ਜ਼ਬਰਦਸਤੀ ਕੋਰੋਨਾ ਟੈਸਟ ਅਤੇ ਵੈਕਸੀਨੇਸ਼ਨ ਦਾ ਵਿਰੋਧ
ਅਸ਼ੋਕ ਵਰਮਾ
ਬਠਿੰਡਾ,28ਮਈ 2021ਇਨਕਲਾਬੀ ਕੇਂਦਰ ਪੰਜਾਬ ਨੇ ਕਥਿਤ ਜਬਰਨ ਕਰੋਨਾ ਟੈਸਟ ਅਤੇ ਟੀਕਾਰਨ ਦਾ ਵਿਰੋਧ ਕਰਦਿਆਂ ਸਰਕਾਰ ਨੂੰ ਇਹ ਕੰਮ ਲੋਕਾਂ ਦੀ ਸਵੈ-ਇੱਛਾ ’ਤੇ ਛੱਡਣ ਦੀ ਅਪੀਲ ਕੀਤੀ ਹੈ। ਕੇਂਦਰ ਦੇ ਆਗੂਆਂ ਜਗਜੀਤ ਸਿੰਘ ਲਹਿਰਾ ਮੁਹੱਬਤ ਅਤੇ ਮੰਦਰ ਸਿੰਘ ਜੱਸੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪਿੰਡਾਂ ਵਿੱਚ ਮਨਰੇਗਾ ਮਜ਼ਦੂਰਾਂ ਦੇ ਕੰਮ ਦੀ ਸ਼ਰਤ ਵਜੋਂ ਕੋਵਿਡ-19 ਦਾ ਟੈਸਟ ਜ਼ਰੂਰੀ ਕਰਾਉਣ ਦੀ ਮੁਨਿਆਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਲਈ ਕਰੋਨਾ ਬਿਮਾਰੀ ਦਾ ਜ਼ਰੂਰੀ ਟੈਸਟ ਅਤੇ ਟੀਕਾਕਰਨ ਐਵੇਂ ਖਾਹਮਖਾਹ ਲੋਕਾਂ ਨੂੰ ਖੱਜਲ-ਖੁਆਰ ਕਰਨ ਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਨੂੰ ਲੋਕਾਂ ਦੀ ਕਰੋਨਾ ਟੈਸਟਿੰਗ ਅਤੇ ਟੀਕਾਕਰਨ ਦੀ ਕਾਰਵਾਈ ਲੋਕਾਂ ਦੀ ਇੱਛਾ ’ਤੇ ਛੱਡਣੀ ਚਾਹੀਦੀ ਹੈ ਅਤੇ ਆਪਣਾ ਸਾਰਾ ਧਿਆਨ ਮਰੀਜ਼ਾਂ ਦੀ ਦੇਖਭਾਲ, ਉਨ੍ਹਾਂ ਲਈ ਬੈੱਡ, ਆਕਸੀਜਨ, ਵੈਂਟੀਲੇਟਰ, ਦਵਾਈਆਂ ਅਤੇ ਹੋਰ ਲੋੜੀਂਦੇ ਪ੍ਰਬੰਧ ਕਰਨ ਵੱਲ ਕੇਂਦਰਤ ਕਰਨਾ ਚਾਹੀਦਾ ਹੈ।