ਜਲੰਧਰ: ਡੀ ਸੀ ਵਲੋਂ ਆਰ.ਟੀ-ਪੀਸੀਆਰ ਟੈਸਟ ’ਚ ਵੱਧ ਪੈਸੇ ਵਸੂਲਣ ਸਬੰਧੀ ਪਰਦਾਫਾਸ਼ ਕਰਨ ਵਾਲੇ ਵਿਅਕਤੀ ਦਾ ਨਗਦ ਇਨਾਮ ਨਾਲ ਸਨਮਾਨ
- ਕਿਹਾ, ਇਸ ਦਾ ਮੁੱਖ ਮੰਤਵ ਮਹਾਂਮਾਰੀ ਦੌਰਾਨ ਲੋਕਾਂ ਨੂੰ ਗਲਤ ਤਰੀਕੇ ਨਾਲ ਵੱਧ ਪੈਸੇ ਵਸੂਲਣ ਤੋਂ ਰੋਕਣਾ
ਜਲੰਧਰ 19 ਮਈ 2021 - ਕੋਵਿਡ-19 ਮਹਾਂਮਾਰੀ ਦੌਰਾਨ ਗਲਤ ਢੰਗ ਤਰੀਕਿਆਂ ਅਤੇ ਕੋਵਿਡ ਦੇ ਇਲਾਜ ਤੇ ਟੈਸਟ ਵਿੱਚ ਵੱਧ ਪੈਸੇ ਵਸੂਲਣ ਸਬੰਧੀ ਪਰਦਾਫ਼ਾਸ ਕਰਨ ਵਾਲੇ ਵਿਅਕਤੀ ਨੂੰ ਸਨਮਾਨਿਤ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਅੱਜ ਆਰ.ਟੀ.-ਪੀ.ਸੀ.ਆਰ. ਟੈਸਟ ਵਿੱਚ ਵੱਧ ਪੈਸੇ ਵਸੂਲਣ ਨੂੰ ਉਜਾਗਰ ਕਰਨ ਵਾਲੇ ਪੱਤਰਕਾਰ ਨੂੰ 25000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਦਿ ਟ੍ਰਿਬਿਊਨ ਅਖ਼ਬਾਰ ਦੇ ਪੱਤਰਕਾਰ ਅਜੈ ਜੋਸ਼ੀ ਨੂੰ ਇਨਾਮ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਯਤਨ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿੱਚ ਸਿਹਤ ਸੰਸਥਾਵਾਂ ਨੂੰ ਹੋਰ ਜਿੰਮੇਵਾਰੀ ਨਾਲ ਕੰਮ ਕਰਨ ਅਤੇ ਪਾਰਦਰਸ਼ਤਾ ਲਿਆਉਣ ਲਈ ਉਤਸ਼ਾਹਿਤ ਕਰਨਗੇ। ਉਨ੍ਹਾਂ ਸਪਸ਼ਟ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਵਿੱਚ ਅਣਗਹਿਲੀ ਵਰਤਣ ਅਤੇ ਵਾਧੂ ਪੈਸੇ ਵਸੂਲਣ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜ਼ਿਲ੍ਹੇ ਵਿੱਚ ਜੇਕਰ ਕੋਈ ਅਜਿਹੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਉਸ ਖਿਲਾਫ ਮਿਸਾਲੀ ਕਾਰਵਾਈ ਕੀਤੀ ਜਾਵੇਗੀ।
ਅਜਿਹੀਆਂ ਖਾਮੀਆਂ ਨੂੰ ਉਜਾਗਰ ਕਰਨ ਲਈ ਪੱਤਰਕਾਰ ਅਜੈ ਜੋਸ਼ੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਕੋਵਿਡ-19 ਸਬੰਧੀ ਇਲਾਜ ਅਤੇ ਸੇਵਾਵਾਂ ਸਬੰਧੀ ਉਣਤਾਈਆਂ ਸਬੰਧੀ ਵਧੇਰੇ ਚੌਕਸ ਹੋ ਕੇ ਰਿਹਾ ਜਾਵੇ। ਸ੍ਰੀ ਥੋਰੀ ਨੇ ਪੱਤਰਕਾਰ ਅਜੈ ਜੋਸ਼ੀ ਵਲੋਂ ਕੀਤੇ ਗਏ ਯਤਨਾਂ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਜੋਸ਼ੀ ਵਲੋਂ ਦੋ ਸਿਹਤ ਸੰਸਥਾਵਾਂ ਵਲੋਂ ਆਰ.ਟੀ.-ਪੀ.ਸੀ.ਆਰ.ਟੈਸਟ ਵਿੱਚ ਵੱਧ ਪੈਸੇ ਵਸੂਲਣ ਵਿਰੁੱਧ ਅਵਾਜ਼ ਉਠਾਈ ਗਈ ਸੀ ਅਤੇ ਹੁਣ ਇਨਾ ਖਿਲਾਫ਼ ਐਫ.ਆਰ.ਆਰ.ਦਰਜ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਦੇ ਇਲਾਜ ਵਿੱਚ ਪਾਈਆਂ ਜਾਣ ਵਾਲੀਆਂ ਖਾਮੀਆਂ, ਇਲਾਜ ਅਤੇ ਦਵਾਈਆਂ ਵਿੱਚ ਵੱਧ ਪੈਸੇ ਵਸੂਲਣ ਸਬੰਧੀ ਅੱਗੇ ਆਉਣ ਤਾਂ ਜੋ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਫਿਰ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਸੰਕਟ ਦੀ ਇਸ ਘੜੀ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਸੂਬਾ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਵਾਜਬ ਰੇਟਾਂ ’ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ।