ਪਿੰਡ ਸਾਰੋਂ ਵਿਖੇ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਬਾਬੂ ਪ੍ਰਕਾਸ਼ ਚੰਦ ਗਰਗ
ਸੰਗਰੂਰ, 29 ਜਨਵਰੀ, 2017 : ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ ਹੁਣ ਤੱਕ ਲੋਕਾਂ ਨਾਲ ਜੋ ਵੀ ਵਾਅਦਾ ਕੀਤਾ, ਉਸ ਨੂੰ ਨਿਭਾਇਆ ਗਿਆ ਹੈ ਅਤੇ ਜੋ ਹੁਣ ਵਾਅਦੇ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਵੀ ਨਿਭਾਇਆ ਜਾਵੇਗਾ। ਅਕਾਲੀ-ਭਾਜਪਾ ਗਠਜੋੜ ਦਾ ਉਦੇਸ਼ ਹੀ ਸਿਰਫ ਲੋਕਾਂ ਦੀ ਭਲਾਈ ਕਰਨਾ ਅਤੇ ਉਨ੍ਹੇ ਕੁ ਹੀ ਵਾਅਦੇ ਕੀਤੇ ਜਾਂਦੇ ਹਨ, ਜੋ ਨਿਭਾਏ ਜਾ ਸਕਣ। ਅਕਾਲੀ-ਭਾਜਪਾ ਗਠਜੋੜ ਦੀ ਕਹਿਣੀ ਅਤੇ ਕਰਨੀ ਇੱਕ ਸਾਮਾਨ ਹੈ। ਵਿਰੋਧੀ ਪਾਰਟੀਆਂ ਦੀ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾਂਦਾ। ਇਸੇ ਕਰਕੇ ਹਰ ਵਰਗ ਦੇ ਲੋਕ ਅਕਾਲੀ-ਭਾਜਪਾ ਗਠਜੋੜ ਨਾਲ ਚੱਟਾਨ ਵਾਂਗ ਖੜ੍ਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਪਿੰਡ ਸਾਰੋਂ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸ਼੍ਰੀ ਗਰਗ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ 1 ਕਰੋੜ 40 ਲੱਖ ਲੋਕ ਆਟਾ-ਦਾਲ ਸਕੀਮ ਦਾ ਲਾਭ ਲੈ ਰਹੇ ਹਨ। ਅਕਾਲੀ-ਭਾਜਪਾ ਦੀ ਮੁੜ ਸਰਕਾਰ ਬਣਾਉਣ 'ਤੇ ਅੰਕੜਾ ਹੋਰ ਵੀ ਵੱਧ ਜਾਵੇਗਾ। ਇਸਦੇ ਨਾਲ ਹੀ ਲੋਕਾਂ ਨੂੰ ਸਸਤੀ ਚੀਨੀ ਅਤੇ ਘਿਓ ਵੀ ਦਿੱਤਾ ਜਾਵੇਗਾ। ਮੁਫਤ ਪ੍ਰੈੱਸ਼ਰ ਕੁੱਕਰ ਅਤੇ ਗੈਸ ਚੁਲ੍ਹੇ ਵੀ ਮੁਫਤ ਦਿੱਤੇ ਜਾਣਗੇ। ਹਰ ਤਰ੍ਹਾਂ ਦੀ ਭਲਾਈ ਪੈਨਸ਼ਨ 500 ਰੁਪਏ ਤੋਂ ਵਧਾ ਕੇ 2000 ਰੁਪਏ ਕੀਤੀ ਜਾਵੇਗੀ। ਢਾਈ ਏਕੜ ਜਮੀਨ ਵਾਲੇ ਕਿਸਾਨਾਂ ਦੇ ਸਹਿਕਾਰੀ ਕਰਜੇ ਮਾਫ ਕੀਤੇ ਜਾਣਗੇ। ਹਰੇਕ ਕਿਸਾਨ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤਾ ਜਾਵੇਗਾ। 10ਵੀਂ ਪਾਸ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ ਅਤੇ 50 ਹਜਾਰ ਨੌਜਵਾਨਾਂ ਨੂੰ ਰੁਜਗਾਰ ਚਲਾਉਣ ਲਈ ਟੈਕਸੀਆਂ ਦਿੱਤੀਆਂ ਜਾਣਗੀਆਂ। ਇੱਥੇ ਹੀ ਬਸ ਨਹੀਂ, ਬੇਘਰਿਆ ਨੂੰ ਘਰ, ਕੱਚੇ ਮਕਾਨਾਂ ਵਾਲਿਆਂ ਨੂੰ ਮਕਾਨ ਪੱਕੇ ਕਰਨ ਲਈ ਗ੍ਰਾਂਟ, ਮੁਫਤ ਗੈਸ ਕੁਨੈਕਸ਼ਨ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਹਰ ਵਰਗ ਦੇ ਲੋਕਾਂ ਦਾ ਸਮੂਹ ਹੈ ਅਤੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਅਕਾਲੀ-ਭਾਜਪਾ ਗਠਜੋੜ ਨੂੰ ਸਾਥ ਦਿਓ ਅਤੇ ਗੁੰਮਰਾਹ ਕਰਨ ਵਾਲੇ ਆਪ ਤੇ ਕਾਂਗਰਸੀਆਂ ਦੇ ਟੋਲਿਆਂ ਤੋਂ ਸੁਚੇਤ ਰਹੋ।
ਇਸ ਮੌਕੇ ਰਣਧੀਰ ਸਿੰਘ ਕਾਕਾ ਸਾਰੋਂ, ਸੁਰਜੀਤ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਫੌਜੀ, ਕਾਲਾ ਸਿੰਘ, ਮਲਕੀਤ ਸਿੰਘ ਚੰਗਾਲ, ਬਲਜੀਤ ਸਿੰਘ ਰੂਪਾਹੇੜੀ, ਮਿੰਟਾ ਰੂਪਾਹੇੜੀ, ਅਮਨ ਵਿਰਕ, ਡਾ. ਸੁਖਚੈਨ ਸਿੰਘ ਸਾਰੋਂ, ਕਾਲਾ ਸਿੰਘ ਸਾਰੋਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਿਰ ਸਨ।