ ਵੜਣ ਮਗਰੋਂ ਇੱਥੇ ਬੇਅਦਬੀ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬੇਅਦਬੀ ਦੇ ਲਗਭਗ 30 ਮਾਮਲਿਆਂ ਨੂੰ ਸੁਲਝਾ ਚੁੱਕੀ ਹੈ। ਸਿਰਫ ਬਹਿਬਲ ਕਲਾਂ ਵਾਲਾ ਮਾਮਲਾ ਨਹੀਂ ਸੁਲਝਿਆ। ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਮਾਮਲੇ ਦੀ ਫੌਰੀ ਜਾਂਚ ਕਰਵਾਉਣ।
ਸ਼ ਬਾਦਲ ਨੇ ਕਿਹਾ ਕਿ ਆਪ ਕਨਵੀਨਰ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਇਸ ਹੱਦ ਤੱਕ ਤੁਲਿਆ ਹੋਇਆ ਹੈ ਕਿ ਉਹ ਪਿਛਲੀ ਰਾਤ ਮੋਗਾ ਵਿਖੇ ਖਾਲਿਸਤਾਨ ਕਮਾਂਡੋ ਫੋਰਸ ਦੇ ਆਗੂ ਗੁਰਿੰਦਰ ਸਿੰਘ ਦੇ ਘਰ ਠਹਿਰਿਆ ਹੋਇਆ ਸੀ। ਉਹਨਾਂ ਕਿਹਾ ਕਿ ਗੁਰਿੰਦਰ ਸਿੰਘ ਇੱਕ ਪੁਜਾਰੀ ਦੇ ਕਤਲ ਲਈ ਜਿੰਮੇਵਾਰ ਸੀ। ਉਸ ਨੇ ਮੰਦਿਰਾਂ ਵਿਚ ਗਊਆਂ ਦੀਆਂ ਪੂਛਾਂ ਸੁੱਟ ਕੇ ਫਿਰਕੂ ਨਫਰਤ ਫੈਲਾਈ ਸੀ।
ਬੇਅਦਬੀ ਬਾਰੇ ਬੋਲਦਿਆਂ ਸ਼ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਤੋਪਾਂ ਅਤੇ ਟੈਂਕ ਵਾੜ ਕੇ ਸਭ ਤੋਂ ਵੱਡੀ ਬੇਅਦਬੀ ਕੀਤੀ ਸੀ। ਉਹਨਾਂ ਕਿਹਾ ਕਿ ਆਪ ਵੀ ਘੱਟ ਨਹੀਂ ਹੈ। ਆਪ ਸਰਕਾਰ ਨੇ ਦਿੱਲੀ ਵਿਚ ਗੁਰਦੁਆਰਾ ਸੀਸ ਗੰਜ ਵਿਖੇ ਇਤਿਹਾਸਕ 'ਪਿਆਊ' ਨੂੰ ਬੁਲਡੋਜ਼ਰ ਨਾਲ ਤੁੜਵਾ ਦਿਤਾ ਸੀ। ਇਸ ਤੋਂ ਇਲਾਵਾ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਪਣੇ ਚੋਣ ਮਨੋਰਥ ਪੱਤਰ ਨਾਲ ਤੁਲਨਾ ਕਰਕੇ ਪਵਿੱਤਰ ਗ੍ਰੰਥ ਦਾ ਅਪਮਾਨ ਕੀਤਾ ਸੀ।
ਦੇਸ਼ ਨੂੰ ਇਕ ਮਜ਼ਬੂਤ ਪ੍ਰਧਾਨ ਮੰਤਰੀ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਸ਼ ਬਾਦਲ ਨੇ ਕਿਹਾ ਕਿ ਇੱਥੋਂ ਤਕ ਕਿ ਹੁਣ ਪਾਕਿਸਤਾਨ ਵੀ ਕੋਈ ਸ਼ਰਾਰਤ ਕਰਨ ਤੋਂ ਕੰਬਦਾ ਹੈ। ਉਹਨਾਂ ਕਿਹਾ ਕਿ ਐਨਡੀਏ ਸਰਕਾਰ ਨੇ ਪੰਜਾਬ ਨੂੰ ਸੜਕੀ ਨੈਟਵਰਕ ਲਈ ਭਾਰੀ ਗਰਾਂਟ ਤੋਂ ਇਲਾਵਾ ਏਮਜ਼ ਅਤੇ ਆਈਆਈਐਮ ਵਰਗੇ ਵੱਕਾਰੀ ਸੰਸਥਾਵਾਂ ਦਿੱਤੀਆਂ ਹਨ।
ਇਸ ਮੌਕੇ ਉੱਤੇ ਬੋਲਦਿਆਂ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਸੂਬੇ ਵਿਚੋਂ ਬਾਹਰ ਲਿਜਾਣ ਲਈ ਕਾਂਗਰਸ ਜਿੰਮੇਵਾਰ ਸੀ। ਹੁਣ ਕਾਂਗਰਸ ਅਤੇ ਆਪ ਦੋਵੇਂ ਮਿਲ ਕੇ ਪੰਜਾਬ ਕੋਲ ਬਚਿਆ ਅੱਧਾ ਪਾਣੀ ਵੀ ਬਾਹਰ ਲੈ ਕੇ ਜਾਣਾ ਚਾਹੁੰਦੀਆਂ ਹਨ।
ਉਹਨਾਂ ਕਿਹਾ ਕਿ ਜਿੱਥੋਂ ਤਕ ਅਕਾਲੀ-ਭਾਜਪਾ ਸਰਕਾਰ ਦਾ ਸੰਬੰਧ ਹੈ, ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਆਈ ਹੈ। ਅਸੀਂ ਸ੍ਰੀ ਦਰਬਾਰ ਸਾਹਿਬ ਦੇ ਗਲਿਆਰਿਆਂ ਦਾ ਸੁੰਦਰੀਕਰਨ ਕੀਤਾ ਹੈ ਤਾਂ ਕੁਰਾਲਗੜ੍ਹ ਵਿਖੇ ਰਾਮ ਤੀਰਥ ਸਥਲ ਅਤੇ ਗੁਰੂ ਰਵੀਦਾਸ ਮੰਦਿਰ ਦਾ ਵੀ ਸੁੰਦਰੀਕਰਨ ਕੀਤਾ ਹੈ। ਅਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਤੀਰਥ ਯਾਤਰਾ ਕਰਵਾਉਣ ਲਈ ਇੱਕ ਨਿਵੇਕਲੀ ਸਕੀਮ ਚਲਾਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਐਨਡੀਏ ਸਰਕਾਰ ਤਹਿਤ ਪੰਜਾਬ ਨੂੰ ਕੇਂਦਰ ਤੋਂ ਮਿਲਣ ਵਾਲੇ ਫੰਡ 32 ਫੀਸਦੀ ਤੋਂ ਵਧ ਕੇ 42 ਫੀਸਦੀ ਹੋ ਗਏ ਹਨ। ਉਹਨਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਜਰੂਰੀ ਹੁੰਦਾ ਹੈ ਕਿ ਸੂਬੇ ਅਤੇ ਕੇਂਦਰ ਵਿਚ ਇੱਕੋ ਪਾਰਟੀ ਦੀ ਸਰਕਾਰ ਹੋਵੇ।
ਇਸ ਮੌਕੇ ਉੱਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪ ਵੱਲੋਂ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਖਿਲਾਫ ਸ਼ੁਰੂ ਕੀਤੀ ਮਾਣਹਾਨੀ ਮੁਹਿੰਮ ਦੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ ਹਮੇਸ਼ਾਂ ਹੀ ਨਿਰਸੁਆਰਥ ਹੋ ਕੇ ਪੰਜਾਬੀਆਂ ਲਈ ਕੰਮ ਕੀਤਾ ਹੈ। ਉਹ ਪੰਜਾਬ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੇ ਚੈਂਪੀਅਨ ਵਜੋਂ ਜਾਣੇ ਜਾਂਦੇ ਹਨ।
ਇਸ ਮੌਕੇ ਰੈਲੀ ਵਿਚ ਮੌਜੂਦ ਬਾਕੀ ਸਿਆਸੀ ਹਸਤੀਆਂ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ੋਕ ਸਾਂਪਲਾ, ਅਕਾਲੀ ਆਗੂ ਜਥੇਦਾਰ ਤੋਤਾ ਸਿੰਘ, ਮੋਗਾ ਤੋਂ ਅਕਾਲੀ-ਭਾਜਪਾ ਉਮੀਦਵਾਰ ਸ਼ ਬਰਜਿੰਦਰ ਸਿੰਘ ਬਰਾੜ, ਕੋਟਕਪੂਰਾ ਤੋਂ ਅਕਾਲੀ-ਭਾਜਪਾ ਉਮੀਦਵਾਰ ਸ਼ ਮੰਤਾਰ ਸਿੰਘ ਬਰਾੜ, ਫਰੀਦਕੋਟ ਤੋਂ ਅਕਾਲੀ-ਭਾਜਪਾ ਉਮੀਦਵਾਰ ਸ਼ ਪਰਮਬੰਸ ਸਿੰਘ ਰੋਮਾਣਾ, ਬਾਘਾ ਪੁਰਾਣਾ ਤੋਂ ਅਕਾਲੀ-ਭਾਜਪਾ ਉਮੀਦਵਾਰ ਸ਼ ਤੀਰਥ ਸਿੰਘ ਮਾਹਲਾ, ਨਿਹਾਲ ਸਿੰਘ ਵਾਲਾ ਤੋਂ ਅਕਾਲੀ-ਭਾਜਪਾ ਉਮੀਦਵਾਰ ਐਸਆਰ ਕਲੇਰ, ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਸਰੂਪ ਚੰਦ ਸਿੰਗਲਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ-ਭਾਜਪਾ ਉਮੀਦਵਾਰ ਸ਼ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸ਼ਾਮਿਲ ਸਨ।