ਅਨਏਡੇਡ ਅਧਿਆਪਕ ਫ਼ਰੰਟ ਪੰਜਾਬ ਵਲੋਂ ਮਹਾਂ ਰੋਸ ਰੈਲੀ ਦਾ ਐਲਾਨ
ਰੋਹਿਤ ਗੁਪਤਾ
ਗੁਰਦਾਸਪੁਰ , 18 ਮਾਰਚ
ਅਨਏਡੇਡ ਅਧਿਆਪਕ ਫ਼ਰੰਟ ਪੰਜਾਬ ਦੇ ਸਟੇਟ ਬਾਡੀ ਅਤੇ ਜਿਲ੍ਹਾ ਇਕਾਈ ਦੇ ਆਗੂਆਂ ਨਿਰਵੈਰ ਸਿੰਘ ਅਤੇ ਸੁਖਚੈਣ ਸਿੰਘ ਜੋਹਲ ਨੇ ਦੱਸਿਆ ਕਿ ਲਗਾਤਾਰ ਯੂਨੀਅਨ ਦੇ ਸੰਘਰਸ਼ ਅਤੇ ਹੱਕੀ ਮੰਗਾਂ ਨੂੰ ਸਰਕਾਰ ਵੱਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਯੂਨੀਅਨ ਵਲੋਂ ਲਗਾਤਾਰ ਸੰਘਰਸ਼ ਦੌਰਾਨ ਕਈ ਵਿਧਾਇਕਾਂ ਨੂੰ ਮੰਗ ਪੱਤਰ ਦਿਤੇ ਗਏ ਹਨ। ਰੋਸ ਰੈਲੀਆਂ ਅਤੇ ਧਰਨੇ ਪ੍ਰਦਰਸ਼ਨ ਕਰਨ ਅਤੇ ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋ ਚੁਕੀਆਂ ਹਨ ਜਿਸ ਵਿਚ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁੱਖ ਮੰਤਰੀ ਸਬ ਕਮੇਟੀ ਜਿਸ ਵਿਚ ਆਪ ਪ੍ਰਧਾਨ ਅਮਨ ਅਰੋੜਾ, ਕੁਲਦੀਪ ਸਿੰਘ ਧਾਲੀਵਾਲ ਅਤੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋ ਚੁਕੀਆਂ ਹਨ ਪਰ ਫਿਰ ਵੀ ਯੂਨੀਅਨ ਦੀ ਏਡੇਡ ਸਕੂਲਾਂ ਵਿਚ ਅਣ ਏਡੇਡ ਤੌਰ ਤੇ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ 70:30 ਪਾਲਿਸੀ ਅਨੁਸਾਰ ਪੱਕਿਆਂ ਕਰਨ ਦੀ ਮੁੱਖ ਮੰਗ ਨੂੰ ਅਜੇ ਤੱਕ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ ਬਲਕਿ ਮੀਟਿੰਗਾਂ ਦੇ ਕੇ ਵੀ ਨਕਾਰਿਆ ਜਾ ਰਿਹਾ ਹੈ ।ਯੂਨੀਅਨ ਵਲੋਂ 2 ਮਾਰਚ ਦੀ ਸੰਗਰੂਰ ਰੈਲੀ ਕੀਤੀ ਜਾਣੀ ਸੀ ਪਰ ਸਰਕਾਰ ਵੱਲੋਂ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ 5 ਮਾਰਚ ਦੀ ਮੀਟਿੰਗ ਦਾ ਸਮਾਂ ਯੂਨੀਅਨ ਨੂੰ ਦਿੱਤਾ ਗਿਆ ਪਰ ਫਿਰ ਓਹੋ ਟਾਲਮਟੋਲ ਦੀ ਨੀਤੀ ਅਪਣਾਓਦਿਆਂ ਮੀਟਿੰਗ ਨਹੀਂ ਕੀਤੀ ਗਈ ਜਿਸ ਤੋਂ ਸਰਕਾਰ ਦੇ ਵਤੀਰੇ ਦਾ ਪਤਾ ਚਲਦਾ ਹੈ । ਸਰਕਾਰ ਵਲੋਂ ਟਾਲ ਮਟੋਲ ਦੀ ਨੀਤੀ ਤੋਂ ਪ੍ਰੇਸ਼ਾਨ ਅਣਏਡੇਡ ਅਧਿਆਪਕ ਬਹੁਤ ਘੱਟ ਤਨਖਾਹਾਂ ਤੇ ਗੁਜ਼ਾਰਾ ਕਰਨ ਲਈ ਮਜਬੂਰ ਹਨ ਜਿਸ ਤੋਂ ਨਿਰਾਸ਼ ਇਹਨਾਂ ਅਧਿਆਪਕਾਂ ਨੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ 23 ਮਾਰਚ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੇ ਦਿਹਾੜੇ ਤੇ ਖਟਕੜ ਕਲਾਂ ਵਿਖ਼ੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਆਦਰਸ਼ ਦੱਸਦੇ ਹਨ ਦੇ ਸਮਾਗਮ ਵੇਲੇ ਮਹਾਂ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਜਿਸ ਵਿਚ ਪੰਜਾਬ ਭਰ ਤੋਂ ਅਨਏਡੇਡ ਅਧਿਆਪਕ ਫ਼ਰੰਟ ਪੰਜਾਬ ਦੇ ਅਧਿਆਪਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ ਅਤੇ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਵੱਡੇ ਪੱਧਰ ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨਗੇ।
ਯੂਨੀਅਨ ਦੇ ਨੁਮਾਇੰਦਿਆਂ ਨੇ ਦਸਿਆ ਕਿ ਹੁਣ ਤੱਕ ਹੋਈਆਂ ਮੀਟਿੰਗਾਂ ਵਿਚ ਹਰ ਵਾਰ ਝੂਠੇ ਵਾਅਦੇ ਕਰ ਕੇ ਸਮਾਂ ਲੰਘਾਂਇਆ ਜਾ ਰਿਹਾ ਹੈ ਜ਼ੇਕਰ ਫਿਰ ਵੀ ਯੂਨੀਅਨ ਦੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਤਾਂ ਮੁੱਖ ਮੰਤਰੀ ਸਾਬ ਦੇ ਨਿਵਾਸ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ ਅਤੇ ਇਹ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ।