ਚੰਡੀਗੜ੍ਹ, 24 ਜਨਵਰੀ, 2017 : ਪੰਜਾਬ ਵਿਚ ਇੱਕ ਪਾਸੇ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਨੂੰ ਲੈ ਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਅਤੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਵਿਚਕਾਰ ਇੱਕ ਸ਼ੀਤ ਯੁੱਧ ਛਿੜਿਆ ਹੋਇਆ ਹੈ। ਜਦਕਿ ਦੂਜੇ ਪਾਸੇ ਵਿਧਾਨ ਸਭਾ ਹਲਕਿਆਂ ਅੰਦਰ ਕਾਂਗਰਸੀ ਉਮੀਦਵਾਰਾਂ ਅਤੇ ਪਾਰਟੀ ਦੇ ਬਾਗੀਆਂ ਵਿਚਕਾਰ ਘਰੇਲੂ ਜੰਗ ਲੱਗੀ ਹੋਈ ਹੈ।
ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ਼ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅੰਦਰੋ ਲੀਰੋਲੀਰ ਹੋਈ ਪਈ ਹੈ। ਇਸ ਕੋਲ ਪੰਜਾਬ ਅਤੇ ਪੰਜਾਬੀਆਂ ਦੇ ਵਿਕਾਸ ਵਾਸਤੇ ਕੋਈ ਏਜੰਡਾ ਨਹੀਂ ਹੈ। ਅਮਰਿੰਦਰ ਸਿੰਘ ਦਾ ਸਾਰਾ ਧਿਆਨ ਨਵਜੋਤ ਸਿੱਧੂ ਨੂੰ ਹਰਾਉਣ ਉੱਤੇ ਲੱਗਿਆ ਹੋਇਆ ਹੈ ਤਾਂ ਕਿ ਉਹ ਜਿੱਤ ਕੇ ਕਿਤੇ ਉਸ ਦੇ ਆਖਰੀ ਵਾਰ ਸੂਬੇ ਦਾ ਮੁੱਖ ਮੰਤਰੀ ਬਣਨ ਦੇ ਸੁਫਨੇ ਉੱਤੇ ਪਾਣੀ ਨਾ ਫੇਰ ਦੇਵੇ। ਦੂਜੇ ਪਾਸੇ ਸਿੱਧੂ ਦਾ ਵੀ ਸਾਰਾ ਜ਼ੋਰ ਕਾਂਗਰਸ ਦੀ ਕਮਾਂਡ ਅਮਰਿੰਦਰ ਦੇ ਹੱਥਾਂ ਵਿਚੋਂ ਖੋਹਣ ਉੱਤੇ ਲੱਗਿਆ ਹੈ। ਇੰਨਾ ਹੀ ਨਹੀਂ ਪੰਜਾਬ ਦੀਆਂ ਦੋ ਦਰਜਨ ਤੋਂ ਵੱਧ ਸੀਟਾਂ ਉੱਤੇ ਪਾਰਟੀ ਦੇ ਬਾਗੀਆਂ ਨੇ ਕਾਂਗਰਸੀ ਉਮੀਦਵਾਰਾਂ ਦੀ ਨੀਂਦ ਉਡਾ ਰੱਖੀ ਹੈ।
ਅਮਰਿੰਦਰ ਵਲੋਂ ਸੋਮਵਾਰ ਨੂੰ ਮੋਗਾ ਵਿਖੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਵਿੱਤ ਮੰਤਰੀ ਉਮੀਦਵਾਰ ਐਲਾਨੇ ਜਾਣ ਉੱਤੇ ਟਿੱਪਣੀ ਕਰਦਿਆਂ ਸ਼ ਢੀਂਡਸਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਕੋਲ ਪੰਜਾਬ ਵਿਚ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰਨ ਦੀ ਜੁਅੱਰਤ ਨਹੀਂ, ਇਸ ਲਈ ਅਮਰਿੰਦਰ ਵੱਲੋਂ ਵਿੱਤ ਮੰਤਰੀ ਉਮੀਦਵਾਰ ਦਾ ਐਲਾਨ ਕਰਕੇ ਬੁੱਤਾ ਸਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਮਨਪ੍ਰੀਤ ਬਾਦਲ ਸੂਬੇ ਲਈ ਬਹੁਤ ਹੀ ਮਾੜਾ ਵਿੱਤ ਮੰਤਰੀ ਸਾਬਿਤ ਹੋਇਆ ਸੀ। ਉਹ ਕਿਸਾਨਾਂ ਅਤੇ ਗਰੀਬ ਵਰਗਾਂ ਨੂੰ ਦਿੱਤੀਆਂ ਜਾਂਦੀਆਂ ਸਾਰੀਆਂ ਸਬਸਿਡੀਆਂ ਦੇ ਖਿਲਾਫ ਸੀ। ਉਹਨਾਂ ਕਿਹਾ ਕਿ ਜੇ ਕਾਂਗਰਸ ਸਰਕਾਰ ਸੱਤਾ ਵਿਚ ਆ ਗਈ ਤਾਂ ਪੰਜਾਬ ਦੇ ਲੋਕਾਂ ਨੂੰ ਮਿਲਦੀਆਂ ਸਾਰੀਆਂ ਸਬਸਿਡੀਆਂ ਅਤੇ ਸਹੂਲਤਾਂ ਬੰਦ ਹੋ ਜਾਣਗੀਆਂ। ਪਿਛਲੀ ਕਾਂਗਰਸ ਸਰਕਾਰ ਵੇਲੇ ਇੰਝ ਹੀ ਹੋਇਆ ਸੀ। ਅਮਰਿੰਦਰ ਅਤੇ ਮਨਪ੍ਰੀਤ ਦੋਵੇਂ ਮਿਲ ਕੇ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਮੁਫਤ ਬਿਜਲੀ, ਆਟਾ ਦਾਲ ਸਕੀਮ, ਸ਼ਗਨ ਸਕੀਮ ਅਤੇ ਹੋਰ ਸਹੂਲਤਾਂ ਨੂੰ ਬੰਦ ਕਰ ਦੇਣਗੇ।