ਭਾਜਪਾ ਐਮ ਪੀ ਪ੍ਰੱਗਿਆ ਠਾਕੁਰ ਵਿਰੁੱਧ ਲੋਕਾਂ ਨੂੰ ਕੋਰੋਨਾ ਦੇ ਇਲਾਜ ਬਾਰੇ ਗੁੰਮਰਾਹ ਕਰਨ ਦਾ ਕੇਸ ਦਰਜ ਹੋਵੇ: ਰਾਜਿੰਦਰ ਬਡਹੇੜੀ
ਚੰਡੀਗੜ੍ਹ, 18 ਮਈ 2021 - ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਤੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਹੈ ਕਿ ਭਾਜਪਾ ਐਮਪੀ ਪ੍ਰੱਗਿਆ ਠਾਕੁਰ ਵਿਰੁੱਧ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਦ ਮੈਂਬਰ ਜਿਸ ਤਰੀਕੇ ਗਊ–ਮੂਤਰ ਨਾਲ ਕੋਰੋਨਾ–ਵਾਇਰਸ ਦਾ ਇਲਾਜ ਕਰਨ ਦੀ ਗੱਲ ਕਰਦੇ ਹਨ, ਉਹ ਆਮ ਜਨਤਾ ਲਈ ਪੂਰੀ ਤਰ੍ਹਾਂ ਗੁੰਮਰਾਹਕੁੰਨ ਹੈ। ਦੇਸ਼ ਦੀ ਭੋਲੀ–ਭਾਲੀ ਜਨਤਾ ਭਾਜਪਾ ਆਗੂਆਂ ਦੇ ਅਜਿਹੇ ਬਿਆਨਾਂ ਤੋਂ ਕੁਰਾਹੇ ਪੈ ਸਕਦੀ ਹੈ ਤੇ ਵੱਡਾ ਨੁਕਸਾਨ ਹੋ ਸਕਦਾ ਹੈ।
ਰਾਜਿੰਦਰ ਸਿੰਘ ਬਡਹੇੜੀ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ’ਚ ਤੁਰੰਤ ਦਖ਼ਲ ਦੇਣ ਤੇ ਲੋਕਾਂ ਨੂੰ ਸਮਝਾਉਣ ਕਿ ਉਹ ਵਿਗਿਆਨਕ ਤਰੀਕੇ ਨਾਲ ਮਾਸਕ ਪਹਿਨਣ, ਸਮਾਜਕ ਦੂਰੀ ਬਣਾ ਕੇ ਰੱਖਣ ਤੇ ਸੈਨੀਟਾਇਜ਼ੇਸ਼ਨ ਦਾ ਪੂਰਾ ਖ਼ਿਆਲ ਰੱਖਣ।
ਬਡਹੇੜੀ ਨੇ ਇਹ ਵੀ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਨਿਜੀ ਜਾਂ ਪਰਿਵਾਰਕ ਡਾਕਟਰ ਦੀ ਸਲਾਹ ਨਾਲ ਜ਼ਰੂਰ ਹੀ ਕੋਰੋਨਾ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਬਾਬਾ ਰਾਮਦੇਵ ਵਾਂਗ ਹੁਣ ਪ੍ਰੱਗਿਆ ਠਾਕੁਰ ਵੀ ਲੋਕਾਂ ਨੂੰ ਗ਼ਲਤ ਤੇ ਗ਼ੈਰ–ਵਿਗਿਆਨਕ ਸਲਾਹਾਂ ਦੇਣ ਲੱਗ ਪਏ ਹਨ; ਉਨ੍ਹਾਂ ਵਿਰੁੱਧ ਜ਼ਰੂਰ ਹੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਿਸਾਨ ਆਗੂ ਬਡਹੇੜੀ ਨੇ ਕਿਹਾ ਕਿ ਕੋਰੋਨਾ–ਵਾਇਰਸ ਨਿੱਤ ਆਪਣਾ ਵੇਰੀਐਂਟ ਬਦਲ ਰਿਹਾ ਹੈ – ਇਸੇ ਲਈ ਕੁਝ ਮਾਮਲਿਆਂ ’ਚ ਵੈਕਸੀਨ ਤੋਂ ਬਾਅਦ ਵੀ ਕੋਰੋਨਾ–ਵਾਇਰਸ ਹਮਲਾ ਕਰ ਰਿਹਾ ਹੈ।
ਬਡਹੇੜੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਇਹ ਵੇਲਾ ਬਹੁਤ ਨਾਜ਼ੁਕ ਹੈ ਤੇ ਕੋਰੋਨਾ ਵਾਇਰਸ ਦੇ ਮਾਮਲੇ ’ਚ ਬਿਲਕੁਲ ਵੀ ਕੋਤਾਹੀ ਨਹੀਂ ਵਰਤਣੀ ਚਾਹੀਦੀ; ਕੋਵਿਡ ਪ੍ਰੋਟੋਕੋਲ ਦਾ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ।
ਦੱਸ ਦੇਈਏ ਕਿ ਪ੍ਰੱਗਿਆ ਠਾਕੁਰ ਨੇ ਜਦ ਤੋਂ ਗਊ–ਮੂਤਰ ਨਾਲ ਕੋਰੋਨਾ–ਵਾਇਰਸ ਦਾ ਇਲਾਜ ਕਰਨ ਬਾਰੇ ਬਿਆਨ ਦਿੱਤਾ ਹੈ, ਤਦ ਤੋਂ ਸੋਸ਼ਲ ਮੀਡੀਆ ਅਤੇ ਵਿਦੇਸ਼ੀ ਅਖ਼ਬਾਰਾਂ ’ਚ ਇਸ ਦਾ ਮਜ਼ਾਕ ਉੱਡ ਰਿਹਾ ਹੈ। ਸ. ਬਡਹੇੜੀ ਨੇ ਕਿਹਾ ਕਿ ਅਜਿਹੀਆਂ ਗ਼ਲਤ ਬਿਆਨਬਾਜ਼ੀਆਂ ਨਾਲ ਭਾਰਤ ਦਾ ਅਕਸ ਸਮੁੱਚੇ ਵਿਸ਼ਵ ਵਿੱਚ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਗਊ–ਮੂਤਰ ਨਾਲ ਕੋਰੋਨਾ–ਵਾਇਰਸ ਦਾ ਇਲਾਜ ਸੰਭਵ ਹੁੰਦਾ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ–ਵੈਕਸੀਨ ਲਗਵਾਉਣ ਦੀਆਂ ਅਪੀਲਾਂ ਕਰਨ ਦੀ ਲੋੜ ਨਾ ਪੈਂਦੀ।