← ਪਿਛੇ ਪਰਤੋ
ਖਰੜ, 9 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਖਰੜ ਤੋਂ ਰੀਅਲ ਅਸਟੇਟ ਕਾਰੋਬਾਰੀ ਰਣਜੀਤ ਸਿੰਘ ਗਿੱਲ ਨੂੰ ਚੋਣ ਲੜਾਉਣ ਦੇ ਫੈਸਲੇ ਤੋਂ ਪਾਰਟੀ ਅੰਦਰ ਬਗਾਵਤ ਛਿੜ ਗਈ ਹੈ। ਪਾਰਟੀ ਦੇ ਉਕਤ ਫੈਸਲੇ ਨੂੰ ਸਭ ਤੋਂ ਪਹਿਲਾਂ ਚੈਂਲੇਂਜ ਕਰਦਿਆਂ ਅਕਾਲੀ ਦਲ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਡੂਮਛੇੜੀ ਨੇ ਕਿਹਾ ਕਿ ਅਕਾਲੀ ਦਲ ਇਕ ਪੰਥਕ ਜਥੇਬੰਦੀ ਹੈ ਅਤੇ ਕੋਈ ਗੈਰ ਪੰਥਕ ਵਿਅਕਤੀ ਸਾਡੀ ਪਾਰਟੀ ਦਾ ਉਮੀਦਵਾਰ ਨਹੀਂ ਹੋ ਸਕਦਾ। ਉਨ੍ਹਾਂ ਦਾਵਾ ਕੀਤਾ ਕਿ ਸ੍ਰੀ ਗਿੱਲ ਦਾ ਪਾਰਟੀ ਨਾਲ ਕਦੇ ਵੀ ਕੋਈ ਵਾਹ ਵਾਸਤਾ ਨਹੀਂ ਰਿਹਾ ਪਰ ਪਾਰਟੀ ਲੀਡਰਸ਼ਿਪ ਨੇ ਹਲਕੇ ਦੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਕਿਨਾਰੇ ਕਰਕੇ ਇਕ ਧਨਾਢ ਬੰਦੇ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ ਹੈ ਜੋ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪਾਰਟੀ ਪ੍ਰਧਾਨ ਅਤੇ ਸਰਪ੍ਰਸਤ ਦੋਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਫੈਸਲੇ ਉਤੇ ਮੁੜ ਗੌਰ ਕਰਨ ਅਤੇ ਪਾਰਟੀ ਦੇ ਕੇਡਰ ਦਾ ਸਬਰ ਹੋਰ ਨਾ ਪਰਖਣ । ਖਰੜ ਸੀਟ ਤੋਂ ਹੀ ਟਿਕਟ ਦੇ ਦਾਵੇਦਾਰ ਤੇ ਹਲਕਾ ਇੰਚਾਰਜ ਉਜਾਗਰ ਸਿੰਘ ਬਡਾਲੀ ਨੇ ਵੀ ਪਾਰਟੀ ਦੇ ਇਸ ਫੈਸਲੇ ਖਿਲਾਫ ਆਪਣੇ ਸਮਰਥਕਾਂ ਦਾ ਇਕ ਇਕੱਠ 12 ਜਨਵਰੀ ਨੂੰ ਆਪਣੇ ਨਿਵਾਸ ਉਤੇ ਸੱਦਿਆ ਹੈ, ਤਾਂ ਕਿ ਅਗਲੀ ਰਣਨੀਤੀ ਬਣਾਈ ਜਾ ਸਕੇ। ਟਿਕਟ ਤੋਂ ਜਵਾਬ ਮਿਲਣ ਕਾਰਨ ਖਰੜ ਹਲਕੇ ਦੇ ਹੀ ਇਕ ਹੋਰ ਟਕਸਾਲੀ ਅਕਾਲੀ ਪਾਡਿਆਲਾ ਪਰਿਵਾਰ ਦੇ ਵਾਰਿਸ ਗੁਰਪਰਤਾਪ ਸਿੰਘ ਜੋਤੀ ਵੀ ਅਕਾਲੀ ਦਲ ਤੋਂ ਬਾਗੀ ਹੋ ਕੇ ਆਜ਼ਾਦ ਤੌਰ ਤੇ ਚੋਣ ਲੜਨ ਦਾ ਫੈਸਲਾ ਕਰ ਸਕਦੇ ਹਨ।
Total Responses : 267