ਆਪ ਦੇ ਸਾਬਕਾ ਸੂਬਾ ਬੁਲਾਰੇ/ ਸਪੋਕਸਪਰਸਨ ਮਨਜਿੰਦਰ ਭੁੱਲਰ ਹੋਏ ਭਾਜਪਾ 'ਚ ਸ਼ਾਮਲ
- ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੈਬਨਿਟ ਹਰਦੀਪ ਪੂਰੀ ਨੇ ਕਰਵਾਈ ਸ਼ਮੂਲੀਅਤ
ਫਿਰੋਜ਼ਪੁਰ 16 ਅਪ੍ਰੈਲ 2023 : ਫਿਰੋਜ਼ਪੁਰ ਦੇ ਕਸਬਾ ਖਾਈ ਤੋਂ ਆਮ ਆਦਮੀ ਪਾਰਟੀ ਵਿਚ ਬੁਲਾਰੇ ਅਤੇ ਸਪੋਕਸਪਰਸਨ ਰਹੇ ਚੁੱਕੇ ਹਾਈ ਕੋਰਟ ਦੇ ਵਕੀਲ ਮਨਜਿੰਦਰ ਸਿੰਘ ਭੁੱਲਰ ਭਾਜਪਾ ਵਿਚ ਸ਼ਾਮਿਲ ਹੋ ਗਏ।
ਭਾਰਤੀ ਜਨਤਾ ਪਾਰਟੀ ਵਿੱਚ ਓਹਨਾ ਦੀ ਸ਼ਮੂਲੀਅਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੈਬਨਿਟ ਮੰਤਰੀ ਹਰਦੀਪ ਪੂਰੀ ਨੇ ਕਰਵਾਈ।
ਦਿੱਲੀ ਵਿੱਚ ਹੋਏ ਇਸ ਸਮਾਗਮ ਵਿੱਚ ਵਿਜੇ ਰੁਪਾਨੀ, ਸਾਬਕਾ ਮੁੱਖ ਮੰਤਰੀ ਗੁਜਰਾਤ, ਤਰੁਣ ਚੁੱਘ, ਕੌਮੀ ਜਨਰਲ ਸਕੱਤਰ, ਸੋਮ ਪ੍ਰਕਾਸ਼ ਕੇਂਦਰੀ ਮੰਤਰੀ, ਅਸ਼ਵਨੀ ਸ਼ਰਮਾ ਪੰਜਾਬ ਪ੍ਰਧਾਨ, ਮਨਜਿੰਦਰ ਸਿੰਘ ਸਰਸਾ, ਸੰਬਿਤ ਪਾਤਰਾ ਅਤੇ ਜਲੰਧਰ ਤੋਂ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਆਦਿ ਹਾਜਰ ਸਨ।
ਦੱਸਣਾ ਬਣਦਾ ਹੈ ਕਿ ਮਨਜਿੰਦਰ ਸਿੰਘ ਭੁੱਲਰ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿਚ ਚੰਗਾ ਕੱਦ ਰੱਖਦੇ ਸਨ। ਟੀਵੀ ਚੈਨਲਾਂ ਦੀ ਹਰੇਕ ਡੀਬੇਟ ਵਿਚ ਓਹ ਪਾਰਟੀ ਵੱਲੋਂ ਮੋਹਰੀ ਹੁੰਦੇ ਸਨ। ਸੋਸ਼ਲ ਮੀਡੀਆ 'ਤੇ ਓਹ ਹਮੇਸ਼ਾ ਸਾਰਥਿਕ ਅਤੇ ਅਰਥ ਭਰਪੂਰ ਲੇਖਣੀ ਅਤੇ ਬੋਲਣੀ ਨਾਲ ਮਸ਼ਹੂਰ ਹਨ।
ਪਰ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਓਹਨਾ ਨੂੰ ਵਿਸਾਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਚਲਦਿਆਂ ਓਹ ਪਿਛਲੇ ਕੁਝ ਮਹੀਨਿਆਂ ਤੋਂ ਪਾਰਟੀ ਦੀਆਂ ਸਰਗਰਮੀਆਂ ਵਿਚ ਹਿੱਸਾ ਨਹੀਂ ਲੈ ਰਹੇ ਸਨ।
ਓਧਰ ਮਨਜਿੰਦਰ ਸਿੰਘ ਭੁੱਲਰ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਸ਼ਾਮਿਲ ਹੋਏ ਹਨ ਅਤੇ ਓਹ ਪਾਰਟੀ ਲਈ ਦਿਨ ਰਾਤ ਇੱਕ ਕਰ ਦੇਣਗੇ। ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਮਕਸਦ ਤੋਂ ਭਟਕ ਗਈ ਹੈ ਅਤੇ ਹੁਣ ਪਾਰਟੀ ਨੇ ਆਪਣੇ ਪਿੱਲਰ ਵਲੰਟੀਅਰਜ਼ ਨੂੰ ਗੁੱਠੇ ਲਾਈਨ ਲਗਾ ਦਿੱਤਾ ਹੈ। ਓਹਨਾ ਕਿਹਾ ਕਿ ਰਿਸ਼ਵਤਖੋਰੀ ਘਟੀ ਨਹੀਂ ਸਗੋਂ ਹੋਰ ਵਧ ਗਈ ਹੈ ਅਤੇ ਅੱਗੇ ਲੱਗੇ ਹੋਏ ਵਿਧਾਇਕ/ਲੀਡਰ ਸਤਾ ਦੇ ਨਸ਼ੇ 'ਚ ਚੂਰ ਹੋ ਗਏ ਹਨ।
ਮਨਜਿੰਦਰ ਸਿੰਘ ਭੁੱਲਰ ਦੀ ਬੀ ਜੇ ਪੀ 'ਚ ਸ਼ਮੂਲੀਅਤ ਜਲੰਧਰ ਜ਼ਿਮਨੀ ਚੋਣ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨਾਲ ਪੁਰਾਣੀਆਂ ਨਜ਼ਦੀਕੀਆਂ ਦੇ ਚੱਲਦਿਆਂ ਹੋਈ ਦੱਸੀ ਜਾ ਰਹੀ ਹੈ।