ਫਰੀਦਕੋਟ/ਜੈਤੋਂ, 27 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਬੇਅਦਬੀ ਦੀ ਘਟਨਾਵਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਦਾਖਲ ਹੋਣ ਤੋਂ ਬਾਅਦ ਸ਼ੁਰੂ ਹੋਈਆਂ ਸਨ। ਉਨਾਂ ਲੋਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਪਾਰਟੀ ਦੇ ਅਸਲੀ ਰੂਪ ਨੂੰ ਪਹਿਚਾਣਨ ਅਤੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਣ।
ਵਿਧਾਨ ਸਭਾ ਹਲਕਿਆਂ ਫਰੀਦਕੋਟ ਅਤੇ ਜੈਤੋਂ ਵਿਖੇ ਕ੍ਰਮਵਾਰ ਪਾਰਟੀ ਉਮੀਦਵਾਰਾਂ ਪਰਮਬੰਸ ਸਿੰਘ ਰੋਮਾਣਾ ਅਤੇ ਸੂਬੇ ਸਿੰਘ ਦੇ ਹੱਕ ਵਿਚ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਆਪ ਪਿਛਲੇ 2 ਸਾਲ ਤੋਂ ਪੰਜਾਬ ਵਿਚ ਗੜਬੜ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਲੇਰ ਕੋਟਲਾ ਬੇਅਦਬੀ ਕਾਂਡ ਵਿਚ ਆਪ ਦਾ ਇੱਕ ਆਗੂ ਫੜੇ ਜਾਣ 'ਤੇ ਇਹਨਾਂ ਦੇ ਨਾਪਾਕ ਇਰਾਦਿਆਂ ਦਾ ਪਰਦਾਫਾਸ਼ ਹੋ ਗਿਆ ਸੀ।
ਸ਼ ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਲਈ ਖਤਰਨਾਕ ਹੈ, ਕਿਉਂਕਿ ਉਹ ਔਖੇ ਯਤਨਾਂ ਨਾਲ ਹਾਸਿਲ ਕੀਤੀ ਫਿਰਕੂ ਸਦਭਾਵਨਾ ਨੂੰ ਖਤਮ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਆਪ ਆਗੂ ਪਿਛਲੇ ਦਿਨੀਂ ਅੱਤਵਾਦੀ ਜਥੇਬੰਦੀਆਂ ਦੇ ਆਗੂਆਂ ਨੂੰ ਮਿਲਿਆ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਗਰਮ ਖਿਆਲੀ ਆਗੂਆਂ ਨੂੰ ਵਾਅਦਾ ਕੀਤਾ ਸੀ ਕਿ ਉਹ ਗੁਰਦੁਆਰਿਆਂ ਦਾ ਪ੍ਰਬੰਧ ਉਹਨਾਂ ਨੂੰ ਸੌਂਪ ਦੇਵੇਗਾ।
ਆਮ ਆਦਮੀ ਪਾਰਟੀ ਨੂੰ ਠੱਗ ਆਰਮੀ ਪਾਰਟੀ ਕਰਾਰ ਦਿੰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਪਾਰਟੀ ਨੂੰ ਸਿੱਖ ਪੰਥ ਨਾਲ ਕੋਈ ਮੋਹ ਨਹੀਂ ਹੈ। ਦਿੱਲੀ ਵਿਚ ਗੁਰਦੁਆਰਾ ਸੀਸ ਗੰਜ ਵਿਖੇ ਇਤਿਹਾਸਕ 'ਪਿਆਊ' ਨੂੰ ਤੋੜਣ ਲਈ ਇਹੀ ਪਾਰਟੀ ਜਿੰæਮੇਵਾਰ ਸੀ।
ਲੋਕਾਂ ਨੂੰ ਆਪ ਦੁਆਰਾ ਉਤਾਰੇ ਉਮੀਦਵਾਰਾਂ ਦਾ ਪਿਛੋਕੜ ਘੋਖ ਲੈਣ ਦੀ ਅਪੀਲ ਕਰਦੇ ਹੋਏ ਸ਼ ਬਾਦਲ ਨੇ ਕਿਹਾ ਕਿ ਇਹਨਾਂ ਵਿਚੋਂ 35 ਉਮੀਦਵਾਰਾਂ ਦਾ ਅਪਰਾਧਿਕ ਪਿਛੋਕੜ ਹੈ। ਸਿਰਫ ਇਹੀ ਨਹੀਂ, ਬਹੁਤ ਸਾਰੇ ਆਪ ਆਗੂ ਅਨੈਤਿਕ ਗਤੀਵਿਧੀਆਂ ਕਰਦੇ ਹੋਏ ਰੰਗੇ ਹੱਥੀਂ ਫੜੇ ਜਾ ਚੁੱਕੇ ਹਨ। ਇੰਨਾ ਹੀ ਨਹੀਂ, ਆਪ ਨੇ ਉਮੀਦਵਾਰਾਂ ਨੂੰ ਟਿਕਟਾਂ ਬੋਲੀ ਲਾ ਕੇ ਵੇਚੀਆਂ ਹਨ, ਜਿਸ ਕਰਕੇ ਇਸ ਦੀ ਸਥਾਨਕ ਲੀਡਰਸ਼ਿਪ ਅਤੇ ਪੰਜਾਬੀਆਂ ਨੂੰ ਬਹੁਤ ਨਿਰਾਸ਼ਾ ਹੋਈ ਹੈ।
ਸ਼ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਪੰਜਾਬੀਆਂ ਦਾ ਪੰਜਾਬੀਆਂ ਲਈ ਗਠਜੋੜ ਹੈ। ਅਸੀਂ ਹਮੇਸ਼ਾਂ ਤੁਹਾਡੇ ਨਾਲ ਰਹੇ ਹਾਂ। ਅਸੀਂ ਹਮੇਸ਼ਾਂ ਤੁਹਾਡੇ ਵਿਚ ਰਹਾਂਗੇ। ਆਪ ਬਾਹਰਲੇ ਆਗੂਆਂ ਦੀ ਪਾਰਟੀ ਹੈ, ਜਿਹੜੇ ਤੁਹਾਡੇ ਉੱਤੇ ਹਕੂਮਤ ਕਰਨਾ ਚਾਹੁੰਦੇ ਹਨ। ਅਸੀਂ ਤੁਹਾਡੀ ਸੇਵਾ ਕਰਨਾ ਚਾਹੁੰਦੇ ਹਾਂ, ਜਿਸ ਵਾਸਤੇ ਇੱਕ ਵਧੀਆ ਖਾਕਾ ਵੀ ਤਿਆਰ ਕਰ ਲਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਗਠਜੋੜ ਸਾਰੇ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਅਸੀਂ ਵਿਕਾਸ ਵਾਸਤੇ ਅਨੋਖੀਆਂ ਸਕੀਮਾਂ ਲੈ ਕੇ ਆਏ ਹਾਂ। ਅਸੀਂ ਕਣਕ ਅਤੇ ਝੋਨੇ ਉੱਤੇ 100 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦੇਵਾਂਗੇ। ਅਸੀਂ ਬੇਘਰੇ ਲੋਕਾਂ ਲਈ 5 ਲੱਖ ਪੱਕੇ ਮਕਾਨ ਬਣਾਉਣ ਦਾ ਫੈਸਲਾ ਲਿਆ ਹੈ। ਸਾਰੇ ਗਰੀਬਾਂ ਨੂੰ 5 ਕਿਲੋ ਖੰਡ 10 ਰੁਪਏ ਕਿਲੋ ਅਤੇ 2 ਕਿਲੋ ਘਿਓ 25 ਰੁਪਏ ਕਿਲੋ ਦੇਵਾਂਗੇ। ਇੱਥੋਂ ਤਕ ਕਿ ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਵਜੋਂ ਖੇਤ ਮਜ਼ਦੂਰਾਂ ਨੂੰ ਵੀ ਰਾਹਤ ਦੇਵਾਂਗੇ।
ਲੋਕਾਂ ਨੂੰ ਵਿਕਾਸ ਵਾਸਤੇ ਵੋਟ ਪਾਉਣ ਲਈ ਕਹਿੰਦੇ ਹੋਏ ਸ਼ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਆਪਣੀ ਕਾਰਗੁਜ਼ਾਰੀ ਦੇ ਸਿਰ 'ਤੇ ਵੋਟਾਂ ਮੰਗ ਰਿਹਾ ਹੈ। ਅਸੀਂ ਨਾ ਸਿਰਫ ਆਪਣੇ ਵਾਅਦੇ ਪੂਰੇ ਕੀਤੇ ਹਨ, ਸਗੋਂ ਬਹੁਤ ਸਾਰੀਆਂ ਲੋਕ ਪੱਖੀ ਨੀਤੀਆਂ ਵੀ ਸ਼ੁਰੂ ਕੀਤੀਆ ਹਨ। ਅਸੀਂ ਅਗਲੇ ਪੰਜ ਸਾਲਾਂ ਦੌਰਾਨ ਪੰਜਾਬ ਵਿਚ ਖਾਸ ਕਰਕੇ ਪੇਂਡੂ ਖੇਤਰਾਂ ਵਿਚ ਵਿਕਾਸ ਦੀ ਹਨੇਰੀ ਲਿਆਉਣ ਲਈ ਵਚਨਬੱਧ ਹਾਂ।