ਮਾਨਸਾ ਗੋਲੀਬਾਰੀ :ਸ਼ਹਿਰ ਵਾਸੀਆਂ ਵੱਲੋਂ ਪੁਲਿਸ ਅਫਸਰਾਂ ’ਤੇ ਗੈਂਗਸਟਰਾਂ ਨਾਲ ਘਿਓ ਖਿਚੜੀ ਹੋਣ ਦੇ ਦੋਸ਼
ਅਸ਼ੋਕ ਵਰਮਾ
ਮਾਨਸਾ,29ਅਕਤੂਬਰ2025: ਮਾਨਸਾ ਦੇ ਬਜਾਰ ਵਿੱਚ ਆਰ.ਟੀ.ਆਈ . ਕਾਰਕੁਨ ਮਾਨਕ ਗੋਇਲ ਦੀ ਦੁਕਾਨ ਤੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਉਣ ਤੋਂ ਬਾਅਦ ਫਰਾਰ ਹੋਣ ਦੇ ਮਾਮਲੇ ’ਚ ਅੱਜ ਦਿੱਤੇ ਧਰਨੇ ਦੌਰਾਨ ਵਪਾਰੀ ਅਤੇ ਸਿਆਸੀ ਆਗੂਆਂ ਤੋਂ ਇਲਾਵਾ ਜਨਤਕ ਧਿਰਾਂ ਦੇ ਕਾਰਕੁੰਨਾਂ ਨੇ ਪੁਲਿਸ ਪ੍ਰਸ਼ਾਸ਼ਨ ਦੀ ਸੁਸਤੀ ਖਿਲਾਫ ਪੰਜਾਬ ਸਰਕਾਰ ਨੂੰ ਤਿੱਖੇ ਸ਼ਬਦਾਂ ’ਚ ਤਾੜਨਾ ਕੀਤੀ। ਵਪਾਰ ਮੰਡਲ ਦੀ ਅਗਵਾਈ ਹੇਠ ਦਿੱਤੇ ਇਸ ਧਰਨੇ ਦੌਰਾਨ ਆਗੂਆਂ ਨੇ ਸਿੱਧੇ ਤੌਰ ਤੇ ਪੁਲਿਸ ਅਫਸਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਸ਼ਹਿਰ ’ਚ ਵਧ ਰਹੀਆਂ ਵਾਰਦਾਤਾਂ ਨੂੰ ਲੈਕੇ ਫਿਕਰ ਜਾਹਰ ਕੀਤੇ ਗਏ। ਸ਼ਹਿਰ ਵਾਸੀਆਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਕੋਈ ਢੁੱਕਵੀਂ ਕਾਰਵਾਈ ਨਾਂ ਕੀਤੀ ਅਤੇ ਆਮ ਆਦਮੀ ਦੀ ਸੁਰੱਖਿਆ ਯਕੀਨੀ ਨਾਂ ਬਣਾਈ ਤਾਂ ਉਹ ਹੋਰ ਵੱਧ ਰੋਸ ਨਾਲ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ। ਧਰਨੇ ਦੌਰਾਨ ਸ਼ਹਿਰ ਵਾਸੀ ਖਫਾ ਦਿਖਾਈ ਦਿੱਤੇ ਅਤੇ ਅਗਲੀ ਰਣਨੀਤੀ ਘੜਨ ਲਈ 21 ਮੈਂਬਰੀ ਸੰਘਰਸ਼ ਕਮੇਟੀ ਬਣਾਈ ਗਈ।
ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਹੁਣ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਕਿਉਂਕਿ ਪੁਲਿਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਗੈਂਗਸਟਰ ਗਿਰੋਹਾਂ ਵੱਲੋਂ ਵੱਡੀ ਪੱਧਰ ਤੇ ਵਾਰਦਾਤਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਮਾਨਸਾ ਵਿੱਚ ਅਮਨ ਕਾਨੂੰਨ ਦੀ ਨਿੱਘਰੀ ਹਾਲਤ ਕਾਰਨ ਹੋਣ ਹਰ ਕੋਈ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਨੇ ਪੰਜਾਬ ਸਰਕਾਰ ਨੂੰ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਲਈ ਜਿੰਮੇਵਾਰ ਠਹਿਰਾਇਆ ਅਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੁਲਿਸ ਮਹਿਕਮੇ ਤੇ ਕੋਈ ਕੰਟਰੋਲ ਨਾਂ ਹੋਣ ਕਾਰਨ ਗੈਂਗਸਰਵਾਦ ਲਗਾਤਾਰ ਸਿਰ ਚੁੱਕ ਰਿਹਾ ਹੈ ਜਿਸ ਦੀ ਮਿਸਾਲ ਮੰਗਲਵਾਰ ਨੂੰ ਦਲੇਰਾਨਾ ਢੰਗ ਨਾਲ ਕੀਤੀ ਫਾਇਰਿੰਗ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਨਾਗਰਿਕਾਂ ਦੀ ਸੁਰੱਖਿਆ ਰੱਬ ਭਰੋਸੇ ਹੈ।
ਧਰਨੇ ਨੂੰ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਬਿਕਰਮਜੀਤ ਮੋਫਰ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ, ਬੀਜੇਪੀ ਆਗੂ ਸਤੀਸ਼ ਸਿੰਗਲਾ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਤੋਂ ਐਸਐਸਪੀ ਖਿਲਾਫ ਕਾਰਵਾਈ ਤੇ ਮਾਣਿਕ ਗੋਇਲ ਸਮੇਤ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੌਜੂਦਾ ਐਸਐਸਪੀ ਨੇ ਅਹੁਦਾ ਸੰਭਾਲਿਆ ਉਦੋਂ ਤੋਂ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਲੋਕਾਂ ਨੇ ਕਦੇ ਕੋਈ ਨਾਕਾ ਤੱਕ ਲੱਗਿਆ ਨਹੀਂ ਦੇਖਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਥਾਣਾ ਸਿਟੀ ਦੀ ਨੱਕ ਹੇਠ ਆਰ.ਟੀ.ਆਈ. ਕਾਰਕੁੰਨ ਮਾਨਿਕ ਗੋਇਲ ਦੇ ਚਾਚੇ ਤੇ ਜਾਨ ਲੇਵਾ ਹਮਲਾ ਕਰਕੇ ਗੋਲੀਆਂ ਚਲਾਉਣ ਦੋਵਾਂ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਅਤੇ ਗੈਂਗਸਟਰਾਂ ਨੂੰ ਭੇਜਣ ਵਾਲੇ ਸਾਜਿਸ਼ ਘਾੜਿਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ।
ਪੁਤਲਾ ਫੂਕਣ ਤੇ ਧਰਨੇ ਦਾ ਐਲਾਨ
ਮਾਨਸਾ ਵਾਸੀਆਂ ਨੇ ਧਰਨੇ ਦੌਰਾਨ ਮਾਨਸਾ ਪੁਲਿਸ ਦੇ ਢਿੱਲੜ ਵਤੀਰੇ ਖਿਲਾਫ ਆਉਂਦੇ ਸ਼ਨੀਵਾਰ ਨੂੰ ਬਾਰਾ ਹੱਟਾ ਚੌਂਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਜੋ ਪੰਜਾਬ ਦੇ ਗ੍ਰਹਿ ਮੰਤਰੀ ਵੀ ਹਨ ਇਸ ਲਈ ਕਸੂਰਵਾਰ ਹਨ। ਆਗੂਆਂ ਨੇ ਦੱਸਿਆ ਕਿ ਉਸ ਵਕਤ ਬਾਅਦ ਦੁਪਹਿਰ ਮਾਨਸਾ ਪੁਲਿਸ ਦੀਆਂ ਨਾਕਾਮੀਆਂ ਤੋਂ ਪਰਦਾ ਚੁੱਕਣ ਲਈ ਮੀਡੀਆ ਨੂੰ ਸੰਬੋਧਨ ਕੀਤਾ ਜਾਏਗਾ ਅਤੇ3 ਨਵੰਬਰ ਦਿਨ ਸੋਮਵਾਰ ਨੂੰ ਮਾਨਸਾ ਵਾਸੀ ਐੱਸ.ਐੱਸ.ਪੀ. ਦਫਤਰ ਦਾ ਘਿਰਾਓ ਕਰਨਗੇ।
ਇਹ ਆਗੂ ਵੀ ਸਨ ਹਾਜ਼ਰ
ਇਸ ਮੌਕੇ 21 ਮੈਂਬਰੀ ਕਮੇਟੀ ਦੇ ਮੈਂਬਰ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਮਨੀਸ਼ ਬੱਬੀ ਦਾਨੇਵਾਲੀਆਂ, ਰੂਲਦੂ ਸਿੰਘ ਮਾਨਸਾ, ਰਾਜਵਿੰਦਰ ਰਾਣਾ, ਕਾਮਰੇਡ ਕ੍ਰਿਸ਼ਨ ਚੌਹਾਨ, ਗੁਰਲਾਭ ਸਿੰਘ ਮਾਹਲ, ਧੰਨਾ ਮੱਲ ਗੋਇਲ, ਸਮੀਰ ਛਾਬੜਾ, ਬਲਜੀਤ ਸ਼ਰਮਾ, ਮਾਨਿਕ ਗੋਇਲ, ਸ਼ੁਰੇਸ਼ ਨੰਦਗੜੀਆ, ਜਤਿੰਦਰ ਆਗਰਾ, ਡਾ. ਜਨਕ ਰਾਜ, ਹਰਿੰਦਰ ਮਾਨਸ਼ਾਹੀਆ, ਸ਼ਤੀਸ਼ ਗੋਇਲ, ਸ਼ਤੀਸ਼ ਨੀਟੂ, ਮਨਜੀਤ ਸਿੰਘ ਸਦਿਉੜਾ, ਪ੍ਰੇਮ ਅਰੋੜਾ, ਹਰਵਿੰਦਰ ਭਾਰਦਵਾਜ, ਨਿਰਮਲ ਸਿੰਘ ਝੰਡੂਕੇ, ਤਰਸੇਮ ਮਿੱਢਾ, ਪਰਸ਼ੋਤਮ ਬਾਂਸਲ ਹਾਜ਼ਰ ਸਨ।