ਚੰਡੀਗੜ੍ਹ, 7 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਨੇ ਅੱਜ ਕਾਂਗਰਸ ਪ੍ਰਧਾਨ ਕੈਪਟਨ ਅਮਰਿਦੰਰ ਸਿੰਘ ਉਤੇ ਦਲਿਤ ਅਤੇ ਗਰੀਬ ਵਿਰੋਧੀ ਹੋਣ ਦਾ ਦੋਸ਼ ਲਗਾਉਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਤੋਂ ਹੀ ਲੋਕ ਹਿੱਤ ਦੇ ਕਾਰਜਾਂ ਵਿਚ ਅੜੀਕਾ ਬਣਦੀ ਰਹੀ ਹੈ। ਉਨਾਂ ਕਿਹਾ ਕਿ ਸਮਰਾਲਾ ਤੋਂ ਕਾਂਗਰਸ ਦੇ ਉਮੀਦਵਾਰ ਅਮਰੀਕ ਸਿੰਘ ਢਿਲੋਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਸੂਬੇ ਭਰ ਦੇ ਗਰੀਬਾਂ ਅਤੇ ਦਲਿਤਾਂ ਲਈ ਯੋਜਨਾਵਾਂ ਜਾਰੀ ਕਰਨ ਜਾ ਰਹੀ ਹੈ।
ਚੰਡੀਗੜ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਸੰਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ 2002 ਤੋਂ 2007 ਦੀ ਸਰਕਾਰ ਦੌਰਾਨ ਵੀ ਗਰੀਬਾਂ ਲਈ ਸਕੀਮਾਂ ਬੰਦ ਕਰ ਦਿੱਤੀਆਂ ਸਨ ਅਤੇ ਸੂਬੇ ਵਿਚ ਸਰਕਾਰੀ ਨੌਕਰੀਆਂ ਉਤੇ ਮੁਕਮੰਲ ਰੋਕ ਲੱਗਾ ਦਿੱਤੀ ਸੀ। ਇਸ ਤੋਂ ਬਿਨਾ ਸੂਬੇ ਦੇ ਕਿਸਾਨਾਂ ਅਤੇ ਹੋਰ ਵਰਗਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਨੂੰ ਵੀ ਸੰਪੂਰਨ ਤੌਰ ਤੇ ਬੰਦ ਕਰ ਦਿੱਤਾ ਸੀ। ਇਸ ਤੋਂ ਕਾਂਗਰਸ ਦੇ ਆਮ ਲੋਕਾਂ ਦੇ ਵਿਰੋਧੀ ਹੋਣ ਦਾ ਪਤਾ ਲਗਦਾ ਹੈ।
ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸਨੇ ਆਪਣੇ ਸਰਕਾਰ ਦੇ ਦੌਰਾਨ ਦਿੱਲੀ ਵਿਚ ਗਰੀਬ ਅਤੇ ਦੱਬੇ ਵਰਗਾਂ ਲਈ ਯੋਜਨਾਵਾਂ ਜਾਰੀ ਕੀਤੀਆਂ ਹਨ ਇਸੇ ਅਧੀਨ ਹੀ ਬੁਢਾਪਾ, ਵਿਧਵਾ ਅਤੇ ਹੋਰ ਪੈਂਸ਼ਨਾਵਾਂ ਦੀ ਰਾਸ਼ੀ ਨੂੰ ਵਧਾਇਆ ਗਿਆ ਹੈ ਅਤੇ ਆਪ ਪੰਜਾਬ ਚੋਣਾਂ ਲਈ ਬਣਾਏ ਆਪਣੇ ਚੋਣ ਮਨੋਰਥ ਪੱਤਰ ਦੇ ਅਨੁਸਾਰ ਆਮ ਆਦਮੀ ਪਾਰਟੀ ਸੂਬੇ ਵਿਚ ਦਲਿਤਾਂ ਅਤੇ ਗਰੀਬਾਂ ਲਈ ਭਲਾਈ ਦੀ ਯੋਜਨਾਵਾਂ ਲਾਗੂ ਕਰੇਗੀ।
ਦਿੱਲੀ ਵਿਚ ਆਮ ਆਦਮੀ ਪਾਰਟੀ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਬੋਲਦਿਆਂ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਦਿੱਲੀ ਦੇ ਐਲ.ਜੀ ਦੁਆਰਾ ਮੁਸ਼ਕਿਲਾਂ ਪੈਦਾ ਕਰਨ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲਾਂ ਵਿਚ ਸ਼ਾਨਦਾਰ ਕਾਰਜ ਕੀਤਾ ਹੈ। ਉਨਾਂ ਕਿਹਾ ਕਿ ਦਿੱਲੀ ਸਰਕਾਰ ਨੇ ਲੋਕਾਂ ਨੂੰ ਮੁਫਤ ਪਾਣੀ ਅਤੇ ਘੱਟ ਦਰਾਂ ‘ਤੇ ਬਿਜਲੀ ਉਪਲਬੱਧ ਕਰਵਾਈ ਹੈ ਅਤੇ ਇਸ ਤੋਂ ਬਿਨਾ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ‘ਤੇ ਦਿੱਤੇ ਜਾਣ ਵਾਲੀ ਮੁਆਵਜੇ ਦੇ ਮਾਮਲੇ ਵਿਚ ਦਿੱਲੀ ਸਰਕਾਰ ਸਭ ਤੋਂ ਉਪਰ ਹੈ। ਆਪ ਆਗੂ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕ ਭਲਾਈ ਦੀ ਸਕੀਮਾਂ ਨੂੰ ਹੋਰ ਵਧੀਆ ਢੰਗ ਨਾਲ ਲਾਗੂ ਕੀਤਾ ਜਾਵੇਗਾ। ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੁਆਰਾ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਅਨੁਸਾਰ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੇ ਵਜੀਫੇ ਆਦਿ ਵਿਚ ਵਾਧਾ ਕੀਤਾ ਜਾਵੇਗਾ।
ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਨਕਾਰ ਚੁੱਕੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੀਤੇ ਜਾ ਰਹੇ ਮੋਬਾਇਲ ਫੋਨ ਅਤੇ ਹਰ ਘਰ ਵਿਚ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਸਮਝ ਚੁੱਕੇ ਹਨ। ਪੰਜਾਬ ਦੇ ਲੋਕ ਕੈਪਟਨ ਦੁਆਰਾ 2002 ਤੋਂ 2007 ਤੱਕ ਕੀਤੇ ਕਾਰਜਾਂ ਦੇ ਅਧਾਰ ‘ਤੇ ਹੀ ਅਮਰਿੰਦਰ ਉਤੇ ਵਿਸ਼ਵਾਸ਼ ਕਰਨ ਤੋਂ ਗੁਰੇਜ ਕਰ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਪੰਜਾਬ ਦੇ ਕਿਸਾਨਾਂ ਤੋਂ ਮੁਫਤ ਬਿਜਲੀ ਦੀ ਸੁਵਿਧਾ ਖੋਹੀ ਸੀ।
ਆਪ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾ ਤਾਂ ਖੁਦ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹਨ ਅਤੇ ਨਾ ਹੀ ਆਮ ਆਦਮੀ ਪਾਰਟੀ ਨੂੰ ਅਜਿਹਾ ਕਰਨ ਦੇ ਰਹੇ ਹਨ। ਇਸੇ ਦੇ ਤਹਿਤ ਹੀ ਉਨਾਂ ਨੇ ਸਮਰਾਲਾ ਤੋਂ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਢਿਲੋਂ ਦੇ ਰਾਹੀਂ ਚੋਣ ਕਮਿਸ਼ਨ ਵਿਚ ਇਹ ਸ਼ਿਕਾਇਤ ਕਰਵਾਈ ਹੈ ਕਿ ਆਮ ਆਦਮੀ ਪਾਰਟੀ ਸੂਬੇ ਵਿਚ ਲੋਕ ਹਿੱਤ ਦੀਆਂ ਸਕੀਮਾਂ ਲਾਗੂ ਕਰਨਾ ਚਾਹੁੰਦੀ ਹੈ। ਇਸ ਸੰਬੰਧੀ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਇਕ ਨੋਟਿਸ ਵੀ ਜਾਰੀ ਕੀਤਾ ਹੈ ਜਿਸਦਾ ਕਿ ਜਵਾਬ ਆਮ ਆਦਮੀ ਪਾਰਟੀ ਵਲੋਂ ਦਿੱਤਾ ਗਿਆ ਹੈ।