ਡੀ ਸੀ ਨੇ ਸਬ-ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਟਰੌਮਾ ਵਾਰਡ ਦੀ ਕੀਤੀ ਸ਼ੁਰੂਆਤ
- ਹਸਪਤਾਲ ’ਚ ਬੈੱਡਾਂ ਦੀ ਗਿਣਤੀ 30 ਤੋਂ ਵਧਾ ਕੇ 50 ਕੀਤੀ
ਬਲਾਚੌਰ, 20 ਮਈ 2021 - ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਅੱਜ ਸਬ-ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਟਰੌਮਾ ਵਾਰਡ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਹੁਣ ਹਸਪਤਾਲ ਵਿਚ ਬੈੱਡਾਂ ਦੀ ਗਿਣਤੀ 30 ਤੋਂ ਵੱਧ ਕੇ 50 ਹੋ ਗਈ ਹੈ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਬਲਾਚੌਰ ਡਾ. ਕੁਲਵਿੰਦਰ ਮਾਨ ਦੀ ਮੌਜੂਦਗੀ ਵਿਚ ਟਰੌਮਾ ਵਾਰਡ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੈੱਡਾਂ ਦੀ ਗਿਣਤੀ ਵਧਣ ਨਾਲ ਇਸ ਇਲਾਕੇ ਅਤੇ ਆਸਪਾਸ ਦੇ ਲੋਕਾਂ ਨੂੰ ਹੋਰ ਬਿਹਤਰੀਨ ਢੰਗ ਨਾਲ ਇਲਾਜ ਸਹੂਲਤਾਂ ਮੁਹੱਈਆ ਹੋ ਸਕਣਗੀਆਂ।
ਉਨਾਂ ਦੱਸਿਆ ਕਿ ਇਸ ਨਵੇਂ ਵਾਰਡ ਵਿਚ ਨਾਨ-ਕੋਵਿਡ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਨਾਂ ਵਿਚ ਆਰਥੋਪੈਡਿਕ ਅਤੇ ਆਮ ਬਿਮਾਰੀਆਂ ਵਾਲੇ ਮਰੀਜ਼ ਸ਼ਾਮਲ ਹਨ। ਇਸ ਦੌਰਾਨ ਉਨਾਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਉਥੇ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਇਲਾਜ ਸਹੂਲਤਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਮਰੀਜ਼ਾਂ ਅਤੇ ਸਟਾਫ ਨਾਲ ਗੱਲਬਾਤ ਵੀ ਕੀਤੀ।
ਉਨਾਂ ਸਮੂਹ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਨੂੰ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਦੀ ਸ਼ਲਾਘਾ ਕਰਦਿਆਂ ਮਰੀਜ਼ਾਂ ਦੇ ਵਧੀਆ ਢੰਗ ਨਾਲ ਇਲਾਜ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਉਨਾਂ ਨੂੰ ਕਿਸੇ ਵੀ ਤਰਾਂ ਦੀ ਦਰਪੇਸ਼ ਮੁਸ਼ਕਲ ਤੁਰੰਤ ਧਿਆਨ ਵਿਚ ਲਿਆਂਦੀ ਜਾਵੇ, ਤਾਂ ਜੋ ਉਸ ਦਾ ਯੋਗ ਹੱਲ ਕੱਢਿਆ ਜਾ ਸਕੇ। ਉਨਾਂ ਕਿਹਾ ਕਿ ਇਹ ਸਿਹਤ ਸੰਸਥਾ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਅਤੇ ਲੋੜਵੰਦ ਮਰੀਜ਼ਾਂ ਲਈ ਵੱਡਾ ਸਹਾਰਾ ਬਣੀ ਹੋਈ ਹੈ। ਇਸ ਮੌਕੇ ਡਾ. ਸੰਦੀਪ ਗਿੱਲ, ਡਾ. ਚਰਨਦੀਪ ਮੌਜੀ, ਡਾ. ਨਵਦੀਪ, ਨਿਰਮਲ ਸਿੰਘ ਅਤੇ ਹੋਰ ਹਾਜ਼ਰ ਸਨ।