ਪਹਾੜਪੁਰ ਵਿੱਚ ਅਤਿ ਆਧੁਨਿਕ ਗੁੱਜਰ ਭਵਨ ਦਾ ਜਲਦੀ ਹੋਵੇਗਾ ਨਿਰਮਾਣ ਸੁਰੂ – ਹਰਜੋਤ ਬੈਂਸ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 17 ਅਕਤੂਬਰ :
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਕਿਹਾ ਹੈ ਕਿ ਪੰਜਾਬ- ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਚੰਗਰ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹੁਣ ਪੰਜਾਬ ਸਰਕਾਰ ਚੰਗਰ ਇਲਾਕੇ ਦੀ ਨੁਹਾਰ ਬਦਲ ਦੀ ਦਿਸ਼ਾ ਵਿੱਚ ਜਿਕਰਯੋਗ ਪੁਲਾਘਾ ਪੁੱਟ ਰਹੀ ਹੈ, ਇਸ ਇਲਾਕੇ ਵਿੱਚ 80 ਕਰੋੜ ਰੁਪਏ ਦੀ ਲਿਫਟ ਸਿੰਚਾਈ ਯੋਜਨਾ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ, ਸਿੰਚਾਈ ਲਈ ਚੱਪੇ ਚੱਪੇ ਤੱਕ ਪਾਣੀ ਪਹੁੰਚਾਉਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਨਾਲ ਨਾਲ ਮੁੱਖ ਮੰਤਰੀ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਟੋਰੇਜ ਟੈਂਕ ਬਣਾ ਕੇ 8 ਕਰੋੜ ਦੀ ਲਾਗਤ ਨਾਲ ਟ੍ਰੀਟ ਕੀਤਾ ਪੀਣ ਵਾਲਾ ਸੁੱਧ ਪਾਣੀ ਚੰਗਰ ਵਾਸੀਆ ਤੱਕ ਪਹੁੰਚਾਉਣ ਦੇ ਪ੍ਰਬੰਧ ਕੀਤੇ ਹਨ। ਸਮੁੱਚੇ ਚੰਗਰ ਇਲਾਕੇ ਦੇ ਸੜਕਾਂ ਦਾ ਮਜਬੂਤ ਨੈਟਵਰਕ ਤਿਆਰ ਹੋ ਰਿਹਾ ਹੈ, ਸੜਕਾਂ ਚੋੜੀਆ ਕੀਤੀਆ ਜਾ ਰਹੀਆਂ ਹਨ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਜਿਕਰਯੋਗ ਸੁਧਾਰ ਕੀਤਾ ਜਾ ਰਿਹਾ ਹੈ। ਚੰਗਰ ਇਲਾਕੇ ਦੀ ਬਹੁਗਿਣਤੀ ਸਾਡੇ ਆਪਣੇ ਗੁੱਜਰ ਭਾਈਚਾਰੇ ਦੀ ਦਹਾਕਿਆ ਪੁਰਾਣੀ ਮੰਗ ਪਹਾੜਪੁਰ ਵਿੱਚ ਅਤਿ ਆਧੁਨਿਕ ਗੁੱਜਰ ਭਵਨ ਬਣਾਉਣ ਦਾ ਕੰਮ ਜਲਦੀ ਸੁਰੂ ਕਰ ਰਹੇ ਹਾਂ, ਇਸ ਦੇ ਲਈ ਇਸ ਇਲਾਕੇ ਦੇ ਲੋਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਕਿ ਜਲਦੀ ਇੱਕ ਚੰਗਾ ਸਮਾਗਮ ਕਰਕੇ ਇਹ ਸਾਰੇ ਕੰਮ ਸੁਰੂ ਕਰਵਾਏ ਜਾਣ।
ਇਹ ਪ੍ਰਗਟਾਵਾ ਕਰਦੇ ਹੋਏ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਹੁਤ ਹੀ ਤਰਾਸਦੀ ਦੀ ਗੱਲ ਹੈ ਕਿ 7 ਦਹਾਕਿਆ ਤੋ ਇਸ ਇਲਾਕੇ ਦੇ ਲੋਕਾਂ ਨੂੰ ਲਾਰੇ ਹੀ ਮਿਲੇ ਹਨ ਜਦੋ ਕਿ ਗਰਮੀਆਂ ਵਿੱਚ ਇਹ ਲੋਕ ਆਪਣੇ ਦੁਧਾਰੂ ਪਸ਼ੂ ਲੈ ਕੇ ਸਤਲੁਜ ਦਰਿਆ ਕੰਢੇ ਪਹਾੜਾ ਤੋ ਹੇਠਾ ਆ ਕੇ ਰਹਿੰਦੇ ਹਨ, ਜਿੱਥੇ ਵਿਸ਼ਾਲੈ ਜਿਵਾਣੂ ਬਿਮਾਰੀਆਂ ਪੈਦਾ ਕਰਦੇ ਹਨ, ਪ੍ਰੰਤੂ ਹੁਣ ਅਸੀ ਇਨ੍ਹਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਰਹੇ ਹਾਂ ਅਤੇ ਚੰਗਰ ਇਲਾਕ ਦੇ ਲੋਕਾਂ ਦੀ ਆਰਥਿਕਤਾ ਮਜਬੂਤ ਕਰਨ ਦੀ ਦਿਸ਼ਾ ਵਿੱਚ ਹੱਥ ਵਧਾਇਆ ਹੈ। ਆਪਣੇ ਸੋਸ਼ਲ ਮੀਡੀਆ ਸੰਦੇਸ਼ ਵਿਚ ਸ.ਬੈਂਸ ਨੇ ਚੰਗਰ ਵਾਸੀਆ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੇ ਭਰੋਸੇ ਨੂੰ ਪੂਰੀ ਤਰਾਂ ਕਾਇਮ ਰੱਖਿਆ ਜਾਵੇਗਾ।
ਸ.ਬੈਂਸ ਨੇ ਕਿਹਾ ਕਿ ਤਾਰਾਪੁਰ ਤੋ ਸਮਲਾਹ ਤੱਕ 18 ਫੁੱਟ ਚੋੜੀ 11 ਕਿਲੋਮੀਟਰ ਲੰਬੀ ਸੜਕ ਦੀ ਸੋਗਾਤ ਚੰਗਰ ਵਾਸੀਆਂ ਨੂੰ ਦਿੱਤੀ ਜਾ ਰਹੀ ਹੈ। ਇਸ ਮਾਰਗ ਦੇ ਬਣਨ ਨਾਲ ਕਈ ਇਤਿਹਾਸਕ ਧਾਰਮਿਕ ਅਸਥਾਨਾਂ ਨੂੰ ਜਾਣ ਲਈ ਸੁਚਾਰੂ ਆਵਾਜਾਈ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਹੁਣ ਹਕੀਕਤ ਦਾ ਰੂਪ ਲੈ ਰਹੇ ਹਨ।
ਸ.ਬੈਂਸ ਨੇ ਕਿਹਾ ਕਿ ਖੇਤਾਂ ਵਿੱਚ ਪਾਣੀ ਦੀ ਕਮੀ ਲੰਬੇ ਸਮੇਂ ਤੋਂ ਇੱਕ ਵੱਡੀ ਸਮੱਸਿਆ ਰਹੀ ਸੀ। ਇਸ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ 80 ਕਰੋੜ ਰੁਪਏ ਦੀ ਲਾਗਤ ਨਾਲ “ਲਿਫਟ ਇਰੀਗੇਸ਼ਨ ਪ੍ਰੋਜੈਕਟ” ਸ਼ੁਰੂ ਕੀਤਾ ਹੈ, ਜਿਸ ਰਾਹੀਂ ਹੁਣ ਚੰਗਰ ਖੇਤਰ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ “ਅਸੀਂ ਜਿਹੜਾ ਪਾਣੀ ਖੇਤਾਂ ਵਿੱਚ ਲੈ ਕੇ ਗਏ ਹਾਂ, ਹੁਣ ਉਸੇ ਪਾਣੀ ਨੂੰ ਟ੍ਰੀਟ ਕਰਕੇ ਲੋਕਾਂ ਨੂੰ ਪੀਣ ਯੋਗ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ।”
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਉਦੇਸ਼ ਲਈ 8 ਕਰੋੜ ਰੁਪਏ ਦਾ ਨਵਾਂ ਪਾਣੀ ਟ੍ਰੀਟਮੈਂਟ ਤੇ ਸਟੋਰੇਜ ਪ੍ਰੋਜੈਕਟ ਲੈ ਕੇ ਆਇਆ ਜਾ ਰਿਹਾ ਹੈ, ਜਿਸ ਨਾਲ ਪਹਾੜੀ ਇਲਾਕੇ ਦੇ ਹਰ ਘਰ ਤੱਕ ਸ਼ੁੱਧ ਤੇ ਸੁਰੱਖਿਅਤ ਪਾਣੀ ਪਹੁੰਚੇਗਾ। ਉਨ੍ਹਾਂ ਕਿਹਾ ਕਿ ਪਹਾੜੀ ਪਿੰਡਾਂ ਦੇ ਲੋਕਾਂ ਨੂੰ ਹੁਣ ਮਿੱਠੇ ਤੇ ਸਾਫ ਪਾਣੀ ਲਈ ਭਟਕਣਾ ਨਹੀਂ ਕਰਨੀ ਪਵੇਗੀ।
ਸ.ਬੈਂਸ ਨੇ ਚੰਗਰ ਖੇਤਰ ਦੀਆਂ ਸੜਕਾਂ ਨੂੰ ਆਧੁਨਿਕ ਬਣਾਉਣ ਵਾਸਤੇ ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਚੰਗਰ ਖੇਤਰ ਦੀਆਂ ਸਾਰੀਆਂ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ, ਤਾਂ ਜੋ ਆਵਾਜਾਈ ਸੁਚਾਰੂ ਹੋ ਸਕੇ ਅਤੇ ਖੇਤਰ ਵਿੱਚ ਉਦਯੋਗਾਂ ਦੇ ਆਉਣ ਦੇ ਮੌਕੇ ਵਧ ਸਕਣ। ਉਨ੍ਹਾਂ ਦੱਸਿਆ ਕਿ ਤਾਰਾਪੁਰ ਤੋਂ ਸਮਲਾਹ ਤੱਕ ਦੀ ਸੜਕ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ। ਇਸੇ ਤਰ੍ਹਾਂ ਮੱਸੇਵਾਲ ਤੋਂ ਸਮਲਾਹ ਤੱਕ ਦੀ 11 ਕਿਲੋਮੀਟਰ ਲੰਬੀ ਸੜਕ ਲਈ ਟੈਂਡਰ ਹੋ ਚੁੱਕਾ ਹੈ ਅਤੇ ਕੰਮ ਦਿਵਾਲੀ ਤੇ ਵਿਸ਼ਵਕਰਮਾ ਦਿਵਸ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਕੋਟਲਾ ਤੋਂ ਸਮਲਾਹ ਵਾਲੀ ਸੜਕ ਨੂੰ ਵੀ 18 ਫੁੱਟ ਚੌੜਾ ਕੀਤਾ ਜਾਵੇਗਾ।
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਚੰਗਰ ਤੱਕ ਦੀ ਸੜਕ, ਕੀਰਤਪੁਰ ਸਾਹਿਬ - ਬਿਲਾਸਪੁਰ ਰੋਡ ਜਾਂ ਕੋਟਲਾ ਰਾਹੀਂ ਸਮਲਾਹ ਤੱਕ ਜਾਣ ਵਾਲਾ ਰੂਟ, ਸਭ ਸੜਕਾਂ ਨੂੰ ਇਕਸਾਰ ਚੌੜਾ ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ। ਇਹ ਪ੍ਰੋਜੈਕਟ ਖੇਤਰ ਦੀਆਂ ਆਰਥਿਕ ਤੇ ਸਮਾਜਿਕ ਗਤੀਵਿਧੀਆਂ ਨੂੰ ਨਵੀਂ ਰਫ਼ਤਾਰ ਦੇਣਗੇ।
ਸ.ਬੈਂਸ ਨੇ ਕਿਹਾ ਕਿ ਚੰਗਰ ਦੇ ਪਹਾੜਪੁਰ ਵਿੱਚ ਇੱਕ ਸ਼ਾਨਦਾਰ “ਗੁੱਜਰ ਭਵਨ” ਦਾ ਨਿਰਮਾਣ ਕੀਤਾ ਜਾਵੇਗਾ, ਜੋ ਖੇਤਰ ਦੀਆਂ ਸਭਿਆਚਾਰਕ ਤੇ ਸਮਾਜਿਕ ਗਤੀਵਿਧੀਆਂ ਦਾ ਕੇਂਦਰ ਬਣੇਗਾ। ਉਨ੍ਹਾਂ ਕਿਹਾ ਕਿ ਇਸ ਭਵਨ ਲਈ ਰਕਮ ਜਾਰੀ ਹੋ ਚੁੱਕੀ ਹੈ ਤੇ ਜਲਦ ਹੀ ਇਸਦਾ ਨੀਂਹ ਪੱਥਰ ਰੱਖਿਆ ਜਾਵੇਗਾ।
ਸ.ਬੈਂਸ ਨੇ ਕਿਹਾ ਕਿ ਚੌੜੀਆਂ ਸੜਕਾਂ ਤੇ ਵਿਕਸਤ ਬੁਨਿਆਦੀ ਢਾਂਚੇ ਨਾਲ ਹੁਣ ਖੇਤਰ ਵਿੱਚ ਨਵੇਂ ਕਾਰੋਬਾਰਾਂ ਦੇ ਆਉਣ ਦੇ ਵੱਡੇ ਮੌਕੇ ਬਣਨਗੇ। ਇਸ ਨਾਲ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ, ਦੁਕਾਨਾਂ ਤੇ ਹੋਰ ਵਪਾਰਕ ਗਤੀਵਿਧੀਆਂ ਨੂੰ ਵਧਾਉਣ ਦੇ ਮੌਕੇ ਮਿਲਣਗੇ। ਕੈਬਨਿਟ ਮੰਤਰੀ ਨੇ ਇਲਾਕਾ ਵਾਸੀਆ ਨੂੰ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਦੀ ਮੁਬਾਰਕ ਦਿੱਤੀ ਤੇ ਕਿਹਾ ਕਿ “ਇਸ ਇਲਾਕੇ ਦਾ ਕੰਮ ਸਿਰਫ਼ ਕਿਸੇ ਪਾਰਟੀ ਦਾ ਨਹੀਂ, ਸਾਰੇ ਲੋਕਾਂ ਦਾ ਹੈ, ਆਓ, ਆਪਾਂ ਮਿਲ ਕੇ ਇਸ ਵਿਕਾਸ ਯਾਤਰਾ ਨੂੰ ਅੱਗੇ ਵਧਾਈਏ।