ਉਪਰੇਸ਼ਨ ਸੀਲ: ਬਠਿੰਡਾ ਜ਼ਿਲ੍ਹੇ ਚ ਹਰਿਆਣਾ ਨਾਲ ਲੱਗਦੀਆਂ ਹੱਦਾਂ ਤੇ ਲਾਏ ਅੰਤਰਰਾਜੀ ਨਾਕੇ : ਐਸਐਸਪੀ
ਅਸ਼ੋਕ ਵਰਮਾ
ਬਠਿੰਡਾ, 9 ਜੁਲਾਈ 2025 : ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੱਦੇਨਜ਼ਰ ਚਲਾਈ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ" ਦੇ ਤਹਿਤ ਉਪਰੇਸ਼ਨ ਸੀਲ 16 ਅਧੀਨ ਜ਼ਿਲ੍ਹੇ ਚ ਹਰਿਆਣਾ ਨਾਲ ਲੱਗਦੀਆਂ ਹੱਦਾਂ ਤੇ ਅੱਠ ਨਾਕੇ ਲਗਾਏ ਗਏ। ਇਹ ਜਾਣਕਾਰੀ ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਸਾਂਝੀ ਕੀਤੀ।
ਇਸ ਮੌਕੇ ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੰਟਰਸਟੇਟ ਨਾਕੇ ਸਬ ਡਵੀਜਨ ਬਠਿੰਡਾ ਦਿਹਾਤੀ ਡੀਐਸਪੀ ਹਰਜੀਤ ਸਿੰਘ ਅਤੇ ਸਬ ਡਵੀਜਨ ਤਲਵੰਡੀ ਸਾਬੋ ਡੀਐਸਪੀ ਸ੍ਰੀ ਰਾਜੇਸ਼ ਸਨੇਹੀ ਦੀ ਯੋਗ ਅਗਵਾਈ ਹੇਠ ਲਗਾਏ ਗਏ । ਉਨ੍ਹਾਂ ਕਿਹਾ ਕਿ ਇਨ੍ਹਾਂ ਨਾਕਿਆਂ ਦਾ ਮੁੱਖ ਮੰਤਵ ਜ਼ਿਲ੍ਹੇ ਨੂੰ ਨਸ਼ਾ ਰਹਿਤ ਬਣਾਉਣਾ ਹੈ ਤਾਂ ਜੋ ਦੂਸਰੇ ਰਾਜਾਂ ਤੋਂ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਪਹੁੰਚ ਸਕੇ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪਿੰਡਾਂ ਜਾਂ ਸ਼ਹਿਰਾਂ ਚ ਤੁਹਾਡੇ ਆਲੇ-ਦੁਆਲੇ ਕੋਈ ਵੀ ਤਸਕਰ ਨਸ਼ਾ ਵੇਚਦਾ ਹੈ ਤਾਂ ਉਹ ਪੁਲਿਸ ਦੇ ਟੋਲ ਫ਼ਰੀ ਜਾਂ ਵਟਸਐਪ ਨੰਬਰ 91155-02252 ਜਾਂ ਕੰਟਰੋਲ ਰੂਮ ਦੇ ਨੰਬਰ 75080-09080 'ਤੇ ਸੂਚਨਾ ਦੇ ਸਕਦੇ ਹਨ ਜਾਂ ਸਿੱਧਾ ਦਫ਼ਤਰ ਆ ਕੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਸੌਦਾਗਰ ਦਾ ਪਤਾ ਦੱਸਣ ਵਾਲੇ ਵਿਅਕਤੀ ਦੀ ਪਹਿਚਾਣ ਤੇ ਨਾਮ ਗੁਪਤ ਰੱਖਿਆ ਜਾਵੇਗਾ।