ਕੋਰੋਨਾ ਤੇ ਬਲੈਕ ਫੰਗਸ ਨਾਲ ਨਜਿੱਠਣ ਲਈ ‘ਆਪ ਦਾ ਡਾਕਟਰ’ ਮੁਹਿੰਮ ਦਾ ਆਗਾਜ਼
ਅਸ਼ੋਕ ਵਰਮਾ
ਮਾਨਸਾ, 27ਮਈ2021: ਆਮ ਆਦਮੀ ਪਾਰਟੀ ਨੇ ਕਰੋਨਾ ਕਾਲ ਦੌਰਾਨ ਲੋਕਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ‘ ਆਪ ਦਾ ਡਾਕਟਰ’ ਮੁਹਿੰਮ ਸ਼ੁਰੂ ਕੀਤੀ ਹੈ । ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਮਾਨਸਾ ਜਿਲ੍ਹੇ ਦੇ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪਾਰਟੀ ਨੇ ਪੰਜਾਬ ਪੱਧਰ ਦਾ ਹੈਲਪਲਾਈਨ ਨੰਬਰ 7827275743 ਜਾਰੀ ਕੀਤਾ ਹੈ ਜਿਸ ਤੇ ਸੰਪਰਕ ਕਰਕੇ ਕੋਈ ਵੀ ਵਿਅਕਤੀ ਕਰੋਨਾ ਵਾਇਰਸ ਅਤੇ ਬਲੈਕ ਫੰਗਸ ਦੇ ਬਚਾਅ , ਇਲਾਜ ਅਤੇ ਬਿਮਾਰੀ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਆਪ ਆਗੂਆਂ ਨੇ ਦੱਸਿਆ ਕਿ ਲੋਕ ਆਪ ਦੇ ਮੈਡੀਕਲ ਵਿੰਗ ਵੱਲੋਂ ਜਾਰੀ ਸਹਾਇਤਾ ਨੰਬਰ ‘ਤੇ ਕਾਲ ਕਰਕੇ ਮਾਹਿਰ ਡਾਕਟਰਾਂ ਤੋਂ ਸਹਾਇਤਾ ਲੈ ਸਕਦੇ ਹਨ।
ਆਗੂਆਂ ਨੇ ਆਖਿਆ ਕਿ ਪੰਜਾਬ ਤੇ ਕੇਦਰ ਸਰਕਾਰ ਕਰੋਨਾ ਸੰਕਟ ਦੌਰਾਨ ਲੋਕਾਂ ਨੂੰ ਵੈਕਸੀਨ ਲਾਉਣ ਲਈ ਗੰਭੀਰ ਨਹੀ ਜਿਸ ਦੀ ਮਿਸਾਲ ਸੂਬੇ ‘ਚ ਵੈਕਸੀਨ ਦੀ ਘਾਟ ਤੋਂ ਮਿਲਦੀ ਹੈ। ਉਨ੍ਹਾਂ ਆਖਿਆ ਕਿ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਤਾਂ ਅਜੇ ਤੱਕ ਟੀਕਾਕਰਨ ਸ਼ੁਰੂ ਹੀ ਨਹੀਂ ਕੀਤਾ ਜਾ ਸਕਿਆ ਹੈ ਜੋਕਿ ਚਿੰਤਾਜਨਕ ਹੈ। ਉਨ੍ਹਾਂ ਸਰਕਾਰਾਂ ਨੂੰ ਸਵਾਲ ਕੀਤਾ ਕਿ ਬਿਨਾਂ ਵੈਕਸੀਨ ਤੋਂ ਲੋਕਾਂ ਨੂੰ ਕਿਸ ਤਰਾਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਲੋਕਾਂ ਦੀ ਛਿੱਲ ਲਾਹੀ ਜਾ ਰਹੀ ਹੈ ਅਤੇ ਕੈਪਟਨ ਸਰਕਾਰ ਕਾਲਾ ਬਜ਼ਾਰੀ ਕਰਨ ਵਾਲਿਆਂ ਖਿਲਾਫ ਚੁੱਪ ਵੱਟ ਕੇ ਲੋਕਾਂ ਨੂੰ ਦਸ ਦਸ ਗੁਣਾ ਭਾਅ ਤੇ ਟੀਕੇ ਅਤੇ ਦਵਾਈਆਂ ਖਰੀਦਣ ਲਈ ਮਜ਼ਬੂਰ ਕਰ ਦਿੱਤਾ ਹੈ।
ਉਨ੍ਹਾਂ ਆਖਿਆ ਕਿ ਆਮ ਲੋਕਾਂ ਜਮੀਨਾਂ, ਪਸ਼ੂ ਅਤੇ ਗਹਿਣੇ ਵੇਚਕੇ ਪੈਸੇ ਹਸਪਾਤਲਾਂ ਅਤੇ ਦਵਾਈਆਂ ਵਾਲਿਆਂ ਨੂੰ ਦੇ ਰਹੇ ਹਨ ਜਦੋਂਕਿ ਕੈਪਟਨ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਦਵਾਈ ਮਾਫੀਆ ਅਤੇ ਹਸਪਤਾਲਾਂ ਦੀ ਕਥਿਤ ਲੁੱਟ ਪ੍ਰਤੀ ਧ੍ਰਿਤਰਾਸ਼ਟਰ ਬਣੇ ਬੈਠੇ ਹਨ । ਉਨ੍ਹਾਂ ਕਿਹਾ ਕਿ ਬਲੈਕ ਫੰਗਸ ਬਿਮਾਰੀ ਦੀ ਰੋਕਥਾਮ ਲਈ ਲੱਗਣ ਵਾਲੇ ਟੀਕੇ ਮਰੀਜ਼ਾ ਨੂੰ ਮਿਲ ਹੀ ਨਹੀਂ.ਰਹੇ ਜਿੰਨ੍ਹਾਂ ਨੂੰ ਹਾਸਲ ਕਰਨ ਲਈ ਲੇਲੜ੍ਹੀਆਂ ਕੱਢਣੀਆਂ ਪੈ ਰਹੀਆਂ ਹਨ। ਦੋਵਾਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮਰੀਜਾਂ ਲਈ ਦਵਾਈਆਂ ਟੀਕੇ ਅਤੇ ਵੈਕਸੀਨ ਦੇ ਪ੍ਰਬੰਧ ਤੋਂ ਇਲਾਵਾ ਪ੍ਰਾਈਵੇਟ ਆਰਿਆਂ ਦੀ ਕਥਿਤ ਲੁੱਟ ਤੇ ਲਗਾਮ ਕਸਣ ਦੀ ਮੰਗ ਕੀਤੀ।