ਐਸਐਸਪੀ ਬਰਨਾਲਾ ਦੇ ਉਦਮ ਸਦਕਾ ਵਿਦੇਸ਼ੋਂ ਆਏ ਆਕਸੀਜਨ ਕੰਸਨਟਰੇਟਰ
ਕਮਲਜੀਤ ਸਿੰਘ ਸੰਧੂ
ਬਰਨਾਲਾ, 22 ਮਈ 2021 - ਕੋਰੋਨਾਵਾਇਰਸ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸ ਔਖੀ ਘੜੀ ਵਿੱਚ ਬਹੁਤ ਸਾਰੇ ਦਾਨੀ ਸੱਜਣ ਲੋਕਾਂ ਦੀ ਮੱਦਦ ਅਤੇ ਸਰਕਾਰ ਤੇ ਪ੍ਰਸ਼ਾਸ਼ਨ ਦਾ ਸਾਥ ਦੇਣ ਲਈ ਅੱਗੇ ਆ ਰਹੇ ਹਨ। ਵਿਦੇਸਾਂ ਵਿੱਚ ਬੈਠੇ ਪ੍ਰਵਾਸੀ ਵੀ ਮੱਦਦ ਦਾ ਹੱਥ ਅੱਗੇ ਵਧਾਉਣ ਲੱਗੇ ਹਨ। ਜਿਸ ਤਹਿਤ ਬਰਨਾਲਾ ਵਿੱਚ ਸਕਾਟਲੈਂਡ ਦੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਸੰਸਥਾ ਵਲੋਂ ਬਰਨਾਲਾ ਜ਼ਿਲੇ ਲਈ ਚਾਰ ਆਕਸੀਜਨ ਕੰਸਨਟਰੇਟਰ ਦਾਨ ਕੀਤੇ ਹਨ। ਇਹ ਆਕਸੀਜਨ ਕੰਸਨਟਰੇਟਰ ਮਰੀਜ਼ ਦਾ ਆਕਸੀਜ਼ਨ ਲੈਵਨ ਠੀਕ ਰੱਖਦੇ ਹਨ।
ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਾਰ ਇਹਨਾਂ ਆਕਸੀਜਨ ਕੰਸਨਟਰੇਟਰਾਂ ਨੂੰ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਵਲੋਂ ਬਰਨਾਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਿਹਤ ਵਿਭਾਗ ਹਵਾਲੇ ਕੀਤਾ ਗਿਆ ਹੈ। ਇੱਕ ਹੋਰ ਬਰਨਾਲਾ ਦੀ ਨਾਮੀ ਸੰਸਥਾ ਵਲੋਂ ਚਾਰ ਆਕਸੀਜਨ ਕੰਸਨਟਰੇਟਰ ਵੀ ਦਿੱਤੇ ਗਏ ਹਨ।
ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਇਸ ਕੋਰੋਨਾ ਮਹਾਮਾਰੀ ਦੇ ਕਹਿਰ ਦੇ ਚੱਲਦੇ ਆਕਸੀਜਨ ਕੰਸਨਟਰੇਟਰ ਕਾਫ਼ੀ ਕਾਰਗਰ ਸਿੱਧ ਹੋਣਗੇ ਅਤੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਵਿੱਚ ਅੱਜ ਇਹ ਦਾਨ ਕੀਤੇ ਗਏ ਆਕਸੀਜਨ ਕੰਸਨਟਰੇਟਰ ਸਰਕਾਰੀ ਹਸਪਤਾਲ ਨੂੰ ਦਿੱਤੇ ਜਾ ਰਹੇ ਹਨ। ਜਿੱਥੇ ਜਰੂਰਤਮੰਦ ਲੋਕਾਂ ਨੂੰ ਇਸ ਦੀ ਸੇਵਾ ਫਰੀ ਵਿੱਚ ਉਪਲੱਬਧ ਕਰਵਾਈ ਜਾਵੇਗੀ। ਆਕਸੀਜਨ ਕੰਸਨਟਰੇਟਰ ਮਸ਼ੀਨ ਮਰੀਜਾਂ ਲਈ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ। ਖਾਸਕਰ ਜਿਨਾਂ ਕੋਲ ਹਸਪਤਾਲਾਂ ਵਿੱਚ ਆਕਸੀਜਨ ਦੀ ਵਿਵਸਥਾ ਨਹੀਂ ਹੈ ਅਤੇ ਹੋਮ ਆਈਸੋਲੇਸ਼ਨ ਵਾਲੇ ਮਰੀਜਾਂ ਲਈ ਕਾਫ਼ੀ ਕਾਰਗਰ ਸਿੱਧ ਹੋਵੇਗੀ।