ਉੱਘੇ ਸਮਾਜ ਸੇਵਕ ਡਾ. ਐਸ.ਪੀ.ਓਬਰਾਏ ਵੱਲੋਂ ਸੂਬੇ 'ਚ ਰਾਹਤ ਕਾਰਜ ਜਾਰੀ
- ਹੁਣ ਹੜ੍ਹ ਪੀੜਤਾਂ ਲਈ ਪਸ਼ੂਆਂ ਦੀਆਂ ਦਵਾਈਆਂ,ਮੱਛਰਦਾਨੀਆਂ ਤੇ ਹੋਰ ਲੋੜੀਂਦਾ ਸਮਾਨ ਭੇਜਿਆ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,1 ਅਗਸਤ 2023 - ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕੁਝ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ,ਜਿਸ ਕਾਰਨ ਵੱਡੇ ਪੱਧਰ 'ਤੇ ਫ਼ਸਲਾਂ ਬਰਬਾਦ ਹੋਣ ਦੇ ਨਾਲ-ਨਾਲ ਆਮ ਜੀਵਨ ਵੀ ਅਸਤ-ਵਿਅਸਤ ਹੋਇਆ ਪਿਆ ਹੈ।ਇਸ ਮੁਸ਼ਕਿਲ ਘੜੀ ਦੌਰਾਨ ਲੋੜਵੰਦਾਂ ਦੇ ਮਸੀਹੇ ਵੱਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਜਲੰਧਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਪਸ਼ੂਆਂ ਦੀਆਂ ਦਵਾਈਆਂ,ਮੱਛਰਦਾਨੀਆਂ ਤੇ ਹੋਰ ਲੋੜੀਂਦਾ ਸਮਾਨ ਭੇਜਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਪੰਜਾਬ ਇਸ ਸਮੇਂ ਹੜ੍ਹਾਂ ਕਾਰਨ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ।ਪੰਜਾਬ ਦਾ ਵੱਡਾ ਹਿੱਸਾ ਇਸ ਸਮੇਂ ਪਾਣੀ ਦੀ ਮਾਰ ਹੇਠ ਹੈ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਸ ਮੁਸ਼ਕਿਲ ਸਮੇਂ ਪੰਜਾਬ ਦੇ ਲੋਕਾਂ ਨਾਲ ਖੜ੍ਹਾ ਹੈ। ਇਹਨਾਂ ਹਲਾਤਾਂ ਨੂੰ ਬਿਹਤਰ ਬਣਾਉਣ ਲਈ ਜਿਸ ਤਰ੍ਹਾਂ ਦੀ ਸਹਾਇਤਾ ਦੀ ਜ਼ਰੂਰਤ ਹੋਵੇਗੀ ਟਰੱਸਟ ਉਹ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਪ੍ਰਸ਼ਾਸਨ ਤੇ ਲੋਕਾਂ ਨੂੰ ਹਰ ਪੱਖ ਤੋਂ ਸਹਿਯੋਗ ਦੇਵੇਗਾ।ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਸਤਲੁਜ ਕੰਢੇ ਵਾਲੇ ਪ੍ਰਭਾਵਿਤ ਖੇਤਰਾਂ ਤੋਂ ਟਰੱਸਟ ਦੀ ਜਲੰਧਰ ਇਕਾਈ ਦੇ ਮੈਂਬਰਾਂ ਵੱਲੋਂ ਜ਼ਮੀਨੀ ਪੱਧਰ 'ਤੇ ਲੋੜੀਂਦੇ ਸਮਾਨ ਦੀ ਭੇਜੀ ਗਈ ਲਿਸਟ ਅਨੁਸਾਰ ਲੋੜੀਂਦੀਆਂ ਪਸ਼ੂਆਂ ਦੀਆਂ ਦਵਾਈਆਂ,ਮੱਛਰਦਾਨੀਆਂ,ਓਡੋਮੋਸ,ਸੈਨਟਰੀ ਪੈਡ ਆਦਿ ਜ਼ਰੂਰੀ ਵਸਤਾਂ ਲੋੜਵੰਦਾਂ ਤੱਕ ਪੁੱਜਦਾ ਕਰ ਦਿੱਤੀਆਂ ਗਈਆਂ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵਕ ਗੁਰਨਾਮ ਸਿੰਘ ਅਤੇ ਮਾਸਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਡਾਕਟਰ ਓਬਰਾਏ ਵੱਲੋਂ ਭਾਰੀ ਮਾਤਰਾ ਵਿੱਚ ਪਸ਼ੂਆਂ ਦੀਆਂ ਦਵਾਈਆਂ,ਮੱਛਰਦਾਨੀਆਂ, ਓਡੋਮੋਸ ਅਤੇ ਔਰਤਾਂ ਦੀ ਵਰਤੋਂ ਲਈ ਜੋ ਸੈਨਟਰੀ ਪੈਡ ਆਦਿ ਭੇਜੇ ਗਏ ਸਨ ਉਹ ਅੱਜ ਸਤਲੁਜ ਦੇ ਕੰਢੇ ਵੱਸੇ ਬੂੜੇਵਾਲ,ਬਾਗੀਆਂ ਖੁਰਦ,ਹਜ਼ਾਤੇਵਾਲ,ਸ਼ੇਰੇ ਵਾਲਾ,ਕੰਨੀਆਂ ਖੁਰਦ, ਕੰਨੀਆਂ ਆਦਿ ਪਿੰਡਾਂ ਵਿੱਚ ਘਰ-ਘਰ ਜਾ ਕੇ ਤਕਸੀਮ ਕਰ ਦਿੱਤੇ ਗਏ ਹਨ। ਉਨ੍ਹਾਂ ਡਾਕਟਰ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਜਿੰਨੀ ਮਾਤਰਾ ਵਿੱਚ ਸਹਾਇਤਾ ਦੀ ਮੰਗ ਕੀਤੀ ਗਈ ਸੀ ਉਸ ਤੋਂ ਕਿਤੇ ਵੱਡੇ ਪੱਧਰ 'ਤੇ ਟਰੱਸਟ ਵੱਲੋਂ ਰਾਹਤ ਸਮੱਗਰੀ ਸਾਨੂੰ ਭੇਜੀ ਗਈ ਹੈ।
ਇਸ ਮੌਕੇ ਦੀਪਕ ਸੂਦ ਆਗੂ ਆਮ ਆਦਮੀ ਪਾਰਟੀ,ਕਾਮਰੇਡ ਮਿਹਰ ਸਿੰਘ ਖੁਰਲਾਪੁਰ,ਕਾਮਰੇਡ ਗੁਰਚਰਨ ਸਿੰਘ ਵੀ ਹਾਜ਼ਰ ਸਨ।