ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਧੁੱਸੀ ਬੰਨ੍ਹ ਤੇ ਦੋ ਘੰਟਿਆ ਤੱਕ ਕੀਤੀ ਗਈ ਸੇਵਾ
- ਸੰਤ ਸੀਚੇਵਾਲ ਦੀ ਅਗਵਾਈ ਵਿੱਚ ਲੱਗੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਕੀਤੀ ਪ੍ਰਸੰਸਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 21 ਜੁਲਾਈ 2023 - ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੇਰ ਰਾਤ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ। ਉਹਨਾਂ ਨੇ ਗੱਟਾ ਮੰੁਡੀ ਕਾਸੂ ’ਚ ਧੁੱਸੀ ਬੰਨ੍ਹ ਦੇ ਪਏ ਪਾੜ ਨੂੰ ਪੂਰਨ ਵਿੱਚ ਲੱਗੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪੰਜਾਬ ਭਰ ਤੋਂ ਆਏ ਨੌਜਵਾਨਾਂ ਵੱਲੋਂ ਦਿਨ ਰਾਤ ਕੀਤੇ ਜਾ ਰਹੇ ਕੰਮ ਦੀ ਪ੍ਰਸੰਸਾ ਕੀਤੀ। ਉਹਨਾਂ ਕਿਹਾ ਕਿ ਇਸ ਗੱਲ ਦਾ ਪੰਜਾਬ ਨੂੰ ਹੀ ਨਹੀ ਸਗੋਂ ਪੂਰੇ ਦੇਸ਼ ਨੂੰ ਮਾਣ ਹੈ ਕਿ ਰਾਜ ਸਭਾ ਵਰਗੇ ਸਰਵਉੱਚ ਸਦਨ ਵਿੱਚ ਸੰਤ ਸੀਚੇਵਾਲ ਜੀ ਵਰਗੇ ਕਰਮੱਠ ਤੇ ਵਾਤਾਵਰਣ ਨੂੰੁ ਪਿਆਰ ਕਰਨ ਵਾਲੀ ਸਖਸ਼ੀਅਤ ਪਹੁੰਚੀ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਾਤ ਨੂੰ ਚੱਲ ਰਹੀ ਕਾਰਸੇਵਾ ਵਿੱਚ ਹਿੱਸਾ ਲੈਂਦਿਆ 2 ਘੰਟੇ ਤੱਕ ਆਪ ਹੱਥੀ ਮਿੱਟੀ ਦੇ ਬੋਰੇ ਚੁੱਕੇ ਅਤੇ ਸੇਵਾਦਾਰਾਂ ਵੱਲੋਂ ਬਣਾਏ ਜਾ ਰਹੇ ਕਰੇਟਾਂ ਨੂੰ ਦਰਿਆ ਵਿੱਚ ਠੇਲਿਆ। ਸਿੱਖਿਆ ਮੰਤਰੀ ਨੂੰ ਆਪਣੇ ਵਿੱਚ ਕੰਮ ਕਰਦਾ ਦੇਖ ਕੇ ਨੌਜਵਾਨ ਵੀ ਫਖਰ ਮਹਿਸੂਸ ਕਰ ਰਹੇ ਸਨ ਕਿ ਪੰਜਾਬ ਦੇ ਸਿੱਖਿਆ ਮੰਰਤੀ ਜਿੱਥੇ ਸਾਡਾ ਬੰਨ੍ਹ ਬੰਨਣ ਚ ਹੱਥਾ ਵੰਡਾ ਰਹੇ ਹਨ ਉੱਥੇ ਸੰਤ ਸੀਚੇਵਾਲ ਸਮੁੱਚੇ ਕਾਰਜਾਂ ਦੀ ਅਗਵਾਈ ਕਰ ਰਹੇ ਹਨ। ਹਰਜੋਤ ਸਿੰਘ ਬੈਂਸ ਨੇ ਸੰਤ ਸੀਚੇਵਾਲ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੀ ਮਦੱਦ ਕਰੇਗੀ। ਸਰਕਾਰ ਵੱਲੋਂ ਪਾਣੀ ਉਤਰਣ ਤੋਂ ਬਾਅਦ ਬਹੁ-ਪੱਖੀ ਸਰਵੇ ਕਰਵਾ ਕੇ ਹਰ ਤਰ੍ਹਾਂ ਦੇ ਹੋਏ ਪੀੜਤ ਲੋਕਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਸਿੱਖਿਆ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੇ ਉਹਨਾਂ ਸਾਰਿਆਂ ਇਲਾਕਿਆਂ ਵਿੱਚ ਆਪ ਗਏ ਜਿੱਥੇ ਲੋਕ ਪਾਣੀ ਦੀ ਮਾਰ ਝੱਲ ਰਹੇ ਹਨ।
ਉਹਨਾਂ ਵੱਲੋਂ ਸੰਤ ਸੀਚੇਵਾਲ ਵੱਲੋਂ ਰੋਜ਼ਾਨਾ ਬੰਨ੍ਹ ਤੇ ਸ਼ਾਮ ਨੂੰ ਲਗਾਏ ਜਾਂਦੇ ਦੀਵਾਨ ਉਪਰੰਤ ਅਰਦਾਸ ਵਿੱਚ ਵੀ ਹਾਜ਼ਰੀ ਭਰੀ। ਉਹਨਾਂ ਵੱਖ-ਵੱਖ ਜਿਿਲ੍ਹਆਂ ਤੋਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਆਏ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸ਼ਾਬਾਸ਼ ਦਿੰਦਿਆ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਤਾਂ ਸਿਰਫ ਨਸ਼ੇੜੀ ਹੀ ਐਲਾਨਿਆ ਹੋਇਆ ਸੀ। ਪਰ ਸੰਤ ਸੀਚੇਵਾਲ ਨੇ ਉਹਨਾਂ ਦੇ ਜੋਸ਼ ਦਾ ਸਹੀ ਇਸਤੇਮਾਲ ਕਰਕੇ ਉਹਨਾਂ ਨੌਜਵਾਨਾਂ ਤੇ ਨਸ਼ੇੜੀ ਤੇ ਵੇਹਲੜ ਦੇ ਲੱਗੇ ਧਾਗ ਨੂੰ ਧੋਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਸੰਤ ਅਵਤਾਰ ਸਿੰਘ ਜੀ ਯਾਦਗਾਰੀ ਬੱਚਿਆਂ ਵੱਲੋਂ ਦੀਵਾਨ ਸਮੇਂ ਰਾਤ ਵੇਲੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ।