ਚੰਡੀਗੜ੍ਹ, 15 ਜਨਵਰੀ, 2017 : ਆਮ ਆਦਮੀ ਪਾਰਟੀ ਨੇ ਉਪਕਾਰ ਸਿੰਘ ਸੰਧੂ ਨੂੰ ਅਮਿ੍ਰਤਸਰ ਲੋਕ ਸਭਾ ਹਲਕੇ ਲਈ ਉਮੀਦਵਾਰ ਐਲਾਨ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਐਤਵਾਰ ਨੂੰ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਪਕਾਰ ਸਿੰਘ ਸੰਧੂ ਲੋਕ ਸਭਾ ਉਪ ਚੋਣ ਲਈ ਪਾਰਟੀ ਦੇ ਉਮੀਦਵਾਰ ਹੋਣਗੇ।
63 ਸਾਲਾ ਉਪਕਾਰ ਸਿੰਘ ਸੰਧੂ ਰਾਜਨੀਤੀ ਸ਼ਾਸਤਰ ਵਿਚ ਪੋਸਟ ਗ੍ਰੇਜੂਏਟ (ਐਮ.ਏ) ਹਨ। ਸ੍ਰੋਮਣੀ ਅਕਾਲੀ ਦਲ ਦੇ 2 ਵਾਰ ਅੰਮਿ੍ਰਤਸਰ ਜਿਲਾ ਪ੍ਰਧਾਨ ਅਤੇ ਪੇਡਾ ਦੇ ਚੇਅਰਮੈਨ ਰਹੇ ਉਪਕਾਰ ਸਿੰਘ ਸੰਧੂ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ਼ ਵਜੋਂ ਅਕਤੂਬਰ 2015 ਵਿਚ ਅਕਾਲੀ ਦਲ (ਬਾਦਲ) ਛੱਡ ਦਿੱਤਾ ਸੀ। ਸੰਧੂ ਅਕਾਲੀ-ਭਾਜਪਾ ਸਰਕਾਰ ਦਾ ਹਿੱਸਾ ਹੁੰਦੇ ਹੋਏ ਵੀ ਭਿ੍ਰਸ਼ਟਾਚਾਰ ਅਤੇ ਬੇਨਿਯਮੀਆਂ ਖਿਲਾਫ ਅਵਾਜ਼ ਉਠਾਉਦੇ ਰਹੇ ਹਨ। ਰਾਜਨੀਤੀ ਦੇ ਨਾਲ ਨਾਲ ਉਪਕਾਰ ਸਿੰਘ ਸੰਧੂ ਸਮਾਜਿਕ ਅਤੇ ਧਾਰਮਿਕ ਪੱਧਰ ਉਤੇ ਵੀ ਸਰਗਰਮ ਸਖਸ਼ੀਅਤ ਵਜੋਂ ਪਹਿਚਾਣ ਰੱਖਦੇ ਹਨ। ਸਰਬੱਤ ਦਾ ਭਲਾ ਐਨਜੀਓ ਰਾਹੀਂ ਉਪਕਾਰ ਸਿੰਘ ਸੰਧੂ ਲੋੜਵੰਦਾ ਨੂੰ ਇਲਾਜ, ਸਿੱਖਿਆ ਲਈ ਆਪਣੀ ਜੇਬ ਵਿਚੋਂ ਵਿੱਤੀ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਖੂਨਦਾਨ ਅਤੇ ਮੁਫਤ ਮੈਡੀਕਲ ਚੈਕਅਪ ਕੈਂਪ ਵੀ ਆਯੋਜਿਤ ਕਰਦੇ ਹਨ।