ਚੰਡੀਗੜ੍ਹ, 11 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨਾਲ ਮੁੱਖ ਮੰਤਰੀ ਅਹੁਦੇ ਲਈ ਮੁਕਾਬਲੇਬਾਜ਼ੀ ਤੋਂ ਇੰਨੇ ਘਬਰਾਏ ਹੋਏ ਹਨ ਕਿ ਉਹਨਾਂ ਨੇ ਸਿੱਧੂ ਦੇ ਕਾਂਗਰਸ ਵਿਚ ਰਲੇਵੇਂ ਤੋਂ ਪਹਿਲਾਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਬਕਾ ਭਾਜਪਾ ਆਗੂ ਬਿਨਾਂ ਕਿਸੇ ਸ਼ਰਤ ਤੋਂ ਪਾਰਟੀ ਵਿਚ ਸ਼ਾਮਿਲ ਹੋ ਰਿਹਾ ਹੈ।
ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਅਮਰਿੰਦਰ ਸਿੰਘ ਵੱਲੋਂ ਬੁੱਧਵਾਰ ਨੂੰ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੱਧੂ ਦੇ ਕਾਂਗਰਸ ਵਿਚ ਬਿਨਾਂ ਸ਼ਰਤ ਰਲੇਵੇਂ ਬਾਰੇ ਦਿੱਤੇ ਬਿਆਨ ਉੱਤੇ ਟਿੱਪਣੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਇਹ ਗੱਲ ਸੁਣ ਕੇ ਕੰਧਾਂ ਵੀ ਹੱਸ ਪਈਆਂ ਹੋਣਗੀਆਂ ਕਿ ਸਿੱਧੂ ਬਿਨਾਂ ਕੋਈ ਸ਼ਰਤ ਰੱਖੇ ਕਾਂਗਰਸ ਅੰਦਰ ਸ਼ਾਮਿਲ ਹੋ ਰਿਹਾ ਹੈ।
ਸਿੱਧੂ ਜੋੜੀ ਵੱਲੋਂ ਵੱਡੇ ਅਹੁਦੇ ਦੇ ਲਾਲਚ ਵਿੱਚ ਮਹੀਨਿਆਂ ਬੱਧੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਕੀਤੀ ਸੌਦੇਬਾਜ਼ੀ ਦਾ ਹਵਾਲਾ ਦਿੰਦਿੰਆਂ ਸ਼ ਢੀਂਡਸਾ ਨੇ ਕਿਹਾ ਕਿ ਸਿੱਧੂ ਜੋੜੀ ਤਾਂ ਸਿਆਸੀ ਹਲਕਿਆਂ ਵਿਚ ਜਾਣੀ ਹੀ 'ਸੌਦੇਬਾਜ਼ ਜੋੜੀ' ਵਜੋਂ ਜਾਂਦੀ ਹੈ। ਕਿਸੇ ਸੌਦੇਬਾਜ਼ ਨੂੰ ਸਾਧ ਕਹਿ ਕੇ ਅਮਰਿੰਦਰ ਆਪਣੇ ਮਨ ਨੂੰ ਖੁਸ਼ ਕਰ ਸਕਦਾ ਹੈ, ਪਰ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦਾ। ਪੰਜਾਬ ਦੇ ਲੋਕ ਸਿੱਧੂ ਦੀ ਰਗ ਰਗ ਤੋਂ ਵਾਕਿਫ ਹਨ ਕਿ ਜਿਹੜਾ ਵਿਅਕਤੀ ਰਾਹੁਲ ਦੀ ਮੌਜੂਦਗੀ ਵਾਲੀ ਸ਼ਰਤ ਤੋਂ ਬਿਨਾਂ ਕਾਂਗਰਸ ਨੂੰ ਰਲੇਵੇਂ ਵਾਸਤੇ ਤਾਰੀਖ ਦੇਣ ਨੂੰ ਤਿਆਰ ਨਹੀਂ, ਉਹ ਇਕਦਮ ਆਪਣੀਆਂ ਸਾਰੀਆਂ ਸਿਆਸੀ ਖਾਹਿਸ਼ਾਂ ਛੱਡ ਕੇ ਕਾਂਗਰਸ ਦੇ ਭਲੇ ਤਿਆਗੀ ਕਿਵੇਂ ਹੋ ਸਕਦਾ ਹੈ?
ਸ਼ ਢੀਂਡਸਾ ਨੇ ਕਿਹਾ ਕਿ ਇਹ ਗੱਲ ਜੱਗ ਜ਼ਾਹਿਰ ਹੈ ਕਿ ਨਵਜੋਤ ਸਿੱਧੂ ਕਾਂਗਰਸ ਪਾਰਟੀ ਵਿਚ ਮੁੱਖ ਮੰਤਰੀ ਬਣਾਏ ਜਾਣ ਦੀ ਸ਼ਰਤ ਉੱਤੇ ਸ਼ਾਮਿਲ ਹੋ ਰਿਹਾ ਹੈ, ਜਿਸ ਕਰਕੇ ਉਸ ਦੀ ਅਮਰਿੰਦਰ ਸਿੰਘ ਨਾਲ ਸਿੱਧੀ ਟੱਕਰ ਹੋਣੀ ਹੈ। ਅਮਰਿੰਦਰ ਇਸ ਸੰਭਾਵੀ ਮੁਕਾਬਲੇ ਤੋਂ ਘਬਰਾਇਆ ਹੋਇਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਉੱਤੋਂ ਪਹਿਲਾਂ ਹੀ ਆਪਣੀ ਪਕੜ ਗੁਆ ਚੁੱਕੇ ਅਮਰਿੰਦਰ ਦੀ ਹਾਲਤ ਸਿੱਧੂ ਦੇ ਆਉਣ ਮਗਰੋਂ ਹੋਰ ਪਤਲੀ ਪੈ ਜਾਵੇਗੀ। ਅਮਰਿੰਦਰ ਆਪਣੀ ਸਥਿਤੀ ਨੂੰ ਸੁਧਾਰਨ ਲਈ ਦੂਜੀਆਂ ਪਾਰਟੀਆਂ ਦੇ ਨਕਾਰੇ ਆਗੂਆਂ ਨੂੰ ਘੇਰ ਘੇਰ ਕੇ ਕਾਂਗਰਸ ਵਿਚ ਲਿਆ ਰਿਹਾ ਹੈ। ਬੁੱਧਵਾਰ ਨੂੰ ਅੰਮ੍ਰਿਤਸਰ ਦੇ ਭ੍ਰਿਸ਼ਟ ਆਗੂ ਦਰਬਾਰੀ ਲਾਲ, ਜੋ ਕਿ ਕੁੱਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਵਿਚ ਚਲਾ ਗਿਆ ਸੀ, ਨੂੰ ਦੁਬਾਰਾ ਕਾਂਗਰਸ ਵਿਚ ਲਿਆਉਣਾ ਅਮਰਿੰਦਰ ਦੀ ਇਸੇ ਸਿਆਸੀ ਬੌਖਲਾਹਟ ਦਾ ਨਤੀਜਾ ਹੈ।