ਮਾਨਸਾ, 27 ਜਨਵਰੀ, 2017 : ਵੀਰਵਾਰ ਨੂੰ ਮੀਂਹ ਪੈਂਦੇ ਵਿਚ ਲੋਕ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿਚ ਆਪ ਉਮੀਦਵਾਰ ਨਾਜਰ ਸਿੰਘ ਮਾਨਸ਼ਾਹੀਆ ਦੇ ਹੱਕ ਵਿਚ ਕੀਤੀ ਗਈ ਰੈਲੀ ਵਿਚ ਹੁੰਮ ਹੁੰਮਾ ਕੇ ਪੁੱਜੇ। ਇਸ ਮੌਕੇ ਬੋਲਦਿਆਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਆਪ ਦਾ ਝਾੜੂ 4 ਫਰਵਰੀ ਨੂੰ ਚੱਲ ਜਾਵੇਗਾ ਤੇ 11 ਮਾਰਚ ਨੂੰ ਸਫਾਈ ਹੋ ਜਾਵੇਗੀ। ਉਨਾਂ ਨੌਜਵਾਨਾਂ ਦੇ ਇਕੱਠ ਚ ਬੋਲਦਿਆਂ ਕਿਹਾ ਕਿ ਅੱਜ ਆਪ ਦੀ ਚੜਤ ਦੇਖ ਕੇ ਅਕਾਲੀ ਦਲ ਤੇ ਕਾਂਗਰਸ ਵਾਲੇ ਘਬਰਾ ਗਏ ਹਨ, ਜਿਸ ਕਰਕੇ ਉਹਨਾਂ ਏਕਾ ਕਰ ਲਿਆ, ਪਰ ਪੰਜਾਬੀ ਇਸ ਦਾ ਜਵਾਬ ਵੋਟਾਂ ਪਾ ਕੇ ਹੀ ਦੇਣਗੇ। ਇਸ ਮੌਕੇ ਉਨਾਂ ਕਿਹਾ ਕਿ ਆਪ ਹਨੇਰੀ ਹੈ ਤੇ ਇਸ ਹਨੇਰੀ ਅੱਗੇ ਕੋਈ ਵੀ ਨਹੀਂ ਖੜੇਗਾ,ਕਿਉਂਕਿ ਅੱਜ ਪੰਜਾਬੀ ਜਾਗ ਪਏ ਹਨ ।ਉਨਾਂ ਕਿਹਾ ਕਿ ਪੰਜਾਬ ਵਿਚ ਵਾਰੋਂ ਵਾਰੀ ਰਾਜ਼ ਕਰਨ ਵਾਲੀਆਂ ਕਾਂਗਰਸ ਤੇ ਅਕਾਲੀ ਦਲ ਨੂੰ ਲੋਕ ਹਮੇਸ਼ਾ ਲਈ ਚੱਲਦਾ ਕਰਨ ਵਾਸਤੇ ਉਤਾਵਲੇ ਹਨ। ਇਸ ਮੌਕੇ ਉਨਾਂ ਨਾਲ ਆਪ ਉਮੀਦਵਾਰ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਵਿਧਾਨ ਸਭਾ ਜਾ ਕੇ ਮਾਨਸਾ ਦੀਆਂ ਸਮੱਸਿਆਵਾਂ ਦਾ ਮੁੱਦਾ ਚੁੱਕਦਗੇ ਤੇ ਇਸ ਨੂੰ ਹੱਲ ਕਰਵਾਉਣਾ ਹੀ ਉਨਾਂ ਦਾ ਪਹਿਲਾਂ ਟੀਚਾ ਹੋਵੇਗਾ। ਇਸ ਮੌਕੇ ਉਨਾਂ ਨਾਲ ਅਸ਼ੋਕ ਬਾਂਸਲ, ਡਾ ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਭੁੱਚਰ, ਜਸਵੀਰ ਸਿੰਘ ਜੱਸੀ, ਕਰਮਜੀਤ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।