ਕੈਪਟਨ ਸੂਬੇ ਦੇ ਸਾਰੇ ਬਲਾਕਾਂ ਵਿਚ ਮਿੰਨੀ ਕੋਰੋਨਾ ਕੇਅਰ ਸੈਂਟਰ ਸਥਾਪਿਤ ਕਰੇ - ਸੁਖਬੀਰ ਬਾਦਲ
- ਕਿਹਾ ਕਿ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ ਅਤੇ ਖੁੱਲ੍ਹੇ ਟੈਂਡਰਾਂ ਰਾਹੀਂ ਹੋਰ ਵੈਕਸੀਨਾਂ ਦੀ ਖਰੀਦ ਕੀਤੀ ਜਾਵੇ
- ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਇਲਾਜ ਲਈ ਲਏ ਜਾਂਦੇ ਚਾਰਜਿਜ਼ ਦੀ ਸੀਮਾ ਤੈਅ ਕੀਤੀ ਜਾਵੇ
- ਕਿਹਾ ਕਿ ਛੇ ਮਹੀਨੇ ਦੇ ਬਿਜਲੀ ਤੇ ਪਾਣੀ ਦੇ ਬਿੱਲ ਮੁਆਫ ਕੀਤੇ ਜਾਣ
ਚੰਡੀਗੜ੍ਹ, 13 ਮਈ 2021 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਕੋਰੋਨਾ ਖਿਲਾਫ ਮੂਹਰੇ ਹੋ ਕੇ ਅਗਵਾਈ ਕਰਨ ਅਤੇ ਸੂਬੇ ਦੇ ਸਾਰੇ ਬਲਾਕਾਂ ਵਿਚ ਮਿੰਨੀ ਕੋਰੋਨਾ ਕੇਅਰ ਸੈਂਟਰ ਸਥਾਪਿਤ ਕੀਤੇ ਜਾਣ, ਵੈਕਸੀਨ ਲਗਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ, ਮੈਡੀਕਲ ਸਟਾਫ ਮੁੜ ਰੱਖਿਆ ਜਾਵੇ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਇਲਾਜ ਲਈ ਲਏ ਜਾਂਦੇ ਚਾਰਜਿਜ਼ ਤੈਅ ਕੀਤੇ ਜਾਣ ਤੇ ਲੋਕਾਂ ਦੇ ਛੇ ਮਹੀਨੇ ਦੇ ਬਿਜਲੀ ਤੇ ਪਾਣੀ ਦੇ ਬਿੱਲ ਮੁਆਫ ਕੀਤੇ ਜਾਣ ਤਾਂ ਜੋ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਤੇ ਉਹਨਾਂ ਨੂੰ ਰਾਹਤ ਦਿੱਤੀ ਜਾ ਸਕੇ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਦੀਆਂ ਜਾਨਾਂ ਬਚਾਉਣਾ ਸਭ ਤੋਂ ਜ਼ਰੂਰੀ ਹੈ ਤੇ ਇਸ ਵਾਸਤੇ ਸਮੇਂ ਦੀ ਜ਼ਰੂਰਤ ਹੈ ਕਿ ਸੂਬੇ ਦੇ ਸਾਰੇ ਬਲਾਕਾਂ ਵਿਚ ਮਿੰਨੀ ਕੋਰੋਨਾ ਕੇਅਰ ਸੈਂਟਰ ਸਥਾਪਿਤ ਕੀਤੇ ਜਾਣ ਜਿਥੇ ਲੈਵਲ 1 ਅਤੇ 2 ਦੇ ਇਲਾਜ ਦੀ ਸਹੂਲਤ ਹੋਵੇ। ਉਹਨਾਂ ਕਿਹਾ ਕਿ ਵਾਇਰਸ ਨਾਲ ਪ੍ਰਭਾਵਤ ਹੋ ਰਹੇ ਲੋਕਾਂ ਨੁੰ ਬੁਨਿਆਦੀ ਸੰਭਾਲ ਅਤੇ ਆਕਸੀਜਨ ਤੱਕ ਪਹੁੰਚ ਦੀ ਜ਼ਰੂਰਤ ਹੈ ਅਤੇ ਮਿੰਨੀ ਕੋਰੋਨਾ ਕੇਅਰ ਸੈਂਟਰ ਉਹਨਾਂ ਨੂੰ ਫੌਰੀ ਰਾਹਤ ਦੇ ਸਕਦੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਬੰਧ ਵਿਚ ਪਹਿਲਕਦਮੀ ਕੀਤੀ ਹੈ ਅਤੇ ਸਰਕਾਰ ਇਸ ਮਾਡਲ ਨੂੰ ਸਾਰੇ ਸੂਬੇ ਵਿਚ ਦੁਹਰਾ ਸਕਦੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਖੋਲ੍ਹੇ ਜਾਣ ਵਾਲੇ ਕੋਰੋਨਾ ਸੈਂਟਰਾਂ ਵਿਚ ਲੰਗਰ ਦੀ ਸੇਵਾ ਪ੍ਰਦਾਨ ਕਰਨ ਵਾਸਤੇ ਤਿਆਰ ਹੈ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵੈਕਸੀਨ ਲਗਾਉਣੀ ਵੀ ਜ਼ਰੂਰੀ ਹੈ ਅਤੇ ਸਰਕਾਰ ਨੂੰ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਤੇਜ਼ ਕਰਨੀ ਯਕੀਨੀ ਚਾਹੀਦੀ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਗਲੇ ਤਿੰਨ ਮਹੀਨਿਆਂ ਵਿਚ ਸੂਬੇ ਦੇ ਸਾਰੇ ਲੋਕਾਂ ਨੂੰ ਵੈਕਸੀਨ ਲੱਗ ਜਾਵੇ। ਉਹਨਾਂ ਕਿਹਾ ਕਿ 12000 ਪਿੰਡਾਂ ਲਈ 500 ਟੀਮਾਂ ਗਠਿਤ ਕੀਤੀਆਂ ਜਾ ਸਕਦੀਆਂ ਹਨ ਅਤੇ ਸਰਕਾਰ ਨੂੰ ਗਲੋਬਲ ਟੈਂਡਰ ਲਗਾ ਕੇ ਵੈਕਸੀਨ ਸਪਲਾਈ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਰਕਾਰ ਨੂੰ ਇਹ ਅਪੀਲ ਵੀ ਕੀਤੀ ਕਿ ਪਿਛਲੇ ਇਕ ਸਾਲ ਦੌਰਾਨ ਸੇਵਾ ਮੁਕਤ ਹੋਏ ਸਾਰੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਨੂੰ ਇਕ ਹੋਰ ਸਾਲ ਲਈ ਮੁੜ ਸੇਵਾ ’ਤੇ ਰੱਖਿਆ ਜਾਵੇ। ਉਹਨਾਂ ਕਿਹਾ ਕਿ ਇਸੇ ਤਰੀਕੇ ਇੰਟਰਨ ਤੇ ਨਰਸਿੰਗ ਵਿਦਿਆਰਥੀਆਂ ਨੂੰ ਵੀ ਘਾਟ ਦੂਰ ਕਰਨ ਵਾਸਤੇ ਰੱਖਿਆ ਜਾ ਸਕਦੇ ਤੇ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਮੈਡੀਕਲ ਸਟਾਫ ਦੀ ਕੋਈ ਘਾਟ ਨਹੀਂ ਹੈ।
ਉਹਨਾਂ ਨੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਲਏ ਜਾ ਰਹੇ ਖਰਚ ਦੀ ਹੱਦ ਤੈਅ ਕੀਤੇ ਜਾਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਤੇ ਕਿਹਾ ਕਿ ਹਸਪਤਾਲ ਕੋਰੋਨਾ ਮਰੀਜ਼ਾਂ ਤੋਂ ਢਾਈ ਤੋਂ 3 ਲੱਖ ਰੁਪਏ ਲੈ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਪ੍ਰਾਈਵੇਟ ਸੰਸਥਾਵਾਂ ਇਕ ਆਮ ਸੀ ਟੀ ਸਕੈਨ ਟੈਸਟ ਲਈ 10 ਹਜ਼ਾਰ ਰੁਪਏ ਤੇ ਜੀਵਨ ਰੱਖਿਅਕ ਦਵਾਈਆਂ ਲਈ 20 ਹਜ਼ਾਰ ਰੁਪਏ ਤੱਕ ਵਸੂਲ ਰਹੀਆਂ ਹਨ। ਉਹਨਾਂ ਕਿਹਾ ਕਿ ਦਵਾਈਆਂ ਦੀ ਕਾਲਾ ਬਜ਼ਾਰੀ ਤੁਰੰਤ ਰੋਕੀ ਜਾਣੀ ਚਾਹੀਦੀ ਹੈ। ਉਹਨਾਂ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਖਰਚ ਨੂੰ ਘੱਟ ਕਰਨ ’ਤੇ ਵੀ ਜ਼ੋਰ ਦਿੱਤਾ ਤੇ ਕਿਹਾÇ ਕ ਪੰਜਾਬ ਸਰਕਾਰ ਹਸਪਤਾਲ ਦੇ ਖਰਚ ਆਪ ਅਦਾ ਕਰਨ ਦੀ ਜ਼ਿੰਮੇਵਾਰੀ ਚੁੱਕ ਸਕਦੀ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਹਾਮਾਰੀ ਦੌਰਾਨ ਆਮ ਆਦਮੀ ਬਹੁਤ ਵੱਡੀਆਂ ਮੁਸ਼ਕਿਲਾਂ ਝੱਲ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਛੇ ਮਹੀਨੇ ਦੇ ਬਿਜਲੀ ਤੇ ਪਾਣੀ ਦੇ ਬਿੱਲ ਮੁਆਫ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਟੈਕਸੀ ਡ੍ਰਾਈਵਰਾਂ, ਰਿਕਸ਼ਾ ਚਾਲਕਾਂ, ਛੋਟੇ ਦੁਕਾਨਦਾਰਾਂ ਤੇ ਮਜ਼ਦੂਰਾਂ ਜਿਹਨਾਂ ਦੇ ਜੀਵਨ ਸੂਬੇ ਵਿਚ ਲਾਕ ਡਾਊਨ ਕਾਰਨਬਹੁਤ ਪ੍ਰਭਾਵਤ ਹੋਏ ਹਨ, ਨੁੰ ਵਿੱਤੀ ਰਾਹਤ ਦਿੱਤੀ ਜਾਣੀ ਚਾਹੀਦੀ ਹੈ।
ਇਕ ਸਵਾਲ ਦੇ ਜਵਾਬ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਦੇ ਸਿਹਤ ਵਿਭਾਗ ਨੇ 809 ਵੈਂਟੀਲੇਟਰ ਜੋ ਪਿਛਲੇ ਸਾਲ ਸੂਬੇ ਨੂੰ ਕੇਂਦਰ ਤੋਂ ਮਿਲੇ ਸਨ, ਖੋਲ੍ਹ ਕੇ ਹੀ ਨਹੀਂ ਵੇਖੇ। ਉਹਨਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਕਿੰਨੀ ਗੰਭੀਰ ਹੈ ਤੇ ਇਸੇ ਲਈ ਉਹ ਮੁੱਖ ਮੰਤਰੀ ਨੂੰ ਬੇਨਤੀ ਕਰ ਰਹੇ ਹਨ ਕਿ ਕੋਰੋਨਾ ਹਾਲਾਤਾਂ ਨੂੰ ਆਪ ਰੋਜ਼ਾਲਾ ਆਧਾਰ ’ਤੇ ਵੇਖਣ ਅਤੇ ਇਸ ਕੰਮ ਨੁੰ ਅਫਸਰਾਂ ’ਤੇ ਨਾ ਛੱਡਣ। ਉਹਨਾਂ ਨੇ ਕਾਂਗਰਸੀ ਆਗੂਆਂ ਨੂੰ ਵੀ ਬੇਨਤੀ ਕੀਤੀ ਕਿ ਉਹ ਆਪਸੀ ਲੜਾਈ ਤੇ ਸਿਖਰਲੀ ਕੁਰਸੀ ਲਈ ਆਪਸੀ ਸੰਘਰਸ਼ ਛੱਡ ਕੇ ਜਾਨਾਂ ਬਚਾਉਣ ਵੱਲ ਧਿਆਨ ਦੇਣ।
ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ 40 ਹਲਕਿਆਂ ਵਿਚ ਪਹਿਲਾਂ ਹੀ ਕੋਰੋਨਾ ਮਰੀਜ਼ਾਂ ਲਈ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਅਤੇ ਉਹ ਬਾਕੀ ਰਹਿੰਦੇ ਹਲਕਿਆਂ ਵਿਚ ਵੀ ਇਹ ਪਹਿਲਕਦਮੀ ਜਲਦੀ ਹੀ ਸ਼ੁਰੂ ਕਰ ਦੇਵੇਗਾ। ਉਹਨਾਂ ਨੇ ਆਪਣੇ ਵਾਲੰਟੀਅਰਜ਼ ਰਾਹੀਂ ਪਲਾਜ਼ਮਾ ਦਾਨ ਮੁਹਿੰਮ ਚਲਾਉਣ ’ਤੇ ਯੂਥ ਅਕਾਲੀ ਦਲ ਦੀ ਸ਼ਲਾਘਾ ਕੀਤੀ।