ਵੱਖ-ਵੱਖ ਪਿੰਡਾਂ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਕਾਫਲੇ ਨੂੰ ਮਿਲਿਆ ਭਰਵਾਂ ਹੁੰਗਾਰਾ
ਜਲੰਧਰ/ਚੰਡੀਗੜ੍ਹ, 28 ਜਨਵਰੀ, 2017 : ਆਪਣੇ ਇੱਕ ਹੱਥ ਵਿੱਚ ਝਾੜੂ ਅਤੇ ਦੂਜੇ ਹੱਥ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਫੜ ਕੇ ਹਜਾਰਾਂ ਪ੍ਰਵਾਸੀ ਪੰਜਾਬੀਆਂ ਨੇ ਅੱਜ ਜਲੰਧਰ ਨਾਲ ਲਗਦੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਜੋਰਦਾਰ ਚੋਣ ਪ੍ਰਚਾਰ ਕੀਤਾ, ਤਾਂ ਜੋ ਉਹ ਬਾਦਲਾਂ ਦੇ ਭ੍ਰਿਸ਼ਟ ਸਾਸ਼ਨ ਤੋਂ ਪੰਜਾਬ ਦੇ ਲੋਕਾਂ ਨੂੰ ਆਜਾਦ ਕਰਵਾ ਸਕਣ।
ਚਲੋ ਪੰਜਾਬ ਐਨਆਰਆਈ ਰੈਲੀ ਦੇ ਬੈਨਰ ਹੇਠ ਪ੍ਰਵਾਸੀਆਂ ਨਾਲ ਭਰੇ ਹੋਏ 300 ਤੋਂ ਜਿਆਦਾ ਵਾਹਨਾਂ ਦਾ ਕਾਫਿਲਾ ਜਲੰਧਰ ਦੇ ਭਗਵਾਨ ਰਵੀ ਦਾਸ ਚੌਕ ਤੋਂ ਸ਼ੁਰੂ ਹੋਇਆ ਅਤੇ ਐਨਆਰਆਈ ਬਹੁਤਾਤ ਵਾਲੇ ਹਲਕੇ ਨਕੋਦਰ ਵੱਲ ਵਧਿਆ। ਰਾਸਤੇ ਵਿੱਚ ਲੋਕ ਇਹ ਵੇਖ ਕੇ ਬਹੁਤ ਹੈਰਾਨ ਹੋਏ ਕਿ ਐਨੀ ਵੱਡੀ ਗਿਣਤੀ ਵਿੱਚ ਐਨਆਰਆਈ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਿੱਚ ਲੱਗੇ ਹੋਏ ਹਨ। ਉਨਾਂ ਵੱਲੋਂ ਨਾਅਰੇ ਲਗਾਏ ਜਾ ਰਹੇ ਸਨ “ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਓ, ਬਾਦਲਾਂ ਨੂੰ ਸਬਕ ਸਿਖਾ ਦਿਓ ਪੰਜਾਬੀਓ”।
ਪ੍ਰਵਾਸੀ ਪੰਜਾਬੀਆਂ ਦਾ ਇਹ ਕਾਫਿਲਾ ਜਲੰਧਰ ਜਿਲੇ ਦੇ ਸੱਤ ਵਿਧਾਨ ਸਭਾ ਹਲਕਿਆਂ ਵਿੱਚੋਂ ਗੁਜਰਿਆ, ਜਿੱਥੇ ਕਿ ਲੋਕਾਂ ਵੱਲੋਂ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਜੋਬਨ ਰੰਧਾਵਾ (ਚਲੋ ਪੰਜਾਬ ਲਹਿਰ ਦੇ ਮੋਢੀ), ਸੁਸ਼ਮਾ ਹਾਂਡਾ (ਕੌਮੀ ਸਕੱਤਰ, ਆਪ ਕੈਨੇਡਾ) ਅਤੇ ਸਤਿਬੀਰ ਬਰਾੜ (ਆਉਟਰੀਚ ਕਨਵੀਨਰ, ਆਪ ਯੂਐਸਏ) ਵੱਲੋਂ ਚੋਣ ਪ੍ਰਚਾਰ ਦੀ ਅਗਵਾਈ ਕੀਤੀ ਜਾ ਰਹੀ ਸੀ।
ਜਿਵੇਂ ਹੀ ਕਾਫਿਲਾ ਨੋਕਦਰ ਪਹੁੰਚਿਆ, ਸਾਰੇ ਪ੍ਰਵਾਸੀ ਪੰਜਾਬੀ ਆਪਣੇ ਵਾਹਨਾਂ ਉਤੋਂ ਥੱਲੇ ਉਤਰ ਗਏ ਅਤੇ ਉਨਾਂ ਨੇ ਆਮ ਆਦਮੀ ਪਾਰਟੀ ਦੇ ਗੀਤ ਦੀਆਂ ਧੁੰਨਾਂ ਉਤੇ ਨੱਚਣਾ ਸ਼ੁਰੂ ਕਰ ਦਿੱਤਾ।
ਕਾਫਿਲੇ ਵਿੱਚ ਹੋਰ ਪ੍ਰਵਾਸੀ ਅਹਿਮ ਹਸਤੀਆਂ ਚ ਸੁਰਿੰਦਰ ਮਾਵੀ, ਜੋਧਬੀਰ ਜੋਧਾ, ਜਗਤਾਰ ਸੰਘੇੜਾ (ਆਪ ਦੇ ਐਨਆਰਆਈ ਕਨਵੀਨਰ) ਪ੍ਰੀਤੀ ਮੈਨਨ (ਕੋ-ਕਨਵੀਨਰ, ਆਪ ਓਵਰਸੀਜ) ਅਤੇ ਅਮਰੀਕਾ ਤੋਂ ਅਮ੍ਰਿਤਪਾਲ ਸਿੰਘ ਅਤੇ ਮਨਜਿੰਦਰ ਸਿੰਘ ਮੌਜੂਦ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੁਰਿੰਦਰ ਮਾਵੀ ਨੇ ਕਿਹਾ ਕਿ ਉਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਇਤਿਹਾਸ ਵਿੱਚ ਐਨਆਰਆਈ ਰੈਲੀ ਦਾ ਹਿੱਸਾ ਬਣੇ ਹਨ। ਵੱਡੀ ਗਿਣਤੀ ਵਿੱਚ ਐਨਆਰਆਈ ਪੰਜਾਬ ਨੂੰ ਬਚਾਉਣ ਲਈ ਆਏ ਹਨ ਅਤੇ ਉਹ ਉਨਾਂ ਦੇ ਨਾਲ ਹਨ।
ਇੱਕ ਹੋਰ ਐਨਆਰਆਈ ਸਤਬੀਰ ਸਿੰਘ ਬਰਾੜ, ਜੋ ਕਿ ਚੋਣ ਪ੍ਰਚਾਰ ਦੀ ਅਗਵਾਈ ਕਰ ਰਹੇ ਸਨ, ਨੇ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸਨ, ਪਰ ਇਸ ਦੇ ਬਾਵਜੂਦ ਪ੍ਰਵਾਸੀ ਪੰਜਾਬੀਆਂ ਨੇ ਵਿਖਾ ਦਿੱਤਾ ਕਿ ਉਹ ਪੰਜਾਬ ਦੇ ਅਸਲੀ ਸ਼ੇਰ ਹਨ।
ਇਸ ਮੌਕੇ ਜੋਬਨ ਰੰਧਾਵਾ ਨੇ ਕਿਹਾ ਕਿ ਚਲੋ ਪੰਜਾਬ ਮੁਹਿਮ ਹੁਣ ਘਰੇਲੂ ਐਨਆਰਆਈ ਕ੍ਰਾਂਤੀ ਬਣ ਚੁੱਕੀ ਹੈ। ਉਨਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਇਹ ਸਾਫ ਹੈ ਕਿ ਆਮ ਆਦਮੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ 100 ਤੋਂ ਜਿਆਦਾ ਸੀਟਾਂ ਹਾਸਿਲ ਕਰੇਗੀ।
ਉਨਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਣ ਅਤੇ ਕਾਂਗਰਸ ਨੂੰ ਪੰਜਾਬ ਦੀ ਸੱਤਾ ਉਤੇ ਕਾਬਿਜ ਹੋਣ ਤੋਂ ਰੋਕਣ ਦਾ ਮਨ ਬਣਾ ਚੁੱਕੇ ਹਨ।