ਪਿੜ ਦਾ ਸਲਾਨਾ 18 ਦਿਨਾਂ " ਸਾਂਝ " ਭੰਗੜਾ ਸਿਖਲਾਈ ਕੈਂਪ ਹੋਇਆ ਸਮਾਪਤ
ਰੋਹਿਤ ਗੁਪਤਾ
ਗੁਰਦਾਸਪੁਰ 21 ਜੂਨ
ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਜੋਤ ਨੂੰ ਜਗਦੀ ਤੇ ਮੱਘਦੀ ਰੱਖਣ ਦੀ ਸੇਵਾ ਵਿੱਚ ਜੁੱਟਿਆ ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਵੱਲੋਂ 1995 ਤੋਂ ਲੈ ਕੇ ਹਰ ਸਾਲ ਜੂਨ ਮਹੀਨੇ ਵਿੱਚ 15 ਤੋੰ 20 ਦਿਨਾਂ
" ਸਾਂਝ " ਭੰਗੜਾ ਸਿਖਲਾਈ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੱਲ ਹੈ।ਇਸ ਕੈਂਪ ਵਿੱਚ ਹਰ ਰੋਜ਼ ਬੜੀਆਂ ਹੀ ਪਿਆਰੀਆਂ ਤੇ ਮਿੱਠੀਆਂ ਯਾਦਾਂ ਨਾਲ ਹਰ ਕੋਈ ਆਪਣੀ ਦਿਲੋਂ ਸੇਵਾ ਨਿਭਾਉਂਦਾ ਹੈ। ਇਸ ਕੈਂਪ ਵਿੱਚ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਬੱਚਿਆਂ ਨੂੰ ਖਾਣ ਪੀਣ ਦੀ ਸੇਵਾ ਕਰਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਕੈਂਪ ਵਿੱਚ ਸਿੱਖਣ ਦਾ ਚਾਹ ਆਪ ਮਹਾਰੇ ਹੀ ਦਿਖਦਾ ਹੈ। ਭੰਗੜੇ ਦੇ ਨਾਲ-ਨਾਲ ਬੱਚਿਆਂ ਨੂੰ ਵਿਰਾਸਤੀ ਖੇਡਾਂ ਗੁੱਲੀ ਡੰਡਾ,ਸਟੈਪੂ,ਬਾਟੇ, ਗਲੇਲਾਂ ਚਲਾਉਣੀਆਂ ਖੇਡਾਂ ਨਾਲ ਨੂੰ ਜੋੜਿਆ ਜਾਂਦਾ ਹੈ। ਭੰਗੜੇ ਕੈਂਪ ਦੇ ਮੁੱਖ ਪ੍ਰਬੰਧਕ ਸ.ਅਜੈਬ ਸਿੰਘ ਚਾਹਲ ਅਤੇ ਉਨਾਂ ਦਾ ਪਿਆਰਾ ਤੇ ਲਾਡਲਾ ਸ਼ਗਿਰਦ ਭੰਗੜਾ ਕੋਚ ਤੇ ਪਿੜ ਦੇ ਪ੍ਰਧਾਨ ਜੈਕਬ ਮਸੀਹ ਤੇਜਾ ਆਪਣੀ ਪੂਰੀ ਟੀਮ ਦੇ ਸਹਿਯੋਗ ਨਾਲ ਧਨ ਦਿਲੀ ਨਾਲ ਮੁੰਡੇ,ਕੁੜੀਆਂ ਅਤੇ ਬਜ਼ੁਰਗਾਂ ਨੂੰ ਭੰਗੜੇ ਦੀਆਂ ਬਰੀਕੀਆਂ ਦੱਸਦੇ ਹਨ। ਜੈਕਬ ਮਸੀਹ ਤੇਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੈਂਪ ਸਵਰਗੀ ਹੈਪੀ ਮਾਨ ਦੀ ਯਾਦ ਵਿੱਚ ਲਗਾਇਆ ਗਿਆ ਹੈ। ਜੋ ਕਿ ਬਹੁਤ ਹੀ ਵਧੀਆ ਭਾਂਗੜੀ ਸਨ।ਇਹਨਾਂ 18 ਦਿਨਾਂ ਦੌਰਾਨ ਸਿਖਿਆਰਥੀਆਂ ਨਾਲ ਭੰਗੜੇ ਦੇ ਕਈ ਐਕਸ਼ਨ ਤੇ ਪਹਿਲੂਆਂ ਤੇ ਗੱਲਬਾਤ ਕੀਤੀ ਗਈ।ਹਰ ਰੋਜ਼ ਵੱਖ-ਵੱਖ ਮੁਦਰਾਵਾਂ ਤੋਂ ਬੱਚਿਆਂ ਨੂੰ ਜਾਨੂ ਕਰਵਾਇਆ ਜਾਂਦਾ ਸੀ। ਜਿਵੇਂ ਕਿ ਪੁਰਾਤਨ ਲੋਕ ਨਾਚ ਦੀਆਂ ਮੁਦਰਾਵਾਂ,ਧਮਾਲ,ਫੂਮਣੀ,
ਸਿਆਲਕੋਟੀ,ਲਹਿਰੀਆ,ਕੱਛਾ,ਖੂੰਡਾ,ਸੱਪ,
ਕਾਂਟੋ,ਭੰਗੜੇ ਵਿੱਚ ਕਿਵੇਂ ਪ੍ਰਵੇਸ਼ ਕੀਤੇ ਇਸ ਬਾਰੇ ਵੀ ਬਹੁਤ ਗੂੜੇ ਢੰਗ ਨਾਲ ਜਾਣਕਾਰੀ ਦਿੱਤੀ ਗਈ।
"ਸਾਂਝ" ਭੰਗੜਾ ਸਿਖਲਾਈ ਕੈਂਪ ਦੀ ਸਮਾਪਤੀ ਸਮਾਗਮ ਰਾਮ ਸਿੰਘ ਦੱਤ ਹਾਲ, ਗੁਰਦਾਸਪੁਰ ਵਿਖੇ ਬਹੁਤ ਹੀ ਧੂਮ ਧਾਮ ਨਾਲ ਕਰਵਾਇਆ ਗਿਆ।ਭੰਗੜੇ ਦੇ ਮਾਹਰਥੀ ਸ.ਅਜੈਬ ਸਿੰਘ ਚਾਹਲ ਅਤੇ ਪ੍ਰਸਿੱਧ ਭੰਗੜਾ ਕੋਚ ਜੈਕਬ ਮਸੀਹ ਤੇਜਾ ਦੀ ਰਹਿਨਮਾਈ ਹੇਠ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ। 18 ਦਿਨਾਂ ਵਿਚ ਜੋ 56 ਦੇ ਕਰੀਬ ਸਿਖਿਆਰਥੀਆਂ ਨੇ ਭੰਗੜੇ ਦੀ ਸਿਖਲਾਈ ਪ੍ਰਾਪਤ ਕੀਤੀ ਸੀ।ਉਸ ਦਾ ਪ੍ਰਦਰਸ਼ਨ ਰੰਗ ਬਰੰਗੀਆਂ ਪੁਸ਼ਾਕਾਂ ਪਾ ਕੇ ਭੰਗੜਾ ਸਾਰਿਆਂ ਨੂੰ ਦਿਖਾਇਆ। ਇਸ ਸਮੇਂ ਸਿੱਖਣ ਵਾਲੇ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ।ਜਿਨ੍ਹਾਂ ਵੱਲੋਂ ਭੰਗੜਾ ਕੋਚ ਜੈਕਬ ਮਸੀਹ ਤੇਜਾ ਦੀ ਪ੍ਰਸੰਸਾ ਕੀਤੀ ਜਾ ਰਹੀ ਸੀ। ਕੈਂਪ ਦੌਰਾਨ ਭੰਗੜੇ ਦੀ ਸਹਯੋਗੀ ਟੀਮ ਕਾਨਵ ਆਨੰਦ,ਸਿਮਰਨਜੀਤ,ਹਰਨੂਰ ਸ਼ਰਮਾ,
ਮਾਸਟਰ ਰਾਜ ਕੁਮਾਰ,ਮਾਸਟਰ ਸਰਬਜੀਤ ਸਿੰਘ, ਮਾਸਟਰ ਕੁਲਵੰਤ ਸਿੰਘ,ਹਰਪ੍ਰੀਤ ਸਿੰਘ,ਐਡਵੋਕੇਟ ਸੁਖਦੀਪ ਸਿੰਘ ਅਤੇ ਗੁਰਸ਼ਾਂਤ ਨੇ ਬੱਚਿਆਂ ਨੂੰ ਬਹੁਤ ਲਗਣ ਨਾਲ ਮਿਹਨਤ ਕਰਵਾਈ।
ਭੰਗੜੇ ਦੇ ਪ੍ਰਸਿੱਧ ਕੋਚ ਸ. ਅਜੈਬ ਸਿੰਘ ਚਾਹਲ ਤੇ ਜੈਕਬ ਮਸੀਹ ਤੇਜਾ ਅਤੇ ਲੋਕ ਸੱਭਿਆਚਾਰਕ ਪਿੜ ਦੀ " ਸਾਂਝ " ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰਸਿੱਧ ਢੋਲ ਮਾਸਟਰ ਸ਼ੁਭਾਸ ਕੁਮਾਰ ਰਣੀਏ ਨੂੰ ਲੋਕ ਨਾਚ ਭੰਗੜੇ ਨਾਲ ਢੋਲ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ " ਢੋਲ ਦਾ ਸਰਤਾਜ "ਸਵਰਗੀ ਭੰਗੜਾ ਕਲਾਕਾਰ ਵਰੁਣ ਮਹਾਜਨ ਯਾਦਗਾਰੀ " ਸਾਂਝ " 2026 ਪੁਰਸਕਾਰ ਦੇ ਕੇ ਨਿਵਾਜਿਆ ਗਿਆ।
ਛੋਟੀ ਉਮਰ ਦਾ ਪ੍ਰਸਿੱਧ ਢੋਲ ਮਾਸਟਰ ਰਾਜਨ ਨੇ ਸਿਖਿਆਰਥੀਆਂ ਨਾਲ ਆਪਣੀ ਢੋਲ ਕਲਾ ਦਾ ਪ੍ਰਦਰਸ਼ਨ ਕੀਤਾ।ਭੰਗੜਾ ਕੈਂਪ ਵਿੱਚ ਵਿਸੇਸ਼ ਤੌਰ ਪਹੁੰਚੇ ਸੰਜੀਵ ਕੁਮਾਰ. ਸ.ਜਗਰੂਪ ਸਿੰਘ,ਐਡਵੋਕੇਟ ਗੁਰਜਿੰਦਰ ਸਿੰਘ,ਰਿਟਾਇਰ ਪ੍ਰਿੰਸੀਪਲ ਗੁਰਦੀਪ ਸਿੰਘ ,ਮਾਸਟਰ ਅਰੁਣ ਸ਼ਰਮਾ,ਪਿੜ ਦੇ ਬਾਨੀ ਸ.ਅਜੈਬ ਸਿੰਘ ਚਾਹਲ ਜੀ ਨੇ ਬੋਲਦੇ ਹੋਇਆਂ ਆਪਣੇ ਭਾਸ਼ਨ ਵਿਚ ਆਖਿਆ ਕਿ ਸਾਡੀ ਨੌਜਵਾਨ ਪੀਡ਼੍ਹੀ ਨੂੰ ਆਪਣੇ ਵਿਰਾਸਤੀ ਲੋਕ ਨਾਚ ਨੂੰ ਅੱਗੇ ਤੋਰਨਾ ਚਾਹੀਦਾ ਹੈ,ਸਿਖਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਇਹ ਵੀ ਆਖਿਆ ਕਿ ਧਰਤੀ ਨੂੰ ਹਰੀ ਭਰੀ ਰੱਖਣ ਲਈ ਛਾਂਦਾਰ ਬੂਟੇ ਲਗਾਉਣੇ ਚਾਹੀਦੇ ਹਨ,ਦਿਨੋਂ ਦਿਨ ਪਾਣੀ ਘਟਦਾ ਜਾ ਰਿਹਾ ਅਤੇ ਪਾਣੀ ਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਤੇ ਬੱਚਿਆਂ ਨੂੰ ਸਿਖਲਾਈ ਦੇ ਸਰਟੀਫਿਕੇਟ ਵੀ ਵੰਡੇ ਗਏ।
ਆਖਿਰ ਵਿੱਚ ਪਿੜ ਦੇ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਮਸੀਹ ਤੇਜਾ ਸਾਰੇ ਆਏ ਸਿਖਿਆਰਥੀਆਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਜਿਨ੍ਹਾਂ ਹਮੇਸ਼ਾਂ ਹੀ ਭੰਗੜਾ ਸਿਖਲਾਈ ਕੈਂਪ ਲਗਾਉਣ ਵਿਚ ਵੱਧ ਚਡ਼੍ਹ ਕੇ ਸਾਥ ਦਿੱਤਾ ਹੈ।ਇਸ ਪੂਰੇ ਕੈਂਪ ਦੀ ਸਟੇਜ ਸੈਕਟਰੀ ਦੀ ਭੂਮਿਕਾ ਮਾਸਟਰ ਰਾਜ ਕੁਮਾਰ ਅਤੇ ਐਡਵੋਕੇਟ ਸੁਖਦੀਪ ਸਿੰਘ ਨੇ ਬਾਖੂਬੀ ਨਿਭਾਈ।
- Download Babushahi App
-
-