ਕਿਸਾਨ ਮੋਰਚੇ ਵੱਲੋਂ 26 ਨੂੰ ਪਿੰਡ ਪੱਧਰ 'ਤੇ ਫੂਕਣਗੇ ਮੋਦੀ ਸਰਕਾਰ ਤੇ ਖੇਤੀ ਕਾਨੂੰਨਾਂ ਦੇ ਪੁਤਲੇ - ਪਰਮਜੀਤ ਬਾਊਪਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 16 ਮਈ 2021 ਦਿੱਲੀ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਲ ਰਹੇ ਕਿਸਾਨੀ ਸੰਘਰਸ਼ ਦੇ 26 ਮਈ 2021 ਨੂੰ 6 ਮਹੀਨੇ ਪੂਰੇ ਹੋਣ ਤੇ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ ਇਸ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾਵੇਗਾ। ਇਹ ਜਾਣਕਾਰੀ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਆਗੂ ਪਰਮਜੀਤ ਸਿੰਘ ਬਾਊਪੁਰ, ਚਰਨਜੀਤ ਸਿੰਘ, ਆਕਾਸ਼ਦੀਪ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦਿਨ ਜਿੱਥੇ ਕਿਸਾਨੀ ਸੰਘਰਸ਼ ਦੇ 6 ਮਹੀਨੇ ਪੂਰੇ ਹੋ ਰਹੇ ਹਨ ਉੱਥੇ ਕੇਂਦਰ ਦੀ ਮੋਦੀ ਸਰਕਾਰ ਵੀ ਰਾਜ ਕਰਨ ਦੇ 7 ਸਾਲ ਪੂਰੇ ਕਰਨ ਜਾ ਰਹੀ ਹੈ ਜਿਸ ਦਾ ਵਿਰੋਧ ਪੂਰੇ ਦੇਸ਼, ਜ਼ਿਲ੍ਹਾ ਪੱਧਰ, ਬਲਾਕ ਪੱਧਰ ਤੇ ਪਿੰਡ ਪੱਧਰ ਤੇ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਦਿਨ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ ਅਤੇ ਘਰਾਂ ਉੱਪਰ ਕਾਲੇ ਝੰਡੇ ਲਾ ਕੇ ਜ਼ੋਰ ਨਾਲ ਤਿੰਨਾਂ ਖੇਤੀ ਕਾਨੂੰਨਾਂ ਦੀ ਖ਼ਿਲਾਫ਼ਤ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਕਿਸਾਨ ਮਜ਼ਦੂਰਾਂ ਦੀ ਜਿੱਤ ਤੱਕ ਜਾਰੀ ਰਹੇਗਾ ਅਤੇ ਪੰਜਾਬ ਦੇ ਹਰੇਕ ਖੇਤਰ ਵਿਚ ਕਾਫਲੇ ਦਿੱਲੀ ਲਈ ਰਵਾਨਾ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕੀਤੀ ਤਿਆਰੀ ਕਾਰਨ ਹਰ ਕਦਮ ਨਾਲ ਅੰਦੋਲਨ ਹੇਠਲੀ ਪੱਧਰ ਤੇ ਮਜ਼ਬੂਤ ਹੁੰਦਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਾਡੀ ਏਕਤਾ ਤੇ ਵਿਸ਼ਾਲ ਲਾਮਬੰਦੀ ਹੀ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਨੂੰ ਪਿੱਛਲ ਮੋੜਾ ਦੇ ਸਕਦੀ ਹੈ।
ਅਸੀਂ ਆਪਣੇ ਟੀਚੇ ਦੀ ਪ੍ਰਾਪਤੀ ਤਕ ਇਹ ਅੰਦੋਲਨ ਜਾਰੀ ਰੱਖਾਂਗੇ ਕਿਉਂਕਿ ਇਹ ਅੰਦੋਲਨ ਸਾਡੀ ਹੋਂਦ ਦੇ ਸਵਾਲ ਨਾਲ ਜੁਡ਼ਿਆ ਹੋਇਆ ਅੰਦੋਲਨ ਹੈ। ਉਨ੍ਹਾਂ ਸਮੂਹ ਜਨਤਕ ਸੰਗਠਨਾਂ ਟ੍ਰੇਡ ਯੂਨੀਅਨਾਂ ਵਪਾਰੀਆਂ ਟਰਾਂਸਪੋਰਟਰਾਂ ਦੀਆਂ ਜਥੇਬੰਦੀਆਂ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤਕ ਕਿਸਾਨੀ ਸੰਘਰਸ਼ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟਵੀਂ ਹਮਾਇਤ ਕੀਤੀ ਹੈ ਨੂੰ ਵੀ 26 ਮਈ ਨੂੰ ਕੀਤੇ ਜਾ ਰਹੇ ਵਿਸ਼ਾਲ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਲਾਗੂ ਕਰਨ ਅਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਭਾਜਪਾ ਖ਼ਿਲਾਫ਼ ਰੋਸ ਪ੍ਰਗਟਾਉਣ ਦਾ ਸੱਦਾ ਦੇਣ ਲਈ ਮਿਸ਼ਨ ਯੂਪੀ ਅਤੇ ਉਤਰਾਖੰਡ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਤੋਂ ਸਾਰੀਆਂ ਕਿਸਾਨੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਪ੍ਰੋਗਰਾਮ ਹੋਣਗੇ।
ਇਸ ਦੀ ਸ਼ੁਰੂਆਤ ਭਾਰਤ ਭਰ ਦੀਆਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪੀਡ਼ਤਾਂ ਲਈ ਢੁੱਕਵੇਂ ਅਤੇ ਸਿਹਤ ਸੰਭਾਲ ਪ੍ਰਬੰਧਾਂ ਵਿੱਚ ਨਾਕਾਮ ਰਹਿਣ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਮੇਜਰ ਸਿੰਘ, ਗੁਰਜੰਟ ਸਿੰਘ, ਗੁਰਪਾਲ ਸਿੰਘ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ,, ਜਸਪ੍ਰੀਤ ਸਿੰਘ, ਹਰਜਿੰਦਰ ਸਿੰਘ, ਅਜੀਤ ਸਿੰਘ, ਰਾਜਵਿੰਦਰ ਸਿੰਘ, ਬਖਸ਼ੀਸ਼ ਸਿੰਘ, ਜੋਧਵੀਰ ਸਿੰਘ, ਰਛਪਾਲ ਸਿੰਘ, ਦਿਲਬਾਗ ਸਿੰਘ,ਸੁੱਚਾ ਸਿੰਘ ਆਦਿ ਵੀ ਹਾਜ਼ਰ ਸਨ।