ਜਲੰਧਰ, 27 ਜਨਵਰੀ, 2017 : ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ਵਿਚ ਪੈਦੇ ਵੱਖ ਵੱਖ ਸ਼ਰਾਬ ਦੇ ਠੇਕਿਆਂ ਤੇ ਅੱਜ ਦੇਰ ਸ਼ਾਮ ਅਚਨਚੇਤ ਛਾਪੇਮਾਰੀ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕਮਲ ਕਿਸ਼ੋਰ ਯਾਦਵ ਦੀ ਹਦਾਇਤਾਂ ਤੇ ਜ਼ਿਲ੍ਹੇ ਭਰ ਵਿਚ ਵਧੀਕ ਡਿਪਟੀ ਕਮਿਸ਼ਨਰਾਂ,ਏ ਡੀ ਸੀ ਪੀਜ਼,ਕਰ ਤੇ ਆਬਾਕਾਰੀ ਅਧਿਕਾਰੀਆਂ ਅਤੇ ਉਡਣ ਦਸਤਿਆਂ ਦੀਆਂ 30 ਤੋ਼ ਵੱਧ ਟੀਮਾਂ ਵਲੋਂ ਇਕੋ ਸਮੇਂ ਛਾਪੇਮਾਰੀ ਸ਼ੁਰੂੁ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਅਤੇ ਪੁਲਿਸ ਅਧਿਕਾਰੀ ਸ੍ਰੀ ਜਗਮੋਹਨ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਬੱਸ ਸਟੈਂਡ ਨੇੜਲੇ ਠੇਕਿਆਂ ਦੀ ਜਾਂਚ ਕਰਕੇ ਸਟਾਕ ਚੈੱਕ ਕਰਨ ਤੋਂ ਇਲਾਵਾ ਪੁਰਾਣੇ ਸਟਾਕ ਆਦਿ ਦੀ ਜਾਂਚ ਕੀਤੀ ਗਈ।ਇਸੇ ਤਰ੍ਹਾ ਵਧੀਕ ਡਿਪਟੀ ਕਮਿਸ਼ਨਰ ਸ ਗੁਰਮੀਤ ਸਿੰਘ ਅਤੇ ਏ ਡੀ ਸੀ ਪੀ ਸ ਜਸਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਪਠਾਨਕੋਟ ਚੌਕ ਵਿਖੇ ਠੇਕਿਆਂ ਦੀ ਜਾਂਚ ਕੀਤੀ ਗਈ।ਟੀਮ ਵਲੋਂ ਠੇਕਿਆਂ ਦੇ ਸਟਾਕ ਰਜਿਸਟਰਾਂ ਅਤੇ ਵੇਚੀ ਗਈ ਸ਼ਰਾਬ ਦੀ ਮਾਤਰਾ ਦਾ ਮਿਲਾਣ ਕਰਨ ਤੋ਼ ਇਲਾਵਾ ਆਸੇ ਪਾਸੇ ਦੇ ਲੋਕਾਂ ਤੋਂ ਵੀ ਪੁਛ੍ਰਗਿੱਛ ਕੀਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ ਸੀ੍ਰ ਯਾਦਵ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਨੂੰ ਰੋਕਣ ਲਈ ਇਹ ਅਚਣਚੇਤ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਠੇਕੇਦਾਰ ਜਨਵਰੀ 2015 ਤੋਂ ਪਹਿਲਾਂ ਦੀ ਉਤਪਾਦਤ ਹੋਈ ਸ਼ਰਾਬ ਨਹੀਂ ਵੇਚ ਸਕਦਾ ਅਤੇ ਉਸ ਲਈ ਰੋਜਾਨਾ ਵਿਕਰੀ ਬਾਰੇ ਨਿਰਧਾਰਿਤ ਪਰਫ਼ਾਰਮੇ ਭਰ ਕੇ ਰੱਖਣੇ ਜ਼ਰੁਰੀ ਹਨ।
ਉਨ੍ਹਾਂ ਦੱਸਿਆ ਕਿ ਠੇਕਿਆਂ ਦੀ ਜਾਂਚ ਸਬੰਧੀ ਵਿਸਥਾਰਤ ਰਿਪੋਰਟ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਭੇਜੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾ ਵਿਚ ਸ਼ਰਾਬ ਦੀ ਵਰਤੋਂ ਨੂੰ ਰੋਕਣ ਲਈ ਵੋਟਾ ਪੈਣ ਤੋਂ 48 ਘੰਟੇ ਪਹਿਲਾਂ(2 ਫ਼ਰਵਰੀ ਸ਼ਾਮ 5 ਵਜੇ ਤੋਂ 4 ਫ਼ਰਵਰੀ ਸ਼ਾਮ 5ਵਜੇ ਤਕ) ਡਰਾਈ ਡੇ ਐਲਾਨਿਆ ਗਿਆ ਹੈ,ਜਿਸ ਦੌਰਾਨ ਜ਼ਿਲ੍ਹੇ ਭਰ ਵਿਚ ਕੋਈ ਵੀ ਠੇਕੇਦਾਰ ਸ਼ਰਾਬ ਨਹੀਂ ਵੇਚ ਸਕੇਗਾ ਇਸ ਤੋਂ ਇਲਾਵਾ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਵੀ ਸ਼ਰਾਬ ਪਿਲਾਉਣ ਤੇ ਪਾਬੰਦੀ ਰਹੇਗੀ।