ਕੈਲੀਫੋਰਨੀਆ ਵਿੱਚ ਟੱਰਕ ਦੁਰਘਟਨਾ ਕਰਨ ਵਾਲੇ ਜਸ਼ਨਪ੍ਰੀਤ ਦੇ ਹੱਕ ਵਿੱਚ ਪੂਰਾ ਪਿੰਡ ਹੋਇਆ ਇਕੱਠਾ
ਪਿਤਾ ਤੇ ਪਿੰਡ ਵਾਸੀ ਕਹਿੰਦੇ ਬਚਪਨ ਤੋਂ ਅੰਮ੍ਰਿਤਧਾਰੀ ਹੈ ਜਸ਼ਨਪ੍ਰੀਤ ,ਨਹੀਂ ਕਰਦਾ ਕੋਈ ਨਸ਼ਾ ਨਾ ਲਾਓ ਝੂਠੇ ਇਲਜ਼ਾਮ
ਰੋਹਿਤ ਗੁਪਤਾ
ਗੁਰਦਾਸਪੁਰ , 24 ਅਕਤੂਬਰ 2025 :
ਬੀਤੇ ਦਿਨ ਬੇਹਦ ਚਰਚਾ ਵਿੱਚ ਆਈ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਵੱਲੋਂ ਕੈਲੀਫੋਰਨੀਆ ਵਿੱਚ ਟਰੱਕ ਦੁਰਘਟਨਾ ਦੀ ਖਬਰ ਦਾ ਅਸਰ ਗੁਰਦਾਸਪੁਰ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਜਸ਼ਨਪ੍ਰੀਤ ਜੋ ਗੁਰਦਾਸਪੁਰ ਦੇ ਪਿੰਡ ਪੁਰਾਨਾ ਸ਼ਾਲਾ ਦਾ ਰਹਿਣ ਵਾਲਾ ਹੈ ਦਾ ਪਰਿਵਾਰ ਅਤੇ ਪਿੰਡ ਵਾਸੀ ਜਸ਼ਨਪ੍ਰੀਤ ਦੇ ਹੱਕ ਵਿੱਚ ਆ ਖਲੋਤੇ ਹਨ ਅਤੇ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਵਿੱਚ ਦਾਵਾ ਕੀਤਾ ਹੈ ਕਿ ਜਸ਼ਨਪ੍ਰੀਤ ਬਚਪਨ ਤੋਂ ਹੀ ਗੁਰਸਿੱਖ ਸੀ ਅਤੇ ਇੱਕ ਹੋਣਹਾਰ ਬੱਚਾ ਸੀ। ਇਥੋਂ ਤੱਕ ਕੀ ਉਸਦਾ ਪੂਰਾ ਪਰਿਵਾਰ ਹੀ ਗੁਰਸਿੱਖ ਹੈ। ਨਸ਼ਾ ਕਰਨਾ ਤਾਂ ਦੂਰ ਉਸਨੇ ਕਦੀ ਨਸ਼ੇ ਵੱਲ ਵੇਖਿਆ ਵੀ ਨਹੀਂ ਹੈ। ਉਸ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਜਸ਼ਨਪ੍ਰੀਤ ਸਿੰਘ ਦੇ ਪਿਤਾ ਰਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੁਰਘਟਨਾ ਮਹਿਜ ਇੱਕ ਦੁਰਘਟਨਾ ਹੈ ਜੋ ਕਦੇ ਵੀ ਕਿਸੇ ਨਾਲ ਵੀ ਵਾਪਰ ਸਕਦੀ ਹੈ , ਉਹਨਾਂ ਨੂੰ ਦੁਰਘਟਨਾ ਵਿੱਚ ਮਾਰੇ ਗਏ ਤਿੰਨ ਲੋਕਾਂ ਜਿਨਾਂ ਵਿੱਚ ਇੱਕ ਔਰਤ ਅਤੇ ਦੋ ਬੱਚੇ ਵੀ ਸ਼ਾਮਿਲ ਸਨ ਦੀ ਮੌਤ ਦਾ ਦੁੱਖ ਹੈ ਅਤੇ ਉਹ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ। ਪਰ ਜਸ਼ਨਪ੍ਰੀਤ ਦਾ ਨਸ਼ੇ ਨਾਲ ਕੋਈ ਸੰਬੰਧ ਨਹੀਂ ਹੈ, ਉਹ ਨਸ਼ਾ ਨਹੀਂ ਕਰਦਾ ਉਸ ਨੂੰ ਨਜਾਇਜ਼ ਭੰਡਿਆ ਜਾ ਰਿਹਾ ਹੈ। ਉਹਨਾਂ ਭਾਰਤ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਮਾਮਲੇ ਵਿੱਚ ਦਖਲੰਦਾਜੀ ਕਰਕੇ ਇਸਦੀ ਗਹਿਰਾਈ ਨਾਲ ਜਾਂਚ ਕਰਵਾਉਣ ਲਈ ਅਮਰੀਕਾ ਦੀ ਸਰਕਾਰ ਨਾਲ ਅਤੇ ਕੈਲੀਫੋਰਨੀਆ ਦੇ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਏ ਤਾਂ ਜੋ ਸਿੱਖ ਧਰਮ ਨੂੰ ਨਾਜਾਇਜ਼ ਬਦਨਾਮ ਨਾ ਕੀਤਾ ਜਾ ਸਕੇ ।