Babushahi Special ਕੰਗਣਾ ਰਣੌਤ ਦੀ ਮੁਆਫੀ: ਗੋਲ ਮੋਲ ਸਿਆਸੀ ਟਿੰਡ ਚੋਂ ਕਿਸਾਨੀ ਕਾਨਾ ਨਿਕਲਣ ਦੇ ਆਸਾਰ ਮੱਧਮ
ਅਸ਼ੋਕ ਵਰਮਾ
ਬਠਿੰਡਾ, 28 ਅਕਤੂਬਰ 2025: ਸੋਮਵਾਰ ਨੂੰ ਮਾਣਹਾਨੀ ਮਾਮਲੇ ਵਿੱਚ ਭਾਜਪਾ ਦੀ ਸੰਸਦ ਮੈਂਬਰ ਤੇ ਫਿਲਮ ਅਦਾਕਾਰਾ ਕੰਗਣਾ ਰਣੌਤ ਵੱਲੋਂ ਬਜੁਰਗ ਮਹਿੰਦਰ ਕੌਰ ਤੋਂ ਮੰਗੀ ਮੁਆਫੀ ਦੀ ਲੱਛੇਦਾਰ ਭਾਸ਼ਾ ਕਾਰਨ ਹਾਲ ਦੀ ਘੜੀ ਇਸ ਮੁੱਦੇ ਦੇ ਕਿਸੇ ਤਣ ਪੱਤਣ ਲੱਗਣ ਦੇ ਆਸਾਰ ਮੱਧਮ ਨਜ਼ਰ ਆ ਰਹੇ ਹਨ। ਕੰਗਣਾ ਰਣੌਤ ਨੇ ਅਦਾਲਤ ਕੋਲ ਬਜ਼ੁਰਗ ਮਹਿੰਦਰ ਕੌਰ ਪਤਨੀ ਲਾਭ ਸਿੰਘ ਵਾਸੀ ਬਹਾਦਰਗੜ੍ਹ ਜੰਡੀਆਂ ਵੱਲੋਂ ਦਾਇਰ ਮੁਕੱਦਮੇ ’ਚ ਮੁਆਫੀ ਮੰਗੀ ਹੈ ਪਰ ਮੀਡੀਆ ਕੋਲ ਜਿਸ ਤਰਾਂ ਦੀ ਭਾਸ਼ਾ ਵਰਤੀ ਉਸ ਤੋਂ ਮਹਿੰਦਰ ਕੌਰ ਨਰਾਜ਼ ਜਾਪਦੀ ਹੈ। ਕੰਗਣਾ ਨੇ ਕਿਹਾ ਕਿ ਉਨ੍ਹਾਂ ਮਾਤਾ ਮਹਿੰਦਰ ਕੌਰ ਦੇ ਪਤੀ ਰਾਹੀਂ ਸੰਦੇਸ਼ ਭੇਜਿਆ ਹੈ ਕਿ ਉਹ ਗਲ੍ਹਤ ਫਹਿਮੀ ਦਾ ਸ਼ਿਕਾਰ ਹੋਈ ਹੈ, ਮੇਰੀ ਅਜਿਹੀ ਮੰਸ਼ਾ ਨਹੀਂ ਸੀ। ਕੇਸ ਨੂੰ ਧਿਆਨ ਨਾਲ ਦੇਖਿਆ ਜਾਏ ਤਾਂ ਮੇਰਾ ਉਸ ’ਚ ਕੁੱਝ ਵੀ ਨਹੀਂ ਉਹ ਇੱਕ ਰੀਟਵੀਟ ਸੀ ਜਿਸ ਨੂੰ ਮੀਮ ਦੇ ਤੌਰ ਤੇ ਪੇਸ਼ ਕੀਤਾ ਗਿਆ।
ਬਜੁਰਗ ਮਹਿੰਦਰ ਕੌਰ ਦਾ ਕਹਿਣਾ ਸੀ ਕਿ ਉਸ ਨੇ ਕਿਹਾ ਕਿ ਜੇਕਰ ਕੰਗਣਾ ਰਣੌਤ ਪਹਿਲਾਂ ਹੀ ਮੁਆਫੀ ਮੰਗ ਲੈਂਦੀ ਤਾਂ ਸ਼ਾਇਦ ਉਹ ਮੁਆਫ ਕਰ ਦਿੰਦੀ ਪਰ ਹੁਣ ਮੁਆਫ ਨਹੀਂ ਕੀਤਾ ਜਾ ਸਕਦਾ ਹੈ। ਉਹ ਇੱਕ ਵਾਰ ਮੇਰੇ ਸਾਹਮਣੇ ਆ ਜਾਏ ਫਿਰ ਦੇਖਾਂਗੇ ਕਿ ਮੁਆਫ ਕਰਨਾ ਹੈ ਜਾਂ ਨਹੀਂ। ਉਸ ਨੇ ਕਿਹਾ ਕਿ ਜਦੋਂ ਅਗਲੀ ਪੇਸ਼ੀ ਮੌਕੇ ਉਨ੍ਹਾਂ ਦਾ ਅਦਾਲਤ ਵਿੱਚ ਕੰਗਣਾ ਰਣੌਤ ਨਾਲ ਸਾਹਮਣਾ ਹੋਇਆ ਅਤੇ ਉਦੋਂ ਉਸ ਨੇ ਮੁਆਫੀ ਮੰਗੀ ਤਾਂ ਕਿਸਾਨ ਭਰਾਵਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਏਗਾ । ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਹ 80 ਸਾਲ ਦੀ ਉਮਰ ਵਿੱਚ ਕੋਰਟ ਕਚਹਿਰੀਆਂ ਦੇ ਲਗਾਤਾਰ ਚੱਕਰ ਕੱਟਦੀ ਰਹੀ ਹੈ ਤਾਂ ਉਦੋਂ ਉਸ ਨੂੰ ਮੁਆਫੀ ਮੰਗਣੀ ਕਿਓਂ ਨਹੀਂ ਯਾਦ ਆਈ। ਉਨ੍ਹਾਂ ਕਿਹਾ ਕਿ ਜੇਕਰ ਕੰਗਣਾ ਉਨ੍ਹਾਂ ਦੇ ਸਿਰ ਤੇ ਚੜ੍ਹਕੇ ਨੱਚੂਗੀ ਤਾਂ ਫਿਰ ਕਿੱਦਾਂ ਮੁਆਫ ਕੀਤਾ ਜਾ ਸਕਦਾ ਹੈ।
ਮਹਿੰਦਰ ਕੌਰ ਨੇ ਕਿਹਾ ਕਿ ਕੰਗਣਾ ਨੇ ਸਿਰਫ ਮੇਰਾ ਹੀ ਅਪਮਾਨ ਨਹੀਂ ਕੀਤਾ ਬਲਕਿ ਸਮੂਹ ਕਿਸਾਨਾਂ ਨੂੰ ਬੇਇੱਜਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹਮੇਸ਼ਾ ਉਨ੍ਹਾਂ ਨਾਲ ਖਲੋਤੇ ਹਨ ਇਸ ਲਈ ਕੋਈ ਵੀ ਫੈਸਲਾ ਉਹ ਕਿਸਾਨਾਂ ਭਰਾਵਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਮੁਆਫ ਕਰਨ ਦੀ ਸੂਰਤ ’ਚ ਉਹ ਵੀ ਮੁਆਫ ਕਰ ਦੇਵੇਗੀ ਵਰਨਾ ਮੁਆਫੀ ਨਹੀਂ । ਬਿਰਧ ਮਹਿੰਦਰ ਕੌਰ ਆਖਦੀ ਹੈ ਕਿ ਕੰਗਣਾ ਰਣੌਤ ਦੀ ਬੋਲਬਾਣੀ ਨੇ ਮੁਲਕ ਦੇ ਕਿਸਾਨਾਂ ਨੂੰ ਸਿਰਫ ਦੁੱਖ ਹੀ ਨਹੀਂ ਪਹੁੰਚਾਇਆ ਬਲਕਿ ਬੇਇੱਜਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੰਗਣਾ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਉਦੋਂ ਪੰਜਾਬ ਦੇ ਲੋਕਾਂ ਨੂੰ ਕਿੰਨੇ ਦੁੱਖ ਤਕਲੀਫਾਂ ਝੱਲਣੀਆਂ ਪਈਆਂ ਹਨ। ਮਹਿੰਦਰ ਕੌਰ ਨੇ ਕਿਹਾ ਕਿ ਅਦਾਲਤ ਉਸ ਨਾਲ ਜਰੂਰ ਇਨਸਾਫ ਕਰੇਗੀ ਕਿਉਂਕਿ ਉਸ ਨੂੰ ਰੱਬ ਅਤੇ ਜੱਜ ਦੋਵਾਂ ਤੇ ਪੱਕਾ ਭਰੋਸਾ ਹੈ।
ਸਾਜਿਸ਼ ਤਹਿਤ ਨਿਸ਼ਾਨਾ ਬਣਾਇਆ
ਕਿਸਾਨ ਆਗੂ ਜਸਬੀਰ ਸਿੰਘ ਬੁਰਜਸੇਮਾ ਦਾ ਕਹਿਣਾ ਸੀ ਕਿ ਜੇਕਰ ਕੰਗਣਾ ਰਣੌਤ ਨੇ ਮਜਾਕੀਆ ਲਹਿਜੇ ’ਚ ਕੁੱਝ ਕਿਹਾ ਹੁੰਦਾ ਤਾਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਉਸ ਖਿਲਾਫ ਐਨੀਆਂ ਤਿੱਖੀਆਂ ਟਿੱਪਣੀਆਂ ਨਹੀਂ ਕਰਨੀਆਂ ਸਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਸੀ ਕਿ ਕੰਗਨਾ ਨੇ ਸਿਰਫ਼ ਰੀਟਵੀਟ ਹੀ ਨਹੀਂ ਕੀਤਾ ਬਲਕਿ ਉਸ ’ਚ ਮਸਲਾ ਵੀ ਪਾਇਆ ਸੀ। ਉਨ੍ਹਾਂ ਕਿਹਾ ਕਿ ਇਸ ਅਦਾਲਤ ਨੇ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਾਈਕੋਰਟ ਨੇ ਵੀ ਕੰਗਣਾ ਦੀ ਅਰਜੀ ਰੱਦ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਜਾਹਰ ਹੈ ਕਿ ਕੰਗਣਾ ਨੇ ਬਜੁਰਗ ਮਹਿੰਦਰ ਕੌਰ ਨੂੰ ਜਾਣ ਬੁੱਝਕੇ ਨਿਸ਼ਾਨਾ ਬਣਾਇਆ ਸੀ।
ਨਕਲੀ ਮੁਆਫੀ ਮੰਗੀ: ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜੇਕਰ ਭਾਜਪਾ ਆਗੂ ਕੰਗਣਾ ਰਣੌਤ ਨੇ ਮੁਆਫੀ ਮੰਗਣੀ ਸੀ ਤਾਂ ਪਹਿਲਾਂ ਵੀ ਮੰਗੀ ਜਾ ਸਕਦੀ ਸੀ ਪਰ ਹੁਣ ਤਾਂ ਫਸਣ ਤੋਂ ਬਾਅਦ ਅਣਸਰਦੇ ਨੂੰ ਮੁਆਫੀ ਮੰਗੀ ਹੈ ਜੋਕਿ ਨਕਲੀ ਅਤੇ ਖਾਨਾਪੂਰਤੀ ਹੈ। ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਦਾ ਟਰੈਕ ਰਿਕਾਰਡ ਰਿਹਾ ਹੈ ਕਿ ਉਸ ਨੇ ਹਮੇਸ਼ਾ ਕਿਸਾਨੀ ਘੋਲ ਖਿਲਾਫ ਨਫਰਤੀ ਬੋਲ ਬੋਲੇ ਹਨ। ਉਨ੍ਹਾਂ ਕਿਹਾ ਕਿ ਕੰਗਣਾ ਦਾ ਮਹਿੰਦਰ ਕੌਰ ਖਿਲਾਫ ਕੀਤੀਆਂ ਟਿੱਪਣੀਆਂ ਵੀ ਕਿਸਾਨਾਂ ਪ੍ਰਤੀ ਨਫਰਤ ਦਾ ਹੀ ਸਿੱਟਾ ਹੈ।
ਪੱਥਰ ਚੱਟਕੇ ਮੁੜੀ ਮੱਛੀ
ਜਦੋਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵਕਤ ਨਵੰਬਰ 2020 ’ਚ ਕੰਗਨਾ ਰਣੌਤ ਨੇ ਟਵੀਟ ਕਰਕੇ ਬਿਰਧ ਮਹਿੰਦਰ ਕੌਰ ਨੂੰ ਕਿਸਾਨ ਘੋਲ ’ਚ 100 ਰੁਪਿਆ ਭਾੜਾ ਲੈ ਕੇ ਕੁੱਦਣ ਵਾਲੀ ਔਰਤ ਦੱਸਿਆ ਸੀ। ਕੰਗਨਾ ਨੇ ਇਸ ਬਿਰਧ ਦੀ ਫ਼ੋਟੋ ਵੀ ਕੰਗਨਾ ਨੇ ਸਾਂਝੀ ਕੀਤੀ ਸੀ। ਮਹਿੰਦਰ ਕੌਰ ਨੇ 5 ਜਨਵਰੀ 2021 ਨੂੰ ਕੰਗਨਾ ਰਣੌਤ ਖਿਲਾਫ ਧਾਰਾ 499 ਅਤੇ 500 ਆਈਪੀਸੀ ਤਹਿਤ ਮਾਣਹਾਨੀ ਮਾਮਲਾ ਦਾਇਰ ਕੀਤਾ ਸੀ। ਕੰਗਨਾ ਰਣੌਤ ਨੇ ਇਸ ਸ਼ਿਕਾਇਤ ਨੂੰ ਰੱਦ ਕਰਨ ਅਤੇ ਸੰਮਨਾਂ ਸਮੇਤ ਬਾਕੀ ਗਤੀਵਿਧੀ ਰੋਕਣ ਵਾਸਤੇ ਪਹਿਲਾਂ ਹਾਈਕੋਰਟ ਅਤੇ ਫਿਰ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਪਰ ਸਫਲ ਨਾਂ ਹੋ ਸਕੀ।