ਦੀਨਾ ਨਗਰ/ਗੁਰਦਾਸਪੁਰ/ਡੇਰਾ ਬਾਬਾ ਨਾਨਕ, 18 ਜਨਵਰੀ, 2017 : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦੇ ਤੀਜੀ ਵਾਰ ਸੱਤਾ ਵਿਚ ਆਉਣ 'ਤੇ ਆਟਾ ਦਾਲ ਅਤੇ ਸ਼ਗਨ ਸਕੀਮ ਵਿਚ ਜਨਰਲ ਸ਼੍ਰੇਣੀ ਦੇ ਗਰੀਬ ਤਬਕਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਅੱਜ ਤਿੰਨ ਥਾਵਾਂ ਦੀਨਾਨਗਰ, ਬੱਬੇਹਾਲੀ ਅਤੇ ਡੇਰਾ ਬਾਬਾ ਨਾਨਕ ਵਿਖੇ ਅਕਾਲੀ ਉਮੀਦਵਾਰਾਂ ਕ੍ਰਮਵਾਰ ਬਿਸ਼ਨ ਦਾਸ, ਗੁਰਬਚਨ ਸਿੰਘ ਬੱਬੇਹਾਲੀ ਅਤੇ ਸੁੱਚਾ ਸਿੰਘ ਲੰਗਾਹ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਅਕਾਲੀ -ਭਾਜਪਾ ਸਰਕਾਰ ਨੇ ਸਮਾਜ ਭਲਾਈ ਸਕੀਮਾਂ ਸਮਾਜ ਦੇ ਸਾਰੇ ਗਰੀਬ ਤਬਕਿਆਂ ਤੱਕ ਪਹੁੰਚਾਉਣ ਦਾ ਸਿਧਾਂਤਕ ਅਹਿਦ ਲਿਆ ਸੀ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਸਕੀਮਾਂ ਦਾ ਲਾਭ ਸਾਰੇ ਗਰੀਬ ਤਬਕਿਆਂ ਤਕ ਪਹੁੰਚਣਾ ਚਾਹੀਦਾ ਹੈ। ਇਸ ਲਈ ਇਹਨਾਂ ਸਕੀਮਾਂ ਨੂੰ ਜਨਰਲ ਕੈਟਾਗਰੀ ਦੇ ਗਰੀਬ ਤਬਕਿਆਂ ਤਾਂਈ ਪਹੁੰਚਾਉਣ ਦਾ ਫੈਸਲਾ ਕੀਤਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਕਿਹਾ ਕਿ ਉਹ ਵੋਟਾਂ ਪਾਉਣ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਦੀ ਤੁਲਨਾ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਨਾਲ ਕਰਨ। ਉਹਨਾਂ ਕਿਹਾ ਕਿ ਇਕ ਪਾਸੇ ਅਕਾਲੀ-ਭਾਜਪਾ ਸਰਕਾਰ ਹੈ, ਜਿਸ ਨੇ 30,000 ਕਰੋੜ ਰੁਪਏ ਦਾ ਨਿਵੇਸ਼ ਕਰਕੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਇਆ ਹੈ, ਪੂਰੇ ਰਾਜ ਦੇ 160 ਸ਼ਹਿਰਾਂ ਵਿਚ ਸਾਫ ਪਾਣੀ ਅਤੇ ਸੀਵਰੇਜ ਵਰਗੀਆਂ ਆਧੁਨਿਕ ਸਹੂਲਤਾਂ ਦੇਣ ਅਤੇ ਸੜਕੀ ਨੈਟਵਰਕ ਨੂੰ ਸੁਧਾਰਨ ਉੱਤੇ 32,000 ਕਰੋੜ ਰੁਪਏ ਖਰਚੇ ਹਨ। ਦੂਜੇ ਪਾਸੇ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਨੌਕਰੀਆਂ ਦੀ ਭਰਤੀ ਉੱਤੇ ਪਾਬੰਦੀ ਲਾ ਦਿੱਤੀ ਸੀ, ਕਿਸਾਨਾਂ ਤੋਂ ਮੁਫਤ ਬਿਜਲੀ ਦੀ ਸਹੂਲਤ ਖੋਹ ਲਈ ਸੀ ਅਤੇ ਸ਼ਗਨ ਸਕੀਮ ਬੰਦ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਕੀ ਤੁਹਾਨੂੰ ਯਾਦ ਹੈ ਕਿ ਕਾਂਗਰਸ ਦੀ ਸਰਕਾਰ ਵੇਲੇ ਇੱਕ ਵੀ ਵੱਡਾ ਪ੍ਰਾਜੈਕਟ ਮੁਕੰਮਲ ਹੋਇਆ ਹੋਵੇ?
ਉਹਨਾਂ ਕਿਹਾ ਕਿ ਇਸ ਦੇ ਮੁਕਾਬਲੇ ਬਾਦਲ ਸਾਹਬ ਨੇ ਥੀਨ ਡੈਮ, ਬਹੁਤ ਸਾਰੇ ਥਰਮਲ ਪਲਾਂਟ, ਦੋ ਅੰਤਰ ਰਾਸ਼ਟਰੀ ਹਵਾਈ ਅੱਡੇ ਅਤੇ ਹਾਲ ਹੀ ਵਿਚ ਪੂਰੇ ਰਾਜ ਅੰਦਰ ਸੇਵਾ ਕੇਂਦਰ ਬਣਵਾਏ ਹਨ।
ਅਕਾਲੀ -ਭਾਜਪਾ ਗਠਜੋੜ ਨੂੰ ਸੂਬੇ ਦੇ ਵਿਕਾਸ ਲਈ ਵਚਨਬੱਧ ਕਰਾਰ ਦਿੰਦੇ ਹੋਏ ਸ਼ ਬਾਦਲ ਨੇ ਕਿਹਾ ਕਿ ਇਹ ਗਠਜੋੜ ਸਿਰਫ ਵਿਕਾਸ ਦੇ ਮੁੱਦੇ ਉੱਤੇ ਚੋਣਾਂ ਲੜ ਰਿਹਾ ਹੈ। ਇਸ ਦੇ ਮੁਕਾਬਲੇ ਕਾਂਗਰਸ ਅਤੇ ਆਪ ਕੋਲ ਕੋਈ ਏਜੰਡਾ ਨਹੀ ਹੈ, ਉਹ ਸੂਬੇ ਅੰਦਰ ਨਾਂਹਪੱਖੀ ਸਿਆਸਤ ਨੂੰ ਹਵਾ ਦੇ ਰਹੀਆਂ ਹਨ।
ਉਹਨਾਂ ਵੋਟਰਾਂ ਨੂੰ ਆਪ ਤੋਂ ਸਾਵਧਾਨ ਕਰਦੇ ਹੋਏ ਕਿਹਾ ਕਿ ਇਹ ਪਾਰਟੀ ਵੱਖਵਾਦੀਆਂ ਨਾਲ ਮਿਲ ਕੇ ਸੂਬੇ ਅੰਦਰ ਹਿੰਸਾ ਨੂੰ ਭੜਕਾਉਣਾ ਚਾਹੁੰਦੀ ਹੈ। ਕੇਜਰੀਵਾਲ ਨੇ ਪਿਛਲੇ ਦਿਨੀ ਗਰਮ ਖਿਆਲੀ ਨਾਲ ਮੁਲਾਕਾਤ ਕਰਕੇ ਉਹਨਾਂ ਨਾਲ ਇਹ ਸੌਦੇਬਾਜ਼ੀ ਕੀਤੀ ਹੈ ਕਿ ਜੇਕਰ ਉਹ ਆਪ ਨੂੰ ਸੱਤਾ ਵਿਚ ਲਿਆਉਣ ਵਿਚ ਮੱਦਦ ਕਰਦੇ ਹਨ ਤਾਂ ਉਹ ਗੁਰਦੁਆਰਿਆਂ ਦਾ ਕੰਟਰੋਲ ਗਰਮ ਖਿਆਲੀਆਂ ਦੇ ਹੱਥਾਂ ਵਿਚ ਸੌਂਪ ਦੇਵੇਗਾ।