ਯੂਕ੍ਰੇਨ ਤੋਂ ਖੇੜੀ ਕਲਾਂ ਦੇ ਵਿਦਿਆਰਥੀ ਦੀਪਇੰਦਰ ਸਿੰਘ ਚਹਿਲ ਦੀ ਹੋਈ ਘਰ ਵਾਪਸੀ
- ਪੰਜਾਬ ਸਰਕਾਰ 'ਤੇ ਦਿਖਾਈ ਨਾਰਾਜ਼ਗੀ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 05 ਮਾਰਚ, 2022: ਰੂਸ ਤੇ ਯੂਕ੍ਰੇਨ ਵਿਚਾਲੇ ਛਿੜੀ ਜੰਗ ਤੋਂ ਬਾਅਦ ਉਥੇ ਫਸੇ ਪੰਜਾਬ ਤੋਂ ਯੂਕ੍ਰੇਨ ਗਏ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਇਸੇ ਲੜੀ ਵਜੋਂ ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਖੇੜੀ ਕਲਾਂ ਦੇ ਦੀਪਇੰਦਰ ਸਿੰਘ ਚਹਿਲ ਪੁੱਤਰ ਸੇਵਾ-ਮੁਕਤ ਮਾਸਟਰ ਬਲਦੇਵ ਸਿੰਘ ਯੂਕ੍ਰੇਨ ’ਚ ਡਾਕਟਰੀ ਦੀ ਪੜ੍ਹਾਈ ਕਰਨ 6 ਸਾਲ ਪਹਿਲਾਂ ਗਿਆ ਸੀ। ਉਹ ਯੂਕ੍ਰੇਨ ਦੇ ਸ਼ਹਿਰ ਉਂਜਗਰੋਡ ਵਿਖੇ ਐੱਮ. ਬੀ. ਬੀ. ਐੱਸ. ਦਾ ਵਿਦਿਆਰਥੀ ਹੈ, ਉਸ ਦਾ ਆਖਰੀ ਸਮੈਸਟਰ ਬਾਕੀ ਹੈ। ਉਹ ਅੱਜ 26 ਘੰਟਿਆਂ ਦੇ ਸਫ਼ਰ ਤੋਂ ਬਾਅਦ ਆਪਣੇ ਘਰ ਪੁੱਜਿਆ ਤਾਂ ਪਰਿਵਾਰ ’ਚ ਖੁਸ਼ੀ ਦੀ ਲਹਿਰ ਪਾਈ ਗਈ।
ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਜੰਗ ਕਾਰਨ ਪਰਿਵਾਰ ਵਾਲੇ ਸਹਿਮੇ ਹੋਏ ਸਨ। ਦੀਪਇੰਦਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਜਗ੍ਹਾ ’ਤੇ ਉਹ ਰਹਿੰਦਾ ਸੀ, ਉੱਥੇ ਕੋਈ ਸਮੱਸਿਆ ਨਹੀਂ ਸੀ। ਉਹ ਬੱਸ ਸਫ਼ਰ ਰਾਹੀਂ ਹੰਗਰੀ ਪੁੱਜਿਆ ਤੇ ਉਸ ਤੋਂ ਬਾਅਦ ਦਿੱਲੀ ਪਹੁੰਚਿਆ। ਕੇਂਦਰ ਸਰਕਾਰ ਨੇ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਪਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਦੇ ਸਵਾਗਤ ਲਈ ਅੱਜ ਤੱਕ ਨਹੀਂ ਪਹੁੰਚਿਆ।
ਭਾਰਤ ਆਉਣ ਲਈ ਖ਼ਰਚੇ ਬਾਰੇ ਉਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰਾ ਖਰਚਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਤੇ ਅਸੀਂ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਸਮੇਤ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਨਾਲ ਸਬੰਧਿਤ ਕੁੱਝ ਵਿਦਿਆਰਥੀ ਵੀ ਯੂਕ੍ਰੇਨ ਦੇ ਕੀਵ ਤੇ ਹੋਰ ਸ਼ਹਿਰਾਂ ’ਚ ਫਸੇ ਹੋਏ ਹਨ, ਜਿਨ੍ਹਾਂ ਦੀ ਘਰ ਵਾਪਸੀ ਲਈ ਮਾਪਿਆਂ ਅੰਦਰ ਡੂੰਘੀ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਸਰਕਾਰ ਅੱਗੇ ਬੱਚਿਆਂ ਨੂੰ ਵਾਪਸ ਬੁਲਾਉਣ ਲਈ ਗੁਹਾਰ ਲਗਾਈ ਜਾ ਰਹੀ ਹੈ। ਬੇਸ਼ੱਕ ਕੇਂਦਰ ਸਰਕਾਰ ਵੱਲੋਂ ਮਿਸ਼ਨ ਗੰਗਾ ਤਹਿਤ ਬੱਚਿਆਂ ਨੂੰ ਯੂਕ੍ਰੇਨ ਤੋਂ ਵਾਪਸ ਭਾਰਤ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਜ਼ਿਲ੍ਹਾ ਸੰਗਰੂਰ ਦੇ ਕਈ ਵਿਦਿਆਰਥੀ ਅਜੇ ਤਕ ਵਾਪਸ ਨਹੀਂ ਆਏ।