ਮੇਅਰ ਪਦਮਜੀਤ ਮਹਿਤਾ ਵੱਲੋਂ 42 ਲੱਖ ਦੀ ਲਾਗਤ ਵਾਲੇ ਇੰਟਰਲਾਕਿੰਗ ਟਾਈਲ ਪ੍ਰੋਜੈਕਟ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 28 ਦਸੰਬਰ 2025 : ਬਠਿੰਡਾ ਨੂੰ ਆਦਰਸ਼ ਸ਼ਹਿਰ ਬਣਾਉਣ ਦੇ ਮਕਸਦ ਤਹਿਤ ਦਿਨ-ਰਾਤ ਸਖ਼ਤ ਮਿਹਨਤ ਕਰ ਰਹੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਅੱਜ ਕੌਂਸਲਰ ਮਾਤਾ ਸ਼ੀਲਾ ਦੇਵੀ ਦੇ ਵਾਰਡ ਨੰਬਰ 19 ਦੇ ਬੰਗੀ ਨਗਰ ਵਿੱਚ ਸੜਕਾਂ ਦੇ ਸੁੰਦਰੀਕਰਨ ਲਈ ਕਰੀਬ 42 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਜ਼ ਲਗਾਉਣ ਦੇ ਕੰਮ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਕੌਂਸਲਰ ਮਾਤਾ ਸ਼ੀਲਾ ਦੇਵੀ ਦੇ ਪੁੱਤਰ ਸ੍ਰੀ ਗੋਬਿੰਦ ਮਸੀਹ ਦੀ ਅਗਵਾਈ ਹੇਠ ਰੱਖੇ ਪ੍ਰੋਗ੍ਰਾਮ ਵਿੱਚ ਸੈਂਕੜੇ ਲੋਕ ਢੋਲ ਦੀਆਂ ਥਾਪਾਂ ‘ਤੇ ਮੇਅਰ ਦਾ ਨਿੱਘਾ ਸਵਾਗਤ ਕਰਦੇ ਨਜ਼ਰ ਆਏ।
ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬੰਗੀ ਨਗਰ ਦੇ ਵਿਕਾਸ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ 42 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਜ਼ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਦਕਿ ਇਸ ਤੋਂ ਪਹਿਲਾਂ ਇਸੇ ਹੀ ਇਲਾਕੇ ਵਿੱਚ ਕਰੀਬ 45 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕੀਤਾ ਗਿਆ ਹੈ।
ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਜੋ ਇਲਾਕਾ ਪਹਿਲਾਂ ਸਲੱਮ ਇਲਾਕੇ ਵਜੋਂ ਜਾਣਿਆ ਜਾਂਦਾ ਸੀ, ਉਥੇ ਹੁਣ ਵਿਕਾਸ ਦੀ ਨਵੀਂ ਤਸਵੀਰ ਸਾਹਮਣੇ ਆ ਰਹੀ ਹੈ ਅਤੇ ਸਲੱਮ ਦਾ ਦਾਗ ਵਿਵਸਥਿਤ ਯੋਜਨਾਬੱਧ ਕੰਮਾਂ ਰਾਹੀਂ ਧੋ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਥਾਨਕ ਅਮਰਪੁਰਾ ਬਸਤੀ ਵਿੱਚ ਕਰੀਬ 26 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਅਧੀਨ 10 ਲੱਖ ਲੀਟਰ ਗੈਲਣ ਕਪੈਸਿਟੀ ਵਾਲੀ ਪਾਣੀ ਦੀ ਟੈਂਕੀ ਤਿਆਰ ਕੀਤੀ ਜਾਵੇਗੀ ਅਤੇ ਕਰੀਬ 65 ਹਜ਼ਾਰ ਮੀਟਰ ਪਾਈਪ ਲਾਈਨ ਵਿਛਾਈ ਜਾ ਰਹੀ ਹੈ, ਜਿਸ ਨਾਲ ਲਗਭਗ ਤਿੰਨ ਵਾਰਡਾਂ ਦੇ ਨਿਵਾਸੀਆਂ ਨੂੰ ਸਾਫ਼ ਤੇ ਪੀਣਯੋਗ ਪਾਣੀ ਦੀ ਉਪਲਬਧਤਾ ਯਕੀਨੀ ਬਣੇਗੀ।
ਮੇਅਰ ਸ੍ਰੀ ਮਹਿਤਾ ਨੇ ਇਹ ਵੀ ਐਲਾਨ ਕੀਤਾ ਕਿ ਬੰਗੀ ਨਗਰ ਦੀਆਂ ਰੇਲਵੇ ਲਾਈਨਾਂ ਦੇ ਨੇੜੇ ਇੱਕ ਸੁੰਦਰ ਗ੍ਰੀਨ ਬੈਲਟ ਅਤੇ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ, ਜੋ ਨਿਵਾਸੀਆਂ ਲਈ ਸੁਚੱਜੀ ਸਿਹਤ ਅਤੇ ਸਫ਼ਾਈ ਵਾਲਾ ਵਾਤਾਵਰਣ ਮੁਹੱਈਆ ਕਰੇਗਾ।
ਇਸ ਮੌਕੇ ਸ੍ਰੀ ਗੋਬਿੰਦ ਮਸੀਹ ਨੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨ ਮੇਅਰ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਹੌਸਲਾ ਅਤੇ ਜਜ਼ਬਾ ਹੋਵੇ ਤਾਂ ਸ਼ਹਿਰ ਨੂੰ ਸੁੰਦਰ ਅਤੇ ਮਾਡਰਨ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਅਰ ਵੱਲੋਂ ਸ਼ਹਿਰ ਦੇ ਵਿਕਾਸ ‘ਤੇ ਵੱਡੇ ਪੱਧਰ ਤੇ ਫੰਡ ਖਰਚ ਕਰਕੇ ਲੋਕਾਂ ਦੇ ਦਿਲ ਜਿੱਤੇ ਗਏ ਹਨ।