ਘੱਗਰ ਦਰਿਆ ‘ਚ ਪਿਆ ਵੱਡਾ ਪਾੜ, ਨਾਲ ਲੱਗਦੇ ਪਿੰਡ ਹੋਏ ਜਲਥਲ, ਲੋਕ ਘਰ ਛੱਡਣ ਲਈ ਮਜ਼ਬੂਰ
ਸੰਜੀਵ ਜਿੰਦਲ
ਸਰਦੂਲਗੜ੍ਹ, 20 ਜੁਲਾਈ 2023 : ਸਰਦੂਲਗੜ੍ਹ ਨੇੜਲੇ ਪਿੰਡ ਬੱਲਾਂਬਾੜਾ ਵਿੱਚ ਘੱਗਰ ਦਰਿਆ ਚ ਵੱਡਾ ਪਾੜ ਪੈ ਗਿਆ ਹੈ, ਜਿਸ ਕਾਰਨ ਪਾਣੀ ਲਗਾਤਾਰ ਪਿੰਡ ਵਿੱਚ ਦਾਖਲ ਹੋ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਵੱਲੋਂ ਪਾਣੀ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਤੇਜ਼ ਵਹਾਅ ਕਾਰਨ ਪਾਣੀ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਲੋਕਾਂ ਦਾ ਕਹਿਣਾ ਹੈ ਕਿ ਬੀਤੀ ਦੇਰ ਰਾਤ ਇੱਥੇ ਦਰਾਰ ਪੈ ਗਈ, ਜਿਸ ਕਾਰਨ ਪਿੰਡ ਵਿੱਚ ਪਾਣੀ ਦਾਖਲ ਹੋ ਗਿਆ। ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਘਰ ਛੱਡ ਦਿੱਤੇ। ਜ਼ਿਲ੍ਹਾ ਪ੍ਰਸ਼ਾਸਨ ਹਾਲੇ ਤੱਕ ਪਿੰਡ ਵਿੱਚ ਨਹੀਂ ਪਹੁੰਚਿਆ ਹੈ ਪਰ ਸਮਾਜਿਕ ਜਥੇਬੰਦੀਆਂ ਉਨ੍ਹਾਂ ਨੂੰ ਖਾਣਾ ਮੁਹੱਈਆ ਕਰਵਾਉਣ ਲਈ ਪਹੁੰਚ ਕਰ ਰਹੀਆਂ ਹਨ।
ਇਸ ਦੇ ਨਾਲ ਹੀ ਪਿੰਡ ਮੋਫਰ ਦੇ ਲੋਕ ਵੀ ਰਿਸ਼ਤੇਦਾਰੀਆਂ ਜਾਂ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ। ਪਿੰਡ ਦੇ ਕਰੀਬ 200 ਪਰਿਵਾਰ ਪਿੰਡ ਨੇੜਿਓਂ ਲੰਘਦੀ ਨਹਿਰ ਦੇ ਕੰਢੇ ਰਹਿਣ ਲੱਗ ਪਏ ਹਨ, ਤਾਂ ਜੋ ਹੜ੍ਹਾਂ ਤੋਂ ਬਚਿਆ ਜਾ ਸਕੇ। ਲੋਕਾਂ ਨੇ ਰੋਂਦੇ ਹੋਏ ਕਿਹਾ ਕਿ ਉਹ ਹੜ੍ਹ ਕਾਰਨ ਆਪਣੇ ਘਰ ਖਾਲੀ ਕਰ ਗਏ ਹਨ। ਪਰ ਹੁਣ ਉਹ ਨਹਿਰ ਦੇ ਕੰਢੇ ਵੀ ਡਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ, ਜਿਸ ਕਾਰਨ ਉਨ੍ਹਾਂ ਦਾ ਹਰ ਵੇਲੇ ਧਿਆਨ ਰੱਖਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਤਰਪਾਲਾਂ ਮੁਹੱਈਆ ਕਰਵਾਈਆਂ ਗਈਆਂ ਹਨ, ਇਸ ਦੇ ਨਾਲ ਹੀ ਕੁਝ ਲੋਕ ਇੱਥੇ ਉਨ੍ਹਾਂ ਲਈ ਖਾਣਾ ਵੀ ਮੁਹੱਈਆ ਕਰਵਾ ਰਹੇ ਹਨ।