ਪਿੰਡ ਕਾਕੜਾ ਵਿਖੇ ਬਾਬੂ ਪ੍ਰਕਾਸ਼ ਚੰਦ ਗਰਗ ਦੀ ਮੌਜੂਦਗੀ ਵਿੱਚ ਹੋਏ ਵਿਸ਼ਾਲ ਇਕੱਠ ਦੀ ਤਸਵੀਰ
ਸੰਗਰੂਰ, 29 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗ ਦੀ ਚੋਣ ਮੁਹਿੰਮ ਨੂੰ ਅੱਜ ਪਿੰਡ ਨਦਾਮਪੁਰ, ਹਰਦਿੱਤਪੁਰਾ ਅਤੇ ਕਾਕੜਾ ਵਿਖੇ ਹੋਈਆਂ ਚੋਣ ਮੀਟਿੰਗਾਂ ਦੌਰਾਨ ਭਰਵਾਂ ਹੁੰਗਾਰਾ ਮਿਲਿਆ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਸ਼੍ਰੀ ਗਰਗ ਨੂੰ ਡੱਟਵੀਂ ਹਿਮਾਇਤ ਕਰਨ ਦਾ ਭਰੋਸਾ ਦੁਆਇਆ ਅਤੇ ਹਲਕੇ ਦੇ ਪਿੰਡਾਂ ਵਿੱਚ ਕਰਵਾਏ ਗਏ ਰਿਕਾਰਡਤੋੜ ਵਿਕਾਸ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਗਰਗ ਨੇ ਕਿਹਾ ਕਿ ਚੋਣ ਜਾਬਤਾ ਲੱਗਣ ਕਰਕੇ ਕੁਝ ਸਮੇਂ ਲਈ ਵਿਕਾਸ ਕੰਮਾਂ ਨੂੰ ਵਿਰਾਮ ਲੱਗਿਆ ਹੈ। ਚੋਣਾਂ ਉਪਰੰਤ ਅਕਾਲੀ-ਭਾਜਪਾ ਸਰਕਾਰ ਬਣਦਿਆਂ ਹੀ ਵਿਕਾਸ ਦੇ ਕੰਮ ਫੇਰੀ ਤੇਜੀ ਨਾਲ ਚੱਲ ਪੈਣਗੇ। ਉਨ੍ਹਾਂ ਕਿਹਾ ਕਿ ਅਣਥਕ ਮਿਹਨਤ ਕਰਕੇ ਹਲਕਾ ਸੰਗਰੂਰ ਅਤੇ ਸੂਬੇ ਨੂੰ ਬਹੁਤ ਮੁਸ਼ਕਿਲ ਨਾਲ ਵਿਕਾਸ ਦੀ ਪੱਟੜੀ 'ਤੇ ਲਿਆਂਦਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਅਮਨ-ਸ਼ਾਂਤੀ ਤੇ ਖੁਸ਼ਹਾਲੀ ਨੂੰ ਬਰਕਰਾਰ ਰੱਖਣ ਲਈ ਅਕਾਲੀ-ਭਾਜਪਾ ਗਠਜੋੜ ਦਾ ਸਾਥ ਦਿਓ। ਇਸਦੇ ਨਾਲ ਹੀ ਹੁਣ ਵੋਟਾਂ ਵੇਲੇ ਗਲੀ-ਗਲੀ ਘੁੰਮ ਕੇ ਗੁੰਮਰਾਹਕੁੰਮ ਪ੍ਰਚਾਰ ਕਰਨ ਵਾਲਿਆਂ ਕਾਂਗਰਸੀਆਂ ਅਤੇ ਆਪ ਵਾਲਿਆਂ ਤੋਂ ਸੁਚੇਤ ਰਹੋ, ਕਿਉਂਕਿ ਇਹ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਖੁਸ਼ਹਾਲ ਰਹੇ। ਇਨ੍ਹਾਂ ਪਾਰਟੀਆਂ ਦਾ ਇੱਕੋ- ਇੱਕ ਮਕਸਦ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਅਤੇ ਝੂਠੇ ਦਾਅਵੇ ਤੇ ਵਾਅਦੇ ਕਰਕੇ ਸੱਤਾ ਹਾਸਿਲ ਕਰਨਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਤਰਸਯੋਗ ਹਾਲਾਤਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੇ ਰਾਜ ਦਾ ਅੰਦਾਜਾ ਲਾਇਆ ਜਾ ਸਕਦਾ ਹੈ, ਜਿੱਥੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪ ਕੇ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ, ਜਦੋਂਕਿ ਕਾਂਗਰਸ ਘਪਲੇ, ਘੋਟਾਲੇ ਅਤੇ ਗੁੰਡਿਆਂ ਦੀ ਮਾਂ ਪਾਰਟੀ ਹੈ, ਜਿਸ ਬਾਰੇ ਪੰਜਾਬ ਦੇ ਲੋਕ ਹੀ ਨਹੀਂ ਪੂਰੇ ਦੇਸ਼ ਦੇ ਲੋਕ ਜਾਣਦੇ ਹਨ, ਜਿਸ ਕਾਰਨ ਕਾਂਗਰਸ ਪਾਰਟੀ ਨੂੰ ਪੂਰਾ ਦੇਸ਼ ਬਹੁਤ ਪਹਿਲਾਂ ਹੀ ਨਕਾਰ ਚੁੱਕਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਬਣਦੇ ਹੀ ਸਾਰੇ ਵਰਗਾਂ ਦੇ ਲੋਕ ਖੁਸ਼ਹਾਲ ਹੋ ਜਾਣਗੇ। ਪੰਜਾਬ ਸਰਕਾਰ ਵੱਲੋਂ ਅਨੇਕਾਂ ਲੋਕ ਭਲਾਈ ਯੋਜਨਾਵਾਂ ਪਲਾਨ ਕੀਤੀਆਂ ਗਈਆਂ ਹਨ, ਜਿਸ ਨਾਲ ਆਉਣ ਵਾਲੇ ਪੰਜ ਸਾਲਾਂ ਵਿੱਚ ਪੰਜਾਬ ਪੂਰੇ ਦੇਸ਼ ਦੇ ਸੂਬਿਆਂ ਨਾਲੋਂ ਖੁਸ਼ਹਾਲ ਸੂਬਾ ਬਣ ਜਾਵੇਗਾ।
ਇਸ ਮੌਕੇ ਪ੍ਰਿਤਪਾਲ ਸਿੰਘ ਕਾਕੜਾ, ਰਵਜਿੰਦਰ ਸਿੰਘ ਕਾਕੜਾ, ਕੁਲਵੰਤ ਸਿੰਘ ਜੌਲੀਆਂ, ਰੁਪਿੰਦਰ ਸਿੰਘ ਰੰਧਾਵਾ, ਇੰਦਰਜੀਤ ਸਿੰਘ ਤੂਰ, ਬੀਟਾ ਪ੍ਰਧਾਨ, ਹਰਜੀਤ ਸਿੰਘ, ਗੁਰਤੇਜ ਸਿੰਘ ਝਨੇੜੀ, ਨਿਹਾਲ ਸਿੰਘ ਨੰਦਗੜ੍ਹ, ਅਜਾਇਬ ਸਿੰਘ ਗਹਿਲਾਂ, ਹਰਵਿੰਦਰ ਸਿੰਘ ਕਾਕੜਾ, ਹਰਦਮ ਸਿੰਘ, ਰਣਜੀਤ ਸਿੰਘ ਵੀ ਹਾਜਿਰ ਸਨ।