11 ਸਾਲ ਵਧੀਆ ਨਤੀਜੇ ਦੇਣ ਵਾਲੇ ਮੈਰੀਟੋਰੀਅਸ ਸਕੂਲ ਦੀ ਇਮਾਰਤ ਅਧੂਰੀ
11 ਸਾਲਾਂ ਵਿੱਚ ਦੁਗਣੀ ਹੋਈ ਕੰਮ ਦੀ ਲਾਗਤ
ਰੋਹਿਤ ਗੁਪਤਾ
ਗੁਰਦਾਸਪੁਰ , 28 ਅਕਤੂਬਰ 2025 :
ਕਰੀਬ 11 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਦੀ ਸਰਕਾਰ ਵੱਲੋਂ ਸੂਬੇ ਵਿੱਚ ਮੈਰੀਟੋਰੀਅਸ ਸਕੂਲ ਬਣਵਾਏ ਗਏ ਸਨ, ਜਿਨਾਂ ਵਿੱਚ ਹਾਇਰ ਸੈਕੰਡਰੀ ਗਿਆਰਵੀਂ ਅਤੇ ਬਾਰਵੀਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਟੈਸਟ ਦੇ ਆਧਾਰ ਤੇ ਦਾਖਲਾ ਦੇਣਾ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਜਿੱਥੇ ਮੈਰੀਟੋਰੀਅਸ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੋਸਟਲ ,ਖਾਣਾ ,ਪੀਣਾ, ਵਰਦੀ ਕਿਤਾਬਾਂ ਤੋਂ ਲੈ ਕੇ ਹਰ ਸਹੂਲਤ ਸੂਬੇ ਦੀ ਸਰਕਾਰ ਵੱਲੋਂ , ਇਥੋਂ ਤੱਕ ਕੀ ਨੀਟ ਅਤੇ ਹੋਰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਕੋਚਿੰਗ ਵੀ ਦੇਣ ਦੀ ਸਹੂਲਤ ਮੁਫਤ ਮੁਹਈਆ ਕਰਵਾਈ ਜਾਂਦੀ ਹੈ ਉੱਥੇ ਹੀ ਪੰਜਾਬ ਦੇ ਮੈਰੀਟੋਰੀਅਲ ਸਕੂਲ ਵਧੀਆ ਨਤੀਜੇ ਵੀ ਦੇ ਰਹੇ ਹਨ ਅਤੇ ਇੱਥੋਂ ਦੇ ਵਿਦਿਆਰਥੀ ਵੱਖ-ਵੱਖ ਕਲਾਸਾਂ ਦੀ ਮੈਰਿਟਸ ਵਿੱਚ ਵੀ ਲਗਾਤਾਰ ਆਪਣੀਆਂ ਥਾਵਾਂ ਬਣਾਉਣ ਦੇ ਨਾਲ ਨਾਲ ਚੰਗੇ ਅਹੁਦਿਆਂ ਤੱਕ ਵੀ ਪਹੁੰਚੇ ਹਨ ਪਰ ਜੇਕਰ ਗੱਲ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੀ ਕਰੀਏ ਤਾਂ ਇਸ ਸਕੂਲ ਦੀ ਬਿਲਡਿੰਗ 11 ਸਾਲ ਬਾਅਦ ਵੀ ਅਧੂਰੀ ਹੈ ।
ਅੱਜ ਦੀ ਗੱਲ ਕਰੀਏ ਤਾਂ ਮੈਰੀਟੋਰੀਅ ਸਕੂਲ ਵਿੱਚ ਇਸ ਵੇਲੇ ਕੁੱਲ 550 ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਲੋਕ ਨਿਰਮਾਣ ਵਿਭਾਗ ਵੱਲੋਂ ਉਸ ਵੇਲੇ ਇਸ ਦਾ ਠੇਕਾ ਕੁੱਲ 26 ਕਰੋੜ ਵਿੱਚ ਇਂਕ ਕੰਪਨੀ ਨੂੰ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਹੀ ਕੰਮ ਦੀ ਲਾਗਤ ਨੂੰ ਦੇਖਦੇ ਹੋਏ ਇਸ ਵਿੱਚ 6 ਕਰੋੜ ਦਾ ਵਾਧਾ ਕਰਕੇ 32 ਕਰੋੜ ਕਰ ਦਿੱਤਾ ਗਿਆ। ਕੰਮ ਹਜੇ ਮੁਕੰਮਲ ਵੀ ਨਹੀਂ ਹੋਇਆ ਸੀ ਕਿ 2017 ਵਿੱਚ ਸਰਕਾਰ ਬਦਲ ਗਈ ਅਤੇ ਤਤਕਾਲੀ ਕਾਂਗਰਸ ਸਰਕਾਰ ਵਲੋਂ ਠੇਕੇਦਾਰ ਕੰਪਨੀ ਤੇ ਓਬਜੈਕਸ਼ਨਸ ਲਗਵਾ ਕੇ ਕੰਮ ਰੁਕਵਾ ਦਿੱਤਾ ਗਿਆ। ਵਿਭਾਗੀ ਅੰਕੜਿਆਂ ਅਨੁਸਾਰ ਉਸ ਵੇਲੇ ਤੱਕ ਠੇਕੇਦਾਰ ਕੰਪਨੀ ਨੂੰ 24 ਕਰੋੜ ਦਾ ਭੁਗਤਾਨ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਸਰਕਾਰ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ ਠੇਕੇਦਾਰ ਕੰਪਨੀ ਉਸ ਵੇਲੇ ਤੱਕ 28 ਕਰੋੜ 69 ਲੱਖ ਰੁਪਏ ਦਾ ਕੰਮ ਕਰ ਚੁੱਕੀ ਸੀ। ਯਾਨੀ ਕਿ ਕੰਪਨੀ ਸਰਕਾਰ ਕੋਲੋਂ ਚਾਰ ਕਰੋੜ 69 ਲੱਖ ਦੀ ਲੈਣਦਾਰ ਸੀ ਪਰ ਕੰਪਨੀ ਨੂੰ ਕੰਮ ਛੱਡਣਾ ਪਿਆ।
ਉਸ ਵੇਲੇ ਬਣਾਦੀ ਗਈ ਇਮਾਰਤ ਦੀ ਲੜਕੀਆਂ ਦੇ ਹੋਸਟਲ ਵਾਲੀ ਸਾਈਡ ਦੀ ਚਾਰ ਦੀਵਾਰੀ ਦੀ ਉਸਾਰੀ ਨਹੀਂ ਕੀਤੀ ਗਈ ਸੀ। ਚਾਰ ਦੀਵਾਰੀ ਤੋਂ ਇਲਾਵਾ ਸਕੂਲ ਦੀ ਇੱਕ ਸੜਕ ਅਤੇ ਹੋਸਟਲ ਦੀ ਇੱਕ ਇਮਾਰਤ ਵੀ ਅਧੂਰੀ ਛੱਡ ਦਿੱਤੀ ਗਈ ਸੀ। ਇਮਾਰਤ ਦਾ ਢਾਂਚਾ ਖੜਾ ਤਾਂ ਕਰ ਦਿੱਤਾ ਗਿਆ ਪਰ ਇਸ ਵਿੱਚ 45 ਕਮਰੇ ਬਣਨ ਵਾਲੇ ਬਾਕੀ ਹਨ। ਸਕੂਲ ਦਾ ਖੇਡਦਾ ਮੈਦਾਨ ਵੀ ਪੂਰਾ ਨਹੀਂ ਬਣਾਇਆ ਗਿਆ। ਅੰਕੜਿਆਂ ਦੀ ਮੰਨੀਏ ਤਾਂ ਠੇਕੇਦਾਰ ਕੰਪਨੀ ਕਰੀਬ ਪੰਜ ਕਰੋੜ ਦਾ ਕੰਮ ਅੱਧ ਵਿਚਾਲੇ ਛੱਡ ਗਈ ਸੀ ਜਿਸ ਬਾਰੇ ਸਕੂਲ ਦੀ ਉਸਾਰੀ ਕਰਾਉਣ ਵਾਲੇ ਲੋਕ ਨਿਰਮਾਣ ਵਿਭਾਗ ਵੱਲੋਂ ਤਤਕਾਲੀ ਸਰਕਾਰਾਂ ਨੂੰ ਬਾਰ-ਬਾਰ ਲਿਖਿਆ ਗਿਆ ਤੇ ਕਰੀਬ ਇੱਕ ਸਾਲ ਪਹਿਲਾਂ ਕਰੀਬ 9 ਕਰੋੜ 69 ਲੱਖ ਦਾ ਐਸਟੀਮੇਟ ਬਣਾ ਕੇ ਵੀ ਮੌਜੂਦਾ ਸਰਕਾਰ ਨੂੰ ਭੇਜਿਆ ਗਿਆ ਯਾਨੀ ਕਿ ਹੁਣ ਤੱਕ ਜਿਹੜੇ ਕੰਮ ਸਕੂਲ ਵਿੱਚ ਕਰਵਾਉਣੇ ਬਾਕੀ ਹਨ ਉਹਨਾਂ ਨੂੰ ਜੇ ਅੱਜ ਦੀ ਤਰੀਕ ਵਿੱਚ ਕਰਵਾਇਆ ਜਾਂਦਾ ਹੈ ਤਾਂ ਸਰਕਾਰ ਨੂੰ ਦੁਗਣੇ ਪੈਸੇ ਖਰਚ ਕਰਨੇ ਪੈਣਗੇ ਅਤੇ ਜੇਕਰ ਹੋਰ ਲਮਕਾਇਆ ਜਾਂਦਾ ਹੈ ਤਾਂ ਇਹ ਰਕਮ ਹੋਰ ਜਿਆਦਾ ਵੱਧ ਜਾਵੇਗੀ। ਲੋਕ ਨਿਰਮਾਣ ਵਿਭਾਗ ਦੇ ਐਸਡੀਓ ਲਵਜੀਤ ਸਿੰਘ ਦਾ ਕਹਿਣਾ ਹੈ ਕਿ ਸਕੂਲ ਵਿੱਚ ਕੁਝ ਹੋਰ ਮੁਰੰਮਤ ਦੇ ਕੰਮ ਵੀ ਨਿਕਲ ਆਏ ਹਨ। ਅਧੂਰੇ ਰਹਿੰਦੇ ਹੋਸਟਲ ਦੀ ਇਮਾਰਤ, ਸੜਕ ਅਤੇ ਚਾਰ ਦੀਵਾਰੀ ਦੇ ਕੰਮਾਂ ਤੋਂ ਇਲਾਵਾ ਸਰਕਾਰ ਨੂੰ ਬਾਕੀ ਦੇ ਕੰਮਾਂ ਦਾ ਰਿਮਾਇੰਡਰ ਵੀ ਭੇਜ ਦਿੱਤਾ ਗਿਆ ਹੈ ਪਰ ਹਜੇ ਤੱਕ ਉਹਨਾਂ ਦੀ ਮਨਜ਼ੂਰੀ ਨਹੀਂ ਮਿਲੀ ਹੈ। ਦੂਜੇ ਪਾਸੇ ਇਹ ਸਕੂਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਸੰਜੀਵ ਗੁਪਤਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ ਜੋ ਵਿਆਜ ਸਮੇਤ ਵੱਧ ਕੇ 10 ਕਰੋੜ ਦੇ ਕਰੀਬ ਵੱਧ ਗਿਆ ਹੈ ਜਿਸਦਾ ਕੇਸ ਆਰਬੀਟੇਸ਼ਨ ਵਿੱਚ ਵੀ ਲੱਗ ਰਿਹਾ ਹੈ। ਜਦੋਂ ਤੱਕ ਉਹਨਾਂ ਦੇ ਬਿੱਲ ਕਲੀਅਰ ਨਹੀਂ ਕੀਤੇ ਜਾਂਦੇ ਨਹੀਂ ਅਧੂਰੇ ਕੰਮ ਮੁਕੰਮਲ ਕਰਵਾਉਣ ਦੇ ਟੈਂਡਰ ਵੀ ਕੱਢੇ ਨਹੀਂ ਜਾ ਸਕਦੇ ।
ਦੂਜੇ ਪਾਸੇ ਇਹਨਾਂ ਅਧੂਰੇ ਪਏ ਕੰਮਾਂ ਕਾਰਨ ਨੁਕਸਾਨ ਵਿਦਿਆਰਥੀਆਂ ਦਾ ਹੀ ਹੋ ਰਿਹਾ ਹੈ।ਜਿਸ ਪਾਸੋਂ ਚਾਰ ਦੀਵਾਰੀ ਨਹੀਂ ਬਣਾਈ ਗਈ ਸੀ ਉਸ ਪਾਸੇ ਪੁੱਡਾ ਕਲੋਨੀ ਦਾ ਰਿਹਾਇਸ਼ੀ ਇਲਾਕਾ ਪੈਂਦਾ ਹੈ , ਇਸ ਕਲੋਨੀ ਦਾ ਕੋਈ ਗੇਟ ਨਹੀਂ ਹੈ ਅਤੇ ਦੂਜੇ ਪਾਸੇ ਲੜਕਿਆਂ ਦੇ ਹੋਸਟਲ ਦੀ ਦੀਵਾਰ ਨਾ ਹੋਣ ਕਾਰਨ ਮੈਰੀਟੋਰੀਅਲ ਸਕੂਲ ਦੀਆਂ ਵਿਦਿਆਰਥਣਾ ਨੂੰ ਅਣਪਛਾਤੇ ਅਤੇ ਸ਼ਰਾਰਤੀ ਕਿਸਮ ਦੇ ਲੋਕਾਂ ਦਾ ਸਕੂਲ ਵਿੱਚ ਵੜਨ ਦਾ ਖਤਰਾ ਬਣਿਆ ਰਹਿੰਦਾ ਸੀ ਜਿਸ ਕਾਰਨ ਸਕੂਲ ਦੇ ਮੌਜੂਦਾ ਪ੍ਰਿੰਸੀਪਲ ਨੇ ਆਪਣੇ ਤੌਰ ਤੇ ਇਸ ਪਾਸੇ ਆਰਜੀ ਚਾਰ ਦੀਵਾਰੀ ਕਰਵਾ ਲਈ ਪਰ ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਜਿਸ ਸੜਕ ਦਾ ਨਿਰਮਾਣ ਅਧੂਰਾ ਛੱਡਿਆ ਗਿਆ ਸੀ ਉਸਦੀ ਹਾਲਤ ਦਿਨ ਬ ਦਿਨ ਹੋਰ ਵਿਗੜਦੀ ਜਾ ਰਹੀ ਹੈ । ਬਰਸਾਤ ਦੇ ਦਿਨਾਂ ਵਿੱਚ ਕਾਲੀ ਦਿਤ ਸੜਕ ਨਹੀਂ ਗਾਰ, ਚਿੱਕੜ ਨਾਲ ਭਰ ਜਾਂਦੀ ਹੈ ਤੇ ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਨੂੰ ਨੂੰ ਕਾਲਜ ਤੱਕ ਕਲਾਸਾਂ ਲਗਾਉਣ ਲਈ ਪਹੁੰਚਣ ਵਿੱਚ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦਕਿ ਇੱਕ ਹੋਸਟਲ ਦੀ ਇਮਾਰਤ ਦੀ ਕਮੀ ਕਾਰਨ ਵੀ ਵਿਦਿਆਰਥੀਆਂ ਨੂੰ ਤੰਗੀ ਆ ਰਹੀ ਹੈ। ਸਕੂਲ ਦੇ ਪ੍ਰਿੰਸੀਪਲ ਰਜੀਵ ਮਹਾਜਨ ਅਨੁਸਾਰ ਇਸ ਵੇਲੇ ਇੱਕ ਕਮਰੇ ਵਿੱਚ ਛੇ-ਛੇ ਵਿਦਿਆਰਥੀ ਹਨ ਪਰ ਜੇਕਰ ਹੋਸਟਲ ਦੀ ਇਮਾਰਤ ਕੰਪਲੀਟ ਹੋ ਜਾਂਦੀ ਹੈ ਤਾਂ ਲੋੜਮੰਦ ਸੀ ਇੱਕ ਕਮਰੇ ਵਿੱਚ ਤਿੰਨ ਤੋਂ ਚਾਰ ਵਿਦਿਆਰਥੀ ਰਹਿ ਸਕਦੇ ਹਨ। ਦੂਜੇ ਪਾਸੇ ਐਨਐਸਯੂਆਈ ਦੇ ਪ੍ਰਧਾਨ ਅਮਰ ਕ੍ਰਾਂਤੀ ਕਹਿੰਦੇ ਹਨ ਕਿ ਕਈ ਵਾਰ ਇਹਨਾਂ ਕੰਮਾਂ ਨੂੰ ਕਰਵਾਉਣ ਲਈ ਯੂਨੀਅਨ ਵੱਲੋਂ ਵੀ ਲੋਕ ਨਿਰਮਾਣ ਵਿਭਾਗ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਪਰ 11 ਸਾਲ ਗੁਜਰਨ ਦੇ ਬਾਵਜੂਦ ਵੀ ਉਹਨਾਂ ਦੀ ਆਵਾਜ ਸੁਣੀ ਨਹੀਂ ਗਈ । ਹੁਣ ਜਲਦੀ ਹੀ ਉਹ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਇਸ ਦੇ ਲਈ ਸੰਘਰਸ਼ ਦਾ ਰਸਤਾ ਅਪਣਾਉਣ ਦੀ ਗੱਲ ਕਹਿ ਰਹੇ ਹਨ।