ਚੰਡੀਗੜ੍ਹ, 21 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਚੋਣ ਕਮਿਸ਼ਨ ਅਤੇ ਦੂਜੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਧਮਕੀਆਂ ਦੇਣੀਆਂ ਬੰਦ ਕਰੇ । ਇਹ ਸੰਸਥਾਵਾਂ ਸੰਵਿਧਾਨ ਦੇ ਅਨੁਸਾਰ ਆਪਣਾ ਕੰਮ ਕਰ ਰਹੀਆਂ ਹਨ, ਉਹ ਇਹਨਾਂ ਦੇ ਕੰਮ ਵਿਚ ਬੇਲੋੜੀ ਦਖਲਅੰਦਾਜ਼ੀ ਨਾ ਕਰੇ।
ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਲੱਗਦਾ ਹੈ ਕਿ ਆ ਰਹੀਆਂ ਚੋਣਾਂ ਵਿਚ ਕਾਂਗਰਸ ਨੂੰ ਹਾਰਦੀ ਵੇਖ ਕੇ ਅਮਰਿੰਦਰ ਬੌਖਲਾ ਗਿਆ ਹੈ ਅਤੇ ਉਸ ਨੇ ਚੋਣ ਕਮਿਸ਼ਨ ਅਤੇ ਦੂਜੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਅਜਿਹੇ ਮਸ਼ਵਰੇ ਦੇ ਰਿਹਾ ਹੈ, ਜਿਸ ਨਾਲ ਕਾਂਗਰਸ ਪਾਰਟੀ ਨੂੰ ਚੋਣਾਂ ਵਿਚ ਲਾਭ ਮਿਲ ਸਕੇ।
ਉਹ ਇੱਥੇ ਅਮਰਿੰਦਰ ਸਿੰਘ ਦੁਆਰਾ ਮੰਗਲਵਾਰ ਨੂੰ ਜਾਰੀ ਕੀਤੇ ਉਸ ਬਿਆਨ ਬਾਰੇ ਟਿੱਪਣੀ ਕਰ ਰਹੇ ਸਨ, ਜਿਸ ਵਿਚ ਮਹਾਰਾਜੇ ਨੇ ਚੋਣ ਕਮਿਸ਼ਨ ਤੋਂ ਪੰਜਾਬ ਵਿਚ ਇੱਕ-ਪੜਾਵੀਂ ਚੋਣਾਂ ਦੀ ਮੰਗ ਕਰਦੇ ਹੋਏ ਇਹ ਸ਼ੰਕਾ ਜ਼ਾਹਿਰ ਕੀਤੀ ਸੀ, ਕਿ ਬਹੁ-ਪੜਾਵੀਂ ਚੋਣਾਂ ਨਾਲ ਹਿੰਸਾ ਹੋਵੇਗੀ। ਉਹਨਾਂ ਕਿਹਾ ਕਿ ਆਮ ਕਰਕੇ ਬਹੁ-ਪੜਾਵੀਂ ਚੋਣਾਂ ਵੱਡੇ ਰਾਜਾਂ ਵਿਚ ਜਾਂ ਅਜਿਹੇ ਰਾਜਾਂ ਵਿਚ ਪਵਾਈਆਂ ਜਾਂਦੀਆਂ ਹਨ, ਜਿੱਥੇ ਅਕਸਰ ਹਿੰਸਾ ਹੁੰਦੀ ਹੋਵੇ। ਪਰ ਪੰਜਾਬ ਵਿਚ ਚੋਣਾਂ ਹਮੇਸ਼ਾਂ ਹੀ ਇੱਕ-ਪੜਾਵੀ ਹੁੰਦੀਆ ਹਨ ਅਤੇ ਇੱਥੇ ਕਦੇ ਵੀ ਚੋਣਾਂ ਦੌਰਾਨ ਹਿੰਸਾ ਨਹੀਂ ਹੋਈ।
ਸ਼ ਢੀਡਸਾ ਨੇ ਕਿਹਾ ਕਿ ਅਮਰਿੰਦਰ ਅਕਾਲੀਆਂ ਤੋਂ ਹਿੰਸਾ ਦਾ ਖਤਰਾ ਜ਼ਾਹਿਰ ਕਰਦਾ ਹੈ ਜਦਕਿ ਉਹ ਖੁਦ ਕਾਂਗਰਸੀਆਂ ਨੂੰ ਅਕਾਲੀਆਂ ਉੱਤੇ ਹਮਲੇ ਕਰਨ ਲਈ ਅਤੇ ਉਹਨਾਂ ਨੂੰ ਪਿੰਡਾਂ 'ਚ ਵੜਣ ਤੋਂ ਰੋਕਣ ਲਈ ਉਕਸਾਉਂਦਾ ਰਿਹਾ ਹੈ। 2011 ਵਿਚ ਵੀ ਅਮਰਿੰਦਰ ਨੇ ਹਿੰਸਾ ਦੇ ਸ਼ੰਕੇ ਜ਼ਾਹਿਰ ਕੀਤੇ ਸਨ, ਪਰ ਉੁਸ ਸਮੇਂ ਚੋਣਾਂ ਬਹੁਤ ਸ਼ਾਂਤੀਪੂਰਬਕ ਹੋਈਆਂ ਸਨ।
ਉਹਨਾਂ ਅੱਗੇ ਕਿਹਾ ਕਿ ਇੱਕ-ਪੜਾਵੀ ਜਾਂ ਬਹੁ-ਪੜਾਵੀ ਚੋਣਾਂ ਪਵਾਉਣ ਦਾ ਫੈਸਲਾ ਲੈਣਾ ਚੋਣ ਕਮਿਸ਼ਨ ਦਾ ਕੰਮ ਹੈ ਅਤੇ ਉਹ ਆਪਣੇ ਪੱਧਰ 'ਤੇ ਲੋੜੀਦੀ ਫੀਡਬੈਕ ਲੈਣ ਮਗਰੋਂ ਹੀ ਅਜਿਹੇ ਫੈਸਲੇ ਲੈਂਦੇ ਹਨ। ਇਸ ਮਾਮਲੇ ਵਿਚ ਕਿਸੇ ਸਿਆਸੀ ਪਾਰਟੀ ਨੂੰ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ। ਚੋਣ ਕਮਿਸ਼ਨ ਦਾ ਮਕਸਦæ ਸ਼ਾਂਤਮਈ, ਅਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣਾ ਹੈ ਅਤੇ ਉਹ ਆਪਣਾ ਕੰਮ ਚੰਗੀ ਤਰ੍ਹਾਂ ਜਾਣਦਾ ਹੈ। ਉਹਨਾਂ ਕਿਹਾ ਕਿ ਅਸੀਂ ਖਿੜੇ ਮੱਥੇ ਇਹਨਾਂ ਚੋਣਾਂ ਦਾ ਸਵਾਗਤ ਕਰਾਂਗੇ, ਇਹ ਚਾਹੇ ਇਕ-ਪੜਾਵੀ ਹੋਣ ਜਾਂ ਬਹੁ-ਪੜਾਵੀ।