ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਆਯੋਜਿਤ
ਪ੍ਰਮੋਦ ਭਾਰਤੀ
ਨੰਗਲ 29 ਅਕਤੂਬਰ ,2025
ਹਿੰਦ ਦੀ ਚਾਦਰ ਨੋਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਨੂੰ ਦਿਹਾੜੇ ਸਮਰਪਿਤ ਸਰਕਾਰੀ ਆਈਟੀਆਈ ਨੰਗਲ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਅਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਕਰਵਾਏ ਗਏ। ਇਸ ਸੈਮੀਨਾਰ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਅਤੇ ਸੂਬਾ ਸਕੱਤਰ ਹਰਮੋਹਿੰਦਰ ਸਿੰਘ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਟਾਫ਼ ਨੂੰ ਗੁਰੂ ਸਾਹਿਬ ਦੇ ਜੀਵਨ ਸੰਦੇਸ਼ਾਂ, ਉਨ੍ਹਾਂ ਦੇ ਬਲਿਦਾਨ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਬਾਰੇ ਜਾਣੂ ਕਰਵਾਉਣਾ ਸੀ। ਸੈਮੀਨਾਰ ਦੀ ਸ਼ੁਰੂਆਤ ਮੌਕੇ ਸਿੱਖਿਆਰਥੀਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਤ ਵਿਸ਼ੇਸ਼ ਧਾਰਮਿਕ ਦਸਤਾਵੇਜੀ ਫਿਲਮ ਵਿਖਾਈ ਗਈ, ਜਿਸ ਨਾਲ ਪੂਰੇ ਪ੍ਰੋਗਰਾਮ ਦਾ ਮਾਹੌਲ ਆਧਿਆਤਮਿਕ ਹੋ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਹਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਅਤੇ ਸੱਚਾਈ ਦੀ ਰੱਖਿਆ ਲਈ ਬਲਿਦਾਨ ਦਿੱਤਾ ਪਰ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਦਾ ਬਲਿਦਾਨ ਸਾਰੀ ਮਨੁੱਖਤਾ ਲਈ ਪ੍ਰੇਰਣਾ ਸ੍ਰੋਤ ਹੈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹਰਮੋਹਿੰਦਰ ਸਿੰਘ ਨੇ ਗੁਰੂ ਜੀ ਦੇ ਉਪਦੇਸ਼ਾਂ ਉੱਤੇ ਵਿਸਤਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗੁਰੂ ਜੀ ਦੀਆਂ ਸਿੱਖਿਆਵਾਂ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਲਈ ਬਹੁਤ ਮਹੱਤਵ ਰੱਖਦੀਆਂ ਹਨ।
ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਮਹਿਮਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਅਸੀ ਆਪਣੀ ਵਿਰਾਸਤ ਨਾਲ ਜੁੜਦੇ ਹਾਂ ਅਤੇ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬਾਂ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦੇ ਹਨ। ਗੁਰੂ ਜੀ ਦੀ ਸ਼ਹਾਦਤ ਨੂੰ ਸਿੱਜਦਾ ਕਰਦਿਆਂ ਉਨਾਂ ਕਿਹਾ ਕਿ ਗੁਰੂ ਜੀ ਵਲੋਂ ਜਬਰ ਅਤੇ ਜੁਲਮ ਦੇ ਖਿਲਾਫ ਆਪਣੀ ਸ਼ਹਾਦਤ ਦੇ ਕੇ ਹਿੰਦੂ ਧਰਮ ਦੀ ਰਾਖੀ ਕੀਤੀ। ਇਸ ਮੌਕੇ ਟਰੇਨਿੰਗ ਅਫਸਰ ਰਾਕੇਸ਼ ਕੁਮਾਰ ਵਲੋਂ ਗੁਰੂ ਸਾਹਿਬ ਦੇ ਜੀਵਨ ਅਤੇ ਉਨਾਂ ਵਲੋਂ ਲੋਕਾਈ ਨੂੰ ਦਿੱਤੇ ਗਏ ਉਪਦੇਸ਼ਾ ਵਾਰੇ ਜਾਣੂ ਕਰਵਾਇਆਂ ਗਿਆ।
ਇਸ ਮੌਕੇ ਟਰੇਨਿੰਗ ਅਫਸਰ ਅਸ਼ਵਨੀ ਕੁਮਾਰ, ਟਰੇਨਿੰਗ ਅਫਸਰ ਅਜੈ ਕੁਮਾਰ, ਟਰੇਨਿੰਗ ਅਫਸਰ ਸੰਜੀਵ ਕੁਮਾਰ ਮੱਲੀ, ਟਰੇਨਿੰਗ ਅਫਸਰ ਗੁਰਮੇਲ ਸਿੰਘ,ਬਲਜੀਤ ਸਿੰਘ ਜੇਤੇਵਾਲ, ਗੁਰਦੀਪ ਕੁਮਾਰ,ਦਲਜੀਤ ਸਿੰਘ,ਵਰਿੰਦਰ ਸਿੰਘ,ਮਨੋਜ ਕੁਮਾਰ,ਅਸੋਕ ਕੁਮਾਰ,ਹਰਜੋਤ ਸਿੰਘ,ਰਾਹੁਲ,ਗਿਤਾਜਲੀ ਸ਼ਰਮਾ,ਸੰਦੀਪ ਕੁਮਾਰ,ਮਨਿੰਦਰ ਸਿੰਘ,ਰਿਸ਼ੀਪਾਲ ਤੇ ਸਮੂਹ ਸਟਾਫ਼ ਮੈਂਬਰਾਂ ਹਾਜ਼ਰ ਸਨ।