ਪੰਚਾਇਤ ਦੇ ਸਹਿਯੌਗ ਨਾਲ ਹੀ ਕੋਰੋਨਾ ਮੁਕਤ ਪਿੰਡ ਮੁਹਿੰਮ ਮੁਮਕਿਨ
ਹਰੀਸ਼ ਕਾਲੜਾ
- ਪੰਚਾਇਤਾਂ ਆਈਸੋਲੇਸ਼ਨ ਵਾਰਡ ਬਣਾ ਪਿੰਡਾਂ ਨੂੰ ਰੱਖਣ ਸੁੱਰਖਿਅਤ-ਡੀ.ਐਸ.ਪੀ,ਯੂਸੀ ਚਾਵਲਾ
ਕੀਰਤਪੁਰ ਸਾਹਿਬ 18 ਮਈ 2021 - ਜਿਵੇਂ ਕਿ ਦਿਹਾਤੀ ਖੇਤਰਾਂ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ ਪਿਛਲੇ ਦਿਨਾਂ ਵਿੱਚ ਵੱਧ ਰਹੀ ਹੈ, ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਇਸ ਬਿਮਾਰੀ ਨੂੰ ਰੋਕਣ ਲਈ ਇੱਕ ਪਹਿਲ ਕੀਤੀ ਗਈ ਹੈ। ਮਿਸ਼ਨ ਫਤਿਹ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡਾਂ ਵਿੱਚ ਟੈਸਟਿੰਗ ਅਤੇ ਟੀਕਾਕਰਨ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਰਾਜ ਦੇ ਪੇਂਡੂ ਖੇਤਰਾਂ ਵਿੱਚ ਇਸ ਬਿਮਾਰੀ ਦੇ ਫੈਲਣ 'ਤੇ ਕਾਬੂ ਪਾਇਆ ਜਾ ਸਕੇ । ਇਹ ਬਿਮਾਰੀ ਹੁਣ ਪੇਂਡੂ ਖੇਤਰਾਂ ਵਿੱਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਰਹੀ ਹੈ ਅਤੇ ਸਾਡੀ ਬਹੁਤੀ ਵਸੋਂ ਇਨ੍ਹਾਂ ਖੇਤਰਾਂ ਵਿੱਚ ਰਹਿੰਦੀ ਹੈ ।
ਇਸ ਮੁਹਿੰਮ ਅਧੀਨ ਐਸ.ਐਸ.ਪੀ ਰੂਪਨਗਰ ਅਖਿਲ ਚੋਧਰੀ ਅਤੇ ਸਿਵਲ ਸਰਜਨ ,ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਵੱਲੋ ਡੀ.ਐਸ.ਪੀ ਯੂਸੀ ਚਾਵਲਾ ਅਤੇ ਹੈਲਥ ਇੰਸਪੈਕਟਰ ਸਿੰਕਦਰ ਸਿੰਘ ਅਤੇ ਸੁਖਦੀਪ ਸਿੰਘ ਵੱਲੋ ਪਿੰਡ ਹੇਠਲਾ ਦੋਲੋਵਾਲ ਵਿੱਖੇ ਦੋਰਾ ਕੀਤਾ ਗਿਆ। ਇਸ ਮੋਕੇ ਤੇ ਟੀਮ ਵੱਲੋ ਸਰਪੰਚ ਵਿਕਰਮ ਸਿੰਘ ਨਾਲ ਮੁਲਾਕਾਤ ਕੀਤੀ ਗਈ ਜਿਨ੍ਹਾਂ ਵੱਲੋ ਪਿੰਡ ਵਿਚ ਕੋਰੋਨਾ ਦੀ ਰੋਕਥਾਮ ਲਈ ਉਚੇਚੇ ਉਪਰਾਲੇ ਕੀਤੇ ਗਏ ਹਨ। ਟੀਮ ਨੂੰ ਸਰਪੰਚ ਵਿਕਰਮ ਸਿੰਘ ਵੱਲੋ ਦਿੱਤੀ ਗਈ ਜਾਣਕਾਰੀ ਮੁਤਾਬਕ ਕਿਸੇ ਵੀੇ ਬਾਹਰੀ ਵਿਅਕਤੀ ਨੂੰ ਕੋਰੋਨਾ ਨੈਗੇਟਿਵ ਰਿਪੋਟ ਦੇਖਣ ਤੋਂ ਬਾਅਦ ਹੀ ਪਿੰਡ ਵਿੱਚ ਦਾਖਲ ਹੋਣ ਦੀ ਇਜਾਜਤ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਘਰ ਜਾਣ ਤੋਂ ਪਹਿਲਾ ਪੰਚਾਇਤ ਵੱਲੋ ਪਿੰਡ ਵਿੱਚ ਬਣਾਏ ਗਏ ਇਕਾਂਤਵਾਸ ਸੈਂਟਰ ਤੇ ਇਕਾਂਤਵਾਸ ਕੀਤਾ ਜਾਂਦਾ ਹੈ ਤਾਂ ਜੋ ਕਿ ਕੋਰੋਨਾ ਦੇ ਫੈਲਾਵ ਨੂੰ ਰੋਕਿਆ ਜਾ ਸਕੇ।
ਇਸ ਤੋਂ ਇਲਾਵਾ ਪਿੰਡ ਵਿੱਚ ਠੀਕਰੀ ਪਹਿਰੇ ਲਗਾਏ ਜਾ ਰਹੇ ਹਨ। ਕੋਵਿਡ ਅਨੁਰੂਪ ਵਿਵਹਾਰ ਨਾਲ ਸਬੰਧਤ ਪਿੰਡਾਂ ਵਿਚ ਪ੍ਰਮੁੱਖ ਸਥਾਨਾਂ 'ਤੇ ਪੋਸਟਰ ਲਾਏ ਜਾ ਰਹੇ ਹਨ। ਸਾਰੇ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਸੰਬੰਧੀ ਐਲਾਨ ਪਿੰਡ ਦੇ ਗੁਰਦੁਆਰਿਆਂ ਅਤੇ ਮੰਦਰਾਂ ਤੋਂ ਨਿਯਮਿਤ ਅੰਤਰਾਲਾਂ ਤੇ ਕੀਤੇ ਜਾ ਰਹੇ ਹਨ।ਜਿਆਦਾ ਜਾਣਕਾਰੀ ਦਿੰਦੇ ਸਰਪੰਚ ਵਿਕਰਮ ਸਿੰਘ ਵੱਲੋ ਕਿਹਾ ਗਿਆ ਕਿ ਪੁਲਿਸ ਅਤੇ ਸਿਹਤ ਵਿਭਾਗ ਕੋਰੋਨਾ ਸੰਬਧੀ ਲੋੜੀਂਦੀ ਜਾਗਰੂਕਤਾ ਗਤੀਵਿਧੀਆ ਕਰ ਰਹੇ ਹਨ ਅਤੇ ਅੱਜ ਪੁਲਿਸ ਵਿਭਾਗ ਵੱਲੋ ਡੀ.ਐਸ.ਪੀ ਚਾਵਲਾ ਵਲੋ ਪਿੰਡ ਵਿੱਚ ਸ਼ਿਰਕਤ ਕਰ ਹਲਾਤਾਂ ਦਾ ਜਾਇਜਾ ਲਿਆ ਅਤੇ ਕੋਰੋਨਾ ਦੀ ਰੋਕਥਾਂਮ ਲਈ ਪੰਚਾਇਤ ਦੀ ਹਰ ਮੁੰਕਮਲ ਮਦਦ ਕਰਨ ਦਾ ਵਾਅਦਾ ਕਰਨ ਦੇ ਨਾਲ ਉਨਾਂ ਵੱਲੋ ਕਿਹਾ ਗਿਆ ਕਿ ਪੰਚਾਇਤਾਂ ਦੇ ਸਹਿਯੋਗ ਨਾਲ ਹੀ ਕੋਰੋਨਾ ਮੁਕਤ ਪਿੰਡਾ ਦਾ ਹੋਣਾ ਮੁਮਕਿਨ ਹੈ ਅਤੇ ਬਾਕੀ ਪਿੰਡਾਂ ਨੂੰ ਵੀ ਇਸ ਤਰ੍ਹਾਂ ਦੇ ਆਈਸੋਲੇਸ਼ਨ ਵਾਰਡ ਬਣਾ ਆਪਣੇ ਪਿੰਡਾਂ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ ।
ਸਰਪੰਚ ਵਿਕਰਮ ਸਿੰਘ ਨੇ ਦੱਸਿਆ ਕਿ ਆਸ਼ਾ ਵਰਕਰਜ ਘਰ-ਘਰ ਜਾ ਕੇ ਅਤੇ ਜਨਤਕ ਸੰਬੋਧਨ ਪ੍ਰਣਾਲੀ ਦੀ ਵਰਤੋਂ ਕਰਕੇ ਪਿੰਡ ਵਾਸੀਆਂ ਵਿੱਚ ਕੋਰੋਨਾ ਦੀ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰ ਰਹੀਆਂ ਹਨ। ਪਿੰਡ ਵਾਸੀਆਂ ਨੂੰ ਕੋਰੋਨਾ ਦੀ ਬਿਮਾਰੀ ਦੇ ਜਲਦੀ ਪਤਾ ਲਗਾਉਣ ਅਤੇ ਟੀਕਾਕਰਣ ਦੀ ਮਹੱਤਤਾ ਬਾਰੇ ਦੱਸਿਆ ਜਾ ਰਿਹਾ ਹੈ । ਜਿਸ ਵੀ ਵਿਅਕਤੀ ਵਿੱਚ ਬੁਖਾਰ, ਗਲੇ ਵਿਚ ਖਰਾਸ਼, ਡਾਇਰੀਆ, ਸਿਰਦਰਦ, ਸਾਹ ਲੈਣ ਵਿਚ ਤਕਲੀਫ਼ ਆਦਿ ਦੇ ਲੱਛਣਾਂ ਦੀ ਸ਼ੁਰੂਆਤ ਹੁੰਦੀ ਹੈ ਉਸਨੂੰ ਲਾਜ਼ਮੀ ਤੌਰ 'ਤੇ ਜਲਦੀ ਤੋਂ ਜਲਦੀ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਦੀ ਸਮੇਂ ਸਿਰ ਪਛਾਣ ਹੋ ਸਕੇ ਅਤੇ ਅਜਿਹੇ ਵਿਅਕਤੀ ਨੂੰ ਅਲੱਗ ਕੀਤਾ ਜਾ ਸਕੇ ਅਤੇ ਬਿਮਾਰੀ ਦਾ ਹੋਰ ਪ੍ਰਸਾਰ ਹੋਣ ਤੋਂ ਰੋਕਿਆ ਜਾ ਸਕੇ।ਟੀਮ ਦੇ ਮੈਂਬਰਾਂ ਨੇ ਪਿੰਡ ਪੰਚਾਇਤ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ 'ਕੋਰੋਨਾ ਮੁਕਤ ਪਿੰਡ' ਦਾ ਟੀਚਾ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਗਈ।