'ਆਪ ਵਿੱਚ ਸ਼ਾਮਿਲ ਹੋਏ ਸੈਂਕੜੇ ਪਰਿਵਾਰ, "ਸਾਡੀ ਜਿੱਤ ਪੱਕੀ ਬਸ ਐਲਾਨ ਹੋਣਾ ਬਾਕੀ ਹੈ!"- ਹਰਚੰਦ ਬਰਸਟ
ਜਲੰਧਰ, 25 ਅਪ੍ਰੈਲ 2023 - ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਲੰਧਰ ਜ਼ਿਮਨੀ ਚੋਣ ਲਈ ਪਾਰਟੀ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਲਗਾਤਾਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਲੜੀ ਤਹਿਤ ਅੱਜ ਜਲੰਧਰ ਸੈਂਟਰਲ ਰਾਮਾਂ ਮੰਡੀ ਵਾਰਡ ਨੰਬਰ 10 ਵਿਖੇ ਹੋਈ ਜਨਸਭਾ ਦੌਰਾਨ ਪਾਰਟੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਥਾਨਕ 100 ਤੋਂ ਵੀ ਵਧੇਰੇ ਪਰਿਵਾਰ ‘ਆਪ’ ਵਿੱਚ ਸ਼ਾਮਲ ਹੋ ਗਏ।
'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੇ ਦਿਸ਼ਾ ਨਿਰਦੇਸ਼ਾਂ 'ਤੇ ਜਲੰਧਰ ਸੈਂਟਰਲ ਰਾਮਾਂ ਮੰਡੀ ਵਾਰਡ ਨੰਬਰ 10 ਵਿਖੇ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ 'ਚ ਬਲਾਕ ਪ੍ਰਧਾਨ ਰਾਜੀਵ ਆਨੰਦ ਦੀ ਅਗਵਾਈ 'ਚ ਇੱਕ ਵਿਸ਼ਾਲ ਜਨਸਭਾ ਕੀਤੀ ਗਈ। ਜਨ ਸਭਾ ਵਿੱਚ ਜਲੰਧਰ ਕੇਂਦਰੀ ਹਲਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ‘ਆਪ’ ਦੀਆਂ ਨੀਤੀਆਂ 'ਤੇ ਪੰਜਾਬ ਦੀ ਭਗਵੰਤ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦਾ ਭਰੋਸਾ ਦਿੱਤਾ।
ਇਸ ਜਨ ਸਭਾ ਵਿੱਚ 'ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ' ਦੇ ਰਮਣੀਕ ਸਿੰਘ ਰੰਧਾਵਾ ਅਤੇ ਸੀਨੀਅਰ ਆਗੂ ਆਤਮਾ ਪ੍ਰਕਾਸ਼ ਬਬਲੂ ਵੀ ਮੌਜੂਦ ਸਨ। ਜਨ ਸਭਾ ਦੌਰਾਨ ਆਪਣੇ ਸੰਬੋਧਨ ਵਿੱਚ ਉਪਰੋਕਤ ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਬੇਮਿਸਾਲ ਕੰਮਾਂ ਦੀ ਸ਼ਲਾਘਾ ਕਰਦਿਆਂ ‘ਆਪ’ ਦੀ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ, 600 ਯੂਨਿਟ ਮੁਫ਼ਤ ਬਿਜਲੀ, ਇੱਕ ਵਿਧਾਇਕ-ਇੱਕ ਪੈਨਸ਼ਨ, 28000 ਸਰਕਾਰੀ ਨੌਕਰੀਆਂ, 16000 ਕੱਚੇ ਕਾਮਿਆਂ ਨੂੰ ਰੈਗੂਲਰ ਕਰਨ, ਚੰਗੀ ਸਿੱਖਿਆ ਪ੍ਰਣਾਲੀ ਅਤੇ ਫ਼ੌਜ ਦੇ ਸ਼ਹੀਦ ਪਰਿਵਾਰਾਂ ਲਈ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਆਦਿ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ। ਇਸੇ ਦੌਰਾਨ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਜਨਸਭਾ ਵਿੱਚ ਮੌਜੂਦ ਇਲਾਕੇ ਦੇ 100 ਤੋਂ ਵਧੇਰੇ ਪਰਿਵਾਰ ‘ਆਪ’ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਪਰਿਵਾਰਾਂ ਸਮੇਤ ਜਨ ਸਭਾ 'ਚ ਹਾਜ਼ਰ ਸਮੂਹ ਲੋਕਾਂ ਨੇ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਜ਼ਿਮਨੀ ਚੋਣ ਵਿੱਚ ਵੱਡੇ ਫਰਕ ਨਾਲ ਜਿਤਾਉਣ ਦਾ ਵਾਅਦਾ ਕੀਤਾ।
ਇਸ ਉਪਰੰਤ ‘ਆਪ’ ਯੂਥ ਆਗੂ ਗੁਰਵਿੰਦਰ ਸਿੰਘ ਡਿੰਪਲ, ਯਾਦਵਿੰਦਰ ਸਿੰਘ ਅਤੇ ਸਤਨਾਮ ਸਿੰਘ ਨੇ ਜਨ ਸਭਾ ਵਿੱਚ ਹਾਜ਼ਰ ਨੌਜਵਾਨਾਂ ਵਿੱਚ ਜੋਸ਼ ਭਰਦਿਆਂ ਆਏ ਹੋਏ ਸਾਰੇ ਮਹਿਮਾਨਾਂ ਦਾ ਜਨਸਭਾ ਵਿੱਚ ਪੁੱਜਣ ਲਈ ਧੰਨਵਾਦ ਕੀਤਾ। ਇਸ ਮੌਕੇ ਮਨਜੀਤ ਸਿੰਘ ਰਾਵਤ ਬਲਾਕ ਪ੍ਰਧਾਨ, ਗੁਰਵਿੰਦਰ ਸਿੰਘ ਸੰਧੂ, ਕਮਲ ਸਾਂਸੀ, ਰਾਹੁਲ ਸਾਂਸੀ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਰਮਨ, ਓਮਕਾਰ ਸਿੰਘ, ਵਿਜੇ, ਸੰਜੂ, ਡਿਪਟੀ, ਕਸ਼ਮੀਰ ਕੌਰ, ਜਸਵੀਰ , ਅਵਤਾਰ ਸਿੰਘ, ਜਸਵੰਤ ਸਿੰਘ, ਰਾਜੇਸ਼, ਰਾਜੀਵ ਵਾਰਡ ਪ੍ਰਧਾਨ ਅਤੇ ਜੱਸਾ ਆਦਿ ਹਾਜ਼ਰ ਸਨ।