ਚੰਡੀਗੜ੍ਹ, 21 ਜਨਵਰੀ, 2017 : ਦੂਜੀਆਂ ਸਿਆਸੀ ਪਾਰਟੀਆਂ ਨੂੰ ਉਦਾਹਰਣ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਫੇਰੀ ਦੌਰਾਨ ਉਸਦੀ ਸੁਰੱਖਿਆ ਹਟਾਈ ਜਾਵੇ, ਕਿਉਂਕਿ ਇਸਦੀ ਵਜਾ ਨਾਲ ਲੋਕਾਂ ਨੂੰ ਬੇਲੋੜੀ ਪ੍ਰੇਸ਼ਾਨੀ ਹੁੰਦੀ ਹੈ।
ਪੰਜਾਬ ਦੇ ਮੁੱਖ ਚੋਣ ਅਫਸਰ ਵੀਕੇ ਸਿੰਘ ਨੂੰ ਲਿਖੇ ਪੱਤਰ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨਾਂ ਨੇ ਕਈ ਵਾਰ ਨੋਟਿਸ ਕੀਤਾ ਹੈ ਕਿ ਪੰਜਾਬ ਫੇਰੀ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਕਰਮੀ ਉਨਾਂ ਦੀ ਸੁਰੱਖਿਆ ਵਿੱਚ ਲਗਾਏ ਜਾਂਦੇ ਹਨ, ਜਿਨਾਂ ਦੀ ਕੋਈ ਲੋੜ ਨਹੀਂ।
ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲਾਂ ਹੀ ਇਹ ਸਾਫ ਕਰ ਚੁੱਕੇ ਹਨ ਕਿ ਉਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੇ ਜਾਣ ਦੀ ਕੋਈ ਜਰੂਰਤ ਨਹੀਂ ਹੈ। ਆਪ ਉਮੀਦਵਾਰਾਂ ਵੱਲੋਂ ਰਿਟਨਿੰਗ ਅਫਸਰਾਂ ਨੂੰ ਐਫੀਡੇਵਿਟ ਦਿੱਤਾ ਗਿਆ ਹੈ ਕਿ ਉਨਾਂ ਨੂੰ ਸੁਰੱਖਿਆ ਦੀ ਲੋੜ ਨਹੀਂ, ਜੋ ਕਿ ਉਮੀਦਵਾਰਾਂ ਲਈ ਜਰੂਰੀ ਹੁੰਦੀ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਥਿੱਤੀ ਸਾਫ ਹੈ ਅਤੇ ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਵਿਗੜੀ ਹੋਣ ਕਰਕੇ ਇਹ ਸੁਰੱਖਿਆ ਸੂਬੇ ਦੇ ਲੋਕਾਂ ਦੀ ਰਾਖੀ ਲਈ ਲਗਾਈ ਜਾਣੀ ਚਾਹੀਦੀ ਹੈ। ਕੇਜਰੀਵਾਲ ਨੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਕਿ ਲੋਕਾਂ ਦੇ ਭਰੋਸੇ ਨੂੰ ਬਹਾਲ ਕਰਨ ਲਈ ਇਹ ਫੈਸਲਾ ਲਿਆ ਜਾਵੇ। ਇਹ ਵਰਣਨਯੋਗ ਹੈ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਜਿਨਾਂ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮੰਤਰੀ, ਅਕਾਲੀ ਦਲ ਤੇ ਭਾਜਪਾ ਦੇ ਜਿਲਾ ਪ੍ਰਧਾਨਾਂ ਅਤੇ ਉਨਾਂ ਦੇ ਕਰੀਬੀ ਰਿਸ਼ਤੇਦਾਰਾਂ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਅਤੇ ਸੀਆਰਪੀਐਫ ਦੇ ਜਵਾਨ ਲਗਾਏ ਗਏ ਹਨ, ਜਿਨਾਂ ਦਾ ਗਲਤ ਇਸਤੇਮਾਲ ਹੁੰਦਾ ਹੈ ਅਤੇ ਪੁਲਿਸ ਕਰਮੀਆਂ ਕੋਲੋਂ ਘਰੇਲੂ ਨੌਕਰਾਂ ਦੀ ਤਰਾਂ ਕੰਮ ਲਿਆ ਜਾਂਦਾ ਹੈ। ਇਲੈਕਸ਼ਨ ਕਮਿਸ਼ਨ ਵੱਲੋਂ ਹਾਲ ਹੀ ਵਿੱਚ 1200 ਪੁਲਿਸ ਕਰਮਚਾਰੀਆਂ ਨੂੰ ਸੁਰੱਖਿਆ ਤੋਂ ਹਟਾਇਆ ਗਿਆ ਸੀ ਅਤੇ ਹਾਲੇ ਵੀ 2000 ਪੁਲਿਸ ਕਰਮੀ ਸਿਆਸੀ ਆਗੂਆਂ ਦੀ ਹਿਫਾਜਤ ਕਰ ਰਹੇ ਹਨ।