ਯੂਕਰੇਨ ਤੋਂ 3 ਵਿਦਿਆਰਥੀ ਸੁਰੱਖਿਅਤ ਮਲੇਰਕੋਟਲਾ ਵਾਪਸ ਪਰਤੇ: ਡਿਪਟੀ ਕਮਿਸ਼ਨਰ
ਮੁਹੰਮਦ ਇਸਮਾਈਲ ਏਸ਼ੀਆ /ਹਰਮਿੰਦਰ ਭੱਟ
ਮਲੇਰਕੋਟਲਾ 06 ਮਾਰਚ 2022 - ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਅਤੇ ਲੋਕਾਂ ਦੀ ਵਾਪਸੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਅੱਜ ਤੱਕ ਜ਼ਿਲ੍ਹੇ ਦੇ 03 ਵਿਦਿਆਰਥੀ ਮਲੇਰਕੋਟਲਾ ਵਿਖੇ ਵਾਪਸ ਪਰਤ ਚੁੱਕੇ ਹਨ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਦਿੱਤੀ । ਯੂਕਰੇਨ ਵਿੱਚ ਫਸੇ ਜ਼ਿਲ੍ਹਾ ਮਲੇਰਕੋਟਲਾ ਦੇ ਵਿਦਿਆਰਥੀਆਂ ਸਮੇਤ ਹੋਰ ਨਾਗਰਿਕਾਂ ਬਾਰੇ ਜੋ ਸੂਚਨਾ ਇਕੱਤਰ ਹੋਈ ਸੀ ਉਸ ਅਨੁਸਾਰ 07 ਵਿਦਿਆਰਥੀ ,ਇਕ ਵਰਕਪਰਮਿਟ ਅਤੇ ਇੱਕ ਡਾਕਟਰ ਪਰਿਵਾਰ ਦੇ ਕੁਲ 04 ਮੈਂਬਰ ਯੂਕਰੇਨ ਵਿਖੇ ਫਸੇ ਹੋਏ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਤੱਕ ਪ੍ਰਤੀਮਾ ਕੱਕੜ,ਅਮਨ ਭੱਟੀ ਅਤੇ ਗੁਰਜੋਤ ਸਿੰਘ ਮਲੇਰਕੋਟਲਾ ਵਾਪਸ ਆ ਚੁੱਕੇ ਹਨ ਅਤੇ ਇੱਕ ਵਿਦਿਆਰਥੀ (ਅਰਵਿੰਦ) ਪੁਰਤਗਾਲ ਤੋਂ ਅੱਜ ਫਲਾਈਟ ਰਾਹੀਂ ਦੇਸ਼ ਵਾਪਸ ਆ ਜਾਵੇਗਾ । ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਿਤ 03 ਵਿਦਿਆਰਥੀ ਮੁਹੰਮਦ ਜਾਹਗੀਰ,ਮੁਹੰਮਦ ਅਬੀਦ ਅਤੇ ਸੋਹੇਲ ਜੋ ਕਿ ਪੋਲੈਂਡ ਬਾਡਰ ਤੇ ਹਨ , ਗੁਰਮੁੱਖ ਸਿੰਘ ਜੋ ਕਿ ਵਰਕਪਰਮਿਟ ਤੇ ਸੀ ਉਹ ਪੁਰਤਗਾਲ ਵਿਖੇ ਹੈ । ਇਸ ਤੋਂ ਇਲਾਵਾ ਡਾਕਟਰ ਰਿਸ਼ਬ ਸ਼ਰਮਾ ਦਾ ਪਰਿਵਾਰ ਯੂਕਰੇਨ ਤੋਂ ਪੋਲੈਂਡ ਵਿਖੇ ਅੱਜ ਪੁੱਜ ਜਾਵੇਗਾ । ਉਨ੍ਹਾਂ ਆਸ ਕੀਤੀ ਕਿ ਬਾਕੀ ਰਹਿੰਦੇ ਲੋਕ ਵੀ ਸੁਰੱਖਿਅਤ ਵਾਪਸ ਆ ਜਾਣਗੇ ।
ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਫਸੇ ਬਾਕੀ ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪਰਿਵਾਰਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੂਬਾ ਸਰਕਾਰ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ । ਸੰਕਟ ਦੀ ਘੜੀ ਵਿੱਚ ਇਨ੍ਹਾਂ ਵਿਦਿਆਰਥੀਆਂ ਅਤੇ ਪਰਿਵਾਰਾਂ ਦਾ ਜੋ ਵੱਟਸਐਪ ਗਰੁੱਪ ਬਣਾਇਆ ਗਿਆ ਸੀ ਉਸ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਹਰ ਸਮੇਂ ਉਨ੍ਹਾਂ ਦੇ ਸੰਪਰਕ ਵਿੱਚ ਹੈ ਤਾਂ ਜੋ ਸਹੀ ਜਾਣਕਾਰੀ ਸਾਂਝੀ ਕੀਤੀ ਜਾ ਸਕੇ ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਨੰਬਰ 01675-252000 , ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ ਦੇ ਮੋਬਾਇਲ ਨੰਬਰ 98726-2359 ਅਤੇ ਵੱਟਸਐਪ ਗਰੁੱਪ ਤੇ ਪ੍ਰਾਪਤ ਜਾਣਕਾਰੀ ਪੰਜਾਬ ਸਰਕਾਰ ਨਾਲ ਲਗਾਤਾਰ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਤਾਂ ਜੋ ਯੂਕਰੇਨ ਵਿੱਚ ਫਸੇ ਲੋਕਾਂ ਦੀ ਸੁਰੱਖਿਅਤ ਵਤਨ ਵਾਪਸੀ ਨੂੰ ਯਕੀਨੀ ਬਣਾਇਆ ਜਾ ਸਕੇ । ਉਨ੍ਹਾਂ ਹੋਰ ਕਿਹਾ ਕਿ ਉਕਤ ਨੰਬਰਾਂ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ 24 ਘੰਟੇ ਸੇਵਾ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ ਉੱਤੇ ਸਥਾਪਿਤ ਕੀਤੇ ਕੰਟਰੋਲ ਰੂਮ ਦੇ ਸੰਪਰਕ ਨੰਬਰ 1100 (ਪੰਜਾਬ ਵਿੱਚੋਂ ਕਾਲ ਕਰਨ ਲਈ) ਅਤੇ +91-172-4111905 (ਭਾਰਤ ਤੋਂ ਬਾਹਰੋਂ ਕਾਲ ਕਰਨ ਲਈ) `ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ।
ਉਨ੍ਹਾਂ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰਾਂ `ਤੇ ਸੰਪਰਕ ਕਰਨ ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਯੂਕਰੇਨ `ਚ ਫਸੇ ਹੋਏ ਵਿਅਕਤੀਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਹੱਦੀ ਚੌਕੀਆਂ `ਤੇ ਅੰਬੈਸੀ ਅਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਅਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਹਿਣ।