ਹੜ੍ਹਾਂ ਵਰਗੇ ਹਾਲਾਤ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਤਾਰ ਜਾਰੀ- ਡਾ.ਜੰਗਜੀਤ ਸਿੰਘ
- ਦਵਾਈਆਂ ਦੇ ਨਾਲ ਡੇਂਗੂ, ਮਲੇਰੀਆ ਅਤੇ ਵਾਟਰ ਬੋਰਨ ਬਿਮਾਰੀਆਂ ਤੋਂ ਵੀ ਕੀਤਾ ਜਾ ਰਿਹਾ ਸਾਵਧਾਨ
ਪ੍ਰਮੋਦ ਭਾਰਤੀ
ਨੰਗਲ 22 ਜੁਲਾਈ,2023 - ਪੰਜਾਬ ਸਰਕਾਰ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਘਰਾਂ ਨੇੜੇ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸੇ ਕੜੀ ਅਧੀਨ ਡਾ.ਜੰਗਜੀਤ ਸਿੰਘ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਪਿੰਡਾਂ ਵਿੱਚ ਜਿੱਥੇ ਲਗਾਤਾਰ ਮੈਡੀਕਲ ਕੈਂਪ ਲਗਾ ਕੇ ਦਵਾਈ ਦਿੱਤੀ ਜਾ ਰਹੀ ਹੈ ਉੱਥੇ ਹੀ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਦੂਸ਼ਿਤ ਪਾਣੀ ਨਾਲ਼ ਪੇਟ ਦੀਆਂ ਹੋਣ ਵਾਲ਼ੀਆਂ ਬਿਮਾਰੀਆਂ ਤੋਂ ਵੀ ਸਾਵਧਾਨ ਕੀਤਾ ਜਾ ਰਿਹਾ ਹੈ ਅਤੇ ਬਚਾਓ ਦੇ ਜਰੂਰੀ ਨੂਕਤੇ ਦੱਸੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਵਲ੍ਹੋਂ ਲਗਾਤਾਰ ਨਿਰਦੇਸ਼ ਦਿੱਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਿਹਤ ਪ੍ਰਤੀ ਕੋਈ ਵੀ ਸਮੱਸਿਆ ਨਾ ਆਵੇ। ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਨਵਰੂਪ ਕੌਰ ਵਲ੍ਹੋਂ ਵੀ ਲਗਾਤਾਰ ਇਸ ਇਲਾਕੇ ਵਿੱਚ ਦੌਰੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨਾਲ਼ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਹਰ ਵੇਲੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
ਡਾ.ਜੰਗਜੀਤ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਪਾਣੀ ਜਮ੍ਹਾਂ ਹੋਣ ਨਾਲ਼ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲ਼ੇ ਮੱਛਰਾਂ ਦਾ ਵੀ ਵਾਧਾ ਹੁੰਦਾ ਹੈ, ਇਸ ਕਰਕੇ ਮੱਛਰਦਾਨੀਆਂ ਦਾ ਇਸਤੇਮਾਲ ਕੀਤਾ ਜਾਵੇ ਅਤੇ ਮੱਛਰ ਭਜਾਊ ਕਰੀਮਾਂ ਅਤੇ ਹੋਰ ਯੰਤਰਾਂ ਦਾ ਇਸਤੇਮਾਲ ਕੀਤਾ ਜਾਵੇ। ਬੁਖਾਰ ਹੋਣ ਦੀ ਸੂਰਤ ਵਿੱਚ ਆਪਣੀ ਮਰਜੀ ਨਾਲ਼ ਦਵਾਈ ਨਾ ਲਈ ਜਾਵੇ ਸਗੋਂ ਸਿਹਤ ਵਿਭਾਗ ਨਾਲ਼ ਰਾਬਤਾ ਕੀਤਾ ਜਾਵੇ ਤਾਂ ਜੋ ਸਹੀ ਸਮੇਂ ਤੇ ਸਹੀ ਇਲਾਜ਼ ਹੋ ਸਕੇ। ਉਹਨਾਂ ਕਿਹਾ ਕਿ ਪਾਣੀ ਨੂੰ ਉਬਾਲ਼ ਕੇ ਠੰਢਾ ਕਰਕੇ ਪੀਤਾ ਜਾਵੇ ਤਾਂ ਜੋ ਦੂਸ਼ਿਤ ਪਾਣੀ ਕਾਰਨ ਪੇਟ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਡਾ.ਜੰਗਜੀਤ ਸਿੰਘ ਨੇ ਦੱਸਿਆ ਕਿ ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਸੁਪਰਵਾਈਜ਼ਰਾਂ ਦੁਆਰਾ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਘਰ-ਘਰ ਜਾ ਕੇ ਕਲੋਰੀਨ ਦੀਆਂ ਗੋਲ਼ੀਆਂ ਵੰਡੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਪਾਣੀ ਨੂੰ ਕਲੋਰੀਨੇਟ ਕਰਕੇ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅੱਜ ਡਾ. ਜੰਗਜੀਤ ਸਿੰਘ ਵਲ੍ਹੋਂ ਗੱਜਪੁਰ, ਸ਼ਾਹਪੁਰ ਬੇਲਾ,ਲੋਹੰਡ ਖੱਡ, ਬੰਗਾਲਾ ਬਸਤੀ ਅਤੇ ਦਾਣਾ ਮੰਡੀ ਕੀਰਤਪੁਰ ਸਾਹਿਬ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਗੋਲਣੀ ਵਿਚ ਵਿਸੇਸ਼ ਕੈਪ ਲਗਾਇਆ ਗਿਆ ਸੀ, ਜਿੱਥੇ ਲੋਕਾਂ ਨੂੰ ਲੋੜੀਦੀਆਂ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ।