ਬਸਪਾ ਪੰਜਾਬ ਪ੍ਰਧਾਨ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕਾਲਾ ਝੰਡਾ ਘਰ ਉੱਪਰ ਲਹਿਰਾਇਆ
- ਇਕ ਫੋਨ ਕਾਲ ਦੀ ਦੂਰੀ 130 ਦਿਨਾਂ ਵਿਚ ਪ੍ਰਧਾਨ ਮੰਤਰੀ ਦਫਤਰ ਤੈਅ ਨਹੀਂ ਕਰ ਸਕਿਆ
ਬਲਾਚੌਰ, 26 ਮਈ 2021 - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਭਾਜਪਾ ਸਰਕਾਰ ਦੇ ਵਿਰੋਧ ਅਤੇ ਕਿਸਾਨਾਂ ਵੱਲੋਂ ਐਲਾਨੇ ਕਾਲੇ ਕਾਨੂੰਨਾਂ ਦੇ ਵਿਰੋਧ ਦਿਵਸ ਦੇ ਸਮਰਥਨ ਵਿਚ ਘਰ ਉਪਰ ਕਾਲਾ ਝੰਡਾ ਲਹਿਰਾਇਆ ਤਾਂਕਿ ਕਿਸਾਨ ਅੰਦੋਲਨ ਮਜ਼ਬੂਤ ਹੋਵੇ ਅਤੇ ਭਾਜਪਾ ਦੀ ਮੋਦੀ ਸਰਕਾਰ ਆਪਣੀ ਹੈਂਕੜਬਾਜ਼ੀ ਛੱਡ ਕੇ ਕਿਸਾਨਾਂ ਦੇ ਪੱਖ ਵਿੱਚ ਫੈਸਲਾ ਲਵੇ।
ਗੜ੍ਹੀ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਦਾ ਪ੍ਰਬੰਧ ਤੇ ਪ੍ਰਸ਼ਾਸਨ ਇੰਨਾ ਨਿਕੰਮਾ ਹੈ ਕਿ ਪਿਛਲੇ 130 ਦਿਨਾਂ ਜਨਵਰੀ ਮਹੀਨੇ ਤੋਂ ਅੱਜ ਤੱਕ ਪ੍ਰਧਾਨ ਮੰਤਰੀ ਦਾ ਦਫਤਰ ਕਿਸਾਨਾਂ ਨਾਲ ਇਕ ਫੋਨ ਕਾਲ ਦੀ ਦੂਰੀ ਤੈਅ ਨਹੀਂ ਕਰ ਸਕਿਆ, ਸਗੋਂ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਲਈ ਮਗਰਮੱਛ ਹੰਝੂ ਵਹਾ ਰਿਹਾ ਹੈ। ਕੋਰੋਨਾ ਮਹਾਂਮਾਰੀ ਨਾਲ ਦੇਸ਼ ਦੀ ਗੰਗਾ ਨਦੀ ਲਾਸ਼ਾਂ ਨਾਲ ਭਰੀ ਪਈ ਹੈ, ਕਿਸਾਨ ਅੰਦੋਲਨ ਤਹਿਤ 500 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਹਨ। ਬਸਪਾ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਕਾਲੇ ਕਾਨੂੰਨ ਤੁਰੰਤ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।