ਮੀਰੀ ਪੀਰੀ ਦਿਵਸ ਤੇ ਸਮੁੱਚੇ ਸਿੱਖ ਜਗਤ ਨੂੰ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਵਧਾਈ ਦਿਤੀ
ਸ੍ਰੀ ਦਮਦਮਾ ਸਾਹਿਬ/ਤਲਵੰਡੀ ਸਾਬੋ:-04 ਜੁਲਾਈ 2025 - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਿੱਖ ਧਰਮ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦਾ ਮੀਰੀ ਪੀਰੀ ਧਾਰਣ ਦਿਵਸ 5 ਜੁਲਾਈ ਨੂੰ ਸਮੁੱਚੇ ਸਿੱਖ ਜਗਤ ਵੱਲੋਂ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸਮੱਚੇ ਸਿੱਖ ਜਗਤ ਨੂੰ ਮੀਰੀ ਪੀਰੀ ਦੇ ਇਸ ਪਾਵਨ ਦਿਹਾੜੇ ਤੇ ਕੋਟਿਨ ਕੋਟਿ ਮੁਬਾਰਕ ਦਿੰਦਿਆਂ ਕਿਹਾ ਕਿ ਗੁਰੂ ਪਾਤਸ਼ਾਹ ਨੇ ਇਸ ਮੌਕੇ ਬਚਨ ਉਚਾਰੇ ਸਨ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਧਾਰਮਿਕ ਹੋ ਕੇ ਵਿਚਰਦੇ ਰਹੇ ਹਨ, ਪਰ ਹੁਣ ਸੰਸਾਰ ਤੇ ਆਪਣਾ ਰੂਪ ਪ੍ਰਤੱਖ ਕਰਨ ਦਾ ਸਮਾ ਆ ਗਿਆ ਹੈ। ਉਨ੍ਹਾਂ ਕਿਹਾ ਗੁਰੂ ਸਾਹਿਬ ਨੇ ਦੁਨਿਆਵੀ ਤਖ਼ਤ ਤੇ ਬਾਦਸਾਹਤ ਨੂੰ ਚੈਲੰਜ ਕਰਦਿਆਂ ਹੁਕਮ ਕੀਤਾ ਕਿ ਮੇਰੇ ਸੀਸ ਤੇ ਇੱਕ ਸਿੱਖ ਹਮੇਸ਼ਾ ਸ਼ਾਹੀ ਛਤਰ ਕਰਿਆ ਕਰੇ ਅਤੇ ਇੱਕ ਸਿੱਖ ਚੌਰ ਕਰਿਆ ਕਰੇ।
ਨਿਹੰਗ ਮੁਖੀ ਨੇ ਇਤਿਹਾਸਕ ਪ੍ਰਸੰਗਤਾ ਵਿੱਚ ਕਿਹਾ ਕਿ ਛੇਵੇਂ ਪਾਤਸ਼ਾਹ ਨੇ ਸਿੱਖ ਪੰਥ ਨੂੰ ਪਹਿਲਾਂ ਹੁਕਮਨਾਮਾ ਜਾਰੀ ਕੀਤਾ ਕਿ ਸੰਗਤਾਂ ਤੋਂ ਉਨ੍ਹਾਂ ਨੂੰ ਚੰਗੇ ਹਥਿਆਰ, ਘੋੜੇ ਅਤੇ ਜਵਾਨੀ ਦੀਆਂ ਭੇਟਾਵਾਂ ਉਤਮ ਰੂਪ ‘ਚ ਪ੍ਰਵਾਨ ਹੋਣਗੀਆਂ। ਫਿਰ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਹਥਿਆਰਬੰਦ ਸਿੱਖ ਗੁਰੂ ਦਰਬਾਰ ‘ਚ ਹਾਜ਼ਰ ਹੋਣ ਲੱਗੇ, ਬਾਬਾ ਬੁੱਢਾ ਜੀ ਦੀ ਦੇਖ ਰੇਖ ‘ਚ ਸਿੱਖਾਂ ਨੂੰ ਜੰਗਜੂ ਸੰਘਰਸ਼ ਲਈ ਤਿਆਰ ਕੀਤਾ ਗਿਆ। ਗੁਰੂ ਸਾਹਿਬ ਨੇ ਜ਼ਬਰ ਜੁਲਮ ਅਤੇ ਅਨਿਆਏ ਵਿਰੁੱਧ ਧਰਮ ਦੀ ਉਤਮਤਾ ਲਈ ਚਾਰ ਜੰਗਾਂ ਲੜੀਆਂ, ਵੈਰੀਆਂ ਦਾ ਨਾਸ਼ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ।
ਗੁਰੂ ਸਾਹਿਬ ਨੇ ਕੋਈ ਵੀ ਲੜਾਈ ਕਿਸੇ ਇਲਾਕੇ ਤੇ ਕਾਬਜ ਹੋਣ ਜਾਂ ਧਨ ਦੌਲਤ ਲਈ ਨਹੀਂ ਲੜੀ। ਉਨ੍ਹਾਂ ਕਿਹਾ ਅੱਜ ਸਾਨੂੰ ਇਸ ਮਹਾਨ ਮੀਰੀ ਪੀਰੀ ਦਿਵਸ ਦੀ ਇਤਿਹਾਸਕਤਾ ਤੇ ਮਹੱਤਤਾ ਨੂੰ ਹਿਰਦੇ ‘ਚ ਵਸਾ ਕੇ ਗੁਰੂ ਸਾਹਿਬ ਵੱਲੋਂ ਦਿਤੇ ਸਿਧਾਂਤ ਤੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਨਿਹੰਗ ਸਿੰਘ ਅਕਸਰ ਕਈ ਕਈ ਸ਼ਸਤਰ ਧਾਰਣ ਕਰਦੇ ਹਨ, ਨਿਹੰਗ ਸਿੰਘਾਂ ਵਾਲਾ ਬਾਣਾ ਧਾਰਣ ਕਰਨ ਵਾਲੇ ਸਿੰਘਾਂ ਨੂੰ ਇਨ੍ਹਾਂ ਸ਼ਸਤਰਾਂ, ਬਾਣੇ ਅਤੇ ਸਿੱਖੀ ਸਰੂਪ ਦੀ ਪਾਵਨ ਮਰਯਾਦਾ ਨੂੰ ਅਖੀਰਲੇ ਦਮ ਤਕ ਚੜ੍ਹਦੀਕਲਾ ‘ਚ ਰਹਿ ਕੇ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕੱਚਾ ਪਿੱਲਾ ਸਭਨਾ ਨੂੰ ਬਦਨਾਮ ਕਰ ਦਿੰਦਾ ਹੈ। ਉਨ੍ਹਾਂ ਕਿਹਾ ਸਭਨਾ ਨਿਹੰਗ ਸਿੰਘਾਂ ਨੂੰ ਸੁਚੇਤ ਹੋ ਕੇ ਪੰਥਕ ਸੇਵਾ ਕਰਨੀ ਚਾਹੀਦੀ ਹੈ।