ਕਾਂਗਰਸੀ ਕੌਂਸਲਰ ਨੇ ਮੁੜ ਰੱਖਿਆ ਲੀਡਰਸ਼ਿਪ ਦੀ ਦੁਖਦੀ ਰਗ 'ਤੇ ਹੱਥ
ਅਸ਼ੋਕ ਵਰਮਾ
- ਫਤਿਹ ਕਿੱਟਾਂ ਵੰਡਣ ਅਤੇ ਸਰਕਾਰੀ ਵੈਂਟੀਲੇਟਰਾਂ ਦਾ ਮੁੱਦਾ ਚੁੱਕਿਆ
ਬਠਿੰਡਾ,12 ਮਈ2021: ਨਗਰ ਨਿਗਮ ਬਠਿੰਡਾ ’ਚ ਕਾਂਗਰਸ ਦੇ ਸਭ ਤੋਂ ਸੀਨੀਅਰ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਅੱਜ ਕਾਂਗਰਸੀ ਲੀਡਰਾਂ ਵੱਲੋਂ ਵੰਡੀਆਂ ਜਾ ਰਹੀਆਂ ਫਤਿਹ ਕਿੱਟਾਂ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਸਰਕਾਰੀ ਵੈਂਟੀਲੇਟਰਾਂ ਵਰਗੇ ਗੰਭੀਰ ਮੁੱਦੇ ਉਠਾਏ ਹਨ। ਸ੍ਰੀ ਗਿੱਲ ਨੇ ਇਨ੍ਹਾਂ ਦੋਵਾਂ ਮਾਮਲਿਆਂ ਦੇ ਸਬੰਧ ’ਚ ਵਿੱਤ ਮੰਤਰੀ ਨੂੰ ਪੱਤਰ ਲਿਖਿਆ ਹੈ। ਕੌਸਲਰ ਦਾ ਕਹਿਣਾ ਹੈ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਫਤਿਹ ਕਿੱਟਾਂ ਮੁਫਤ ਵੰਡਣਾ ਸ਼ਲਾਘਾਯੋਗ ਹੈ ਪਰ ਬਠਿੰਡਾ ’ਚ ਉਹ ਕਾਂਗਰਸੀ ਲੀਡਰ ਅਤੇ ਕੌਂਸਲਰ ਕਿੱਟਾਂ ਵੰਡ ਰਹੇ ਹਨ ਜਿੰਨ੍ਹਾਂ ਨਾਲ ਕੋਈ ਆਸ਼ਾ ਵਰਕਰ ਨਹੀਂ ਹੁੰਦੀ ਜੋ ਲੋੜਵੰਦਾਂ ਨੂੰ ਦਵਾਈਆਂ ਆਦਿ ਬਾਰੇ ਸਮਝਾ ਸਕੇ। ਉਨ੍ਹਾਂ ਆਖਿਆ ਕਿ ਇਸ ਵੰਡ ਪ੍ਰਣਾਲੀ ’ਚ ਸ਼ਾਮਲ ਕੋਈ ਵੀ ਕਾਂਗਰਸੀ ਲੀਡਰ ਜਾਂ ਕੌਂਸਲਰ ਇਸ ਬਾਰੇ ਢੁੱਕਵੀਂ ਜਾਣਕਾਰੀ ਨਹੀਂ ਦੇ ਸਕਦਾ ਹੈ। ਸ੍ਰੀ ਗਿੱਲ ਨੇ ਯਾਦ ਦਿਵਾਇਆ ਕਿ ਜੇਕਰ ਇੰਨ੍ਹਾਂ ਤੱਥਾਂ ਵੱਲ ਧਿਆਨ ਦਿੱਤਾ ਜਾਏ ਤਾਂ ਇਸ ਨਾਲ ਪੰਜਾਬ ਸਰਕਾਰ ਅਤੇ ਪਾਰਟੀ ਦੀ ਦਿੱਖ ਸੁਧਰ ਸਕਦੀ ਹੈ।
ਇਸੇ ਤਰਾਂ ਹੀ ਨਿੱਜੀ ਹਸਪਤਾਲਾਂ ਨੂੰ ਦਿੱਤੇ 29 ਵੈਂਟੀਲੇਟਰਾਂ ਵਿੱਚੋਂ ਪੰਜ ਕਿਸ਼ੋਰੀ ਰਾਮ ਹਸਪਤਾਲ ਨੂੰ ਦੇਣ ਦੀ ਮੰਗ ਕੀਤੀ ਹੈ। ਪੱਤਰ ’ਚ ਦੱਸਿਆ ਹੈ ਕਿ ਇਸ ਹਸਪਤਾਲ ਦੇ ਮਾਲਕ ਡਾ ਵਿਤੁਲ ਗੁਪਤਾ ਨੇ ਆਪਣਾ ਹਸਪਤਾਲ ਕਰੋਨਾ ਮਰੀਜਾਂ ਦੇ ਮੁਫਤ ਇਲਾਜ ਲਈ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਸੌਂਪ ਦਿੱਤਾ ਹੈ ਇਸ ਲਈ ਸਰਕਾਰੀ ਵੈਂਟੀਲੇਟਰਾਂ ਚੋ ਇਸ ਹਸਪਤਾਲ ਨੂੰ ਦਿੱਤੇ ਜਾਣੇ ਚਾਹੀਦੇ ਹਨ। ਸ੍ਰੀ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਸਮਾਨ ਮਰੀਜਾਂ ਦੇ ਮੁਫਤ ਇਲਾਜ ਲਈ ਦਿੱਤਾ ਗਿਆ ਹੈ ਜਦੋਂਕਿ ਪ੍ਰਾਈਵੇਟ ਹਸਪਤਾਲ ਆਪਣੀ ਮਰਜੀ ਨਾਲ ਪੈਸੇ ਵਸੂਲ ਰਹੇ ਹਨ। ਉਨ੍ਹਾਂ ਆਖਿਆ ਕਿ ਸਰਕਾਰੀ ਨਿਯਮਾਂ ਮੁਤਾਬਕ ਕਿਸੇ ਵੀ ਪ੍ਰਾਈਵੇਟ ਹਸਪਤਾਲ ਨੂੰ ਨਾਮਜਦ ਕਰਕੇ ਉਹਨਾਂ ਦੀਆਂ ਸੇਵਾਵਾਂ ਵੈਂਟੀਲੇਟਰਾਂ ਨਾਲ ਲਈਆਂ ਜਾ ਸਕਦੀਆਂ ਹਨ। ਸ੍ਰੀ ਗਿੱਲ ਨੇਵਿੱਤ ਮੰਤਰੀ ਨੂੰ ਕਿਸ਼ੋਰੀ ਰਾਮ ਹਸਪਤਾਲ ਲਈ ਦਵਾਈਆਂ ਅਤੇ ਆਕਸੀਜ਼ਨ ਦੇ ਸਿਲੰਡਰਾਂ ਆਦਿ ਦਾ ਪ੍ਰਬੰਧ ਕਰਨ ਲਈ ਵੀ ਆਖਿਆ ਹੈ।
ਜੈਜੀਤ ਸਿੰਘ ਜੌਹਲ ਨੇ ਵੰਡੀਆਂ ਕਿੱਟਾਂ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਸ਼ਹਿਰ ’ਚ ਕਾਂਗਰਸ ਦੀ ਕਮਾਂਡ ਸੰਭਾਲ ਰਹੇ ਜੈਜੀਤ ਸਿੰਘ ਜੌਹਲ ਵੱਲੋਂ ਫਤਿਹ ਕਿੱਟਾਂ ਵੰਡੀਆਂ ਗਈਆਂ ਹਨ। ਸ਼ਹਿਰ ’ਚ ਇਸ ਨੂੰ ਕਾਂਗਰਸ ਵੱਲੋਂ ਸਿਆਸਤ ਚਮਕਾਉਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਨਿਯਮਾਂ ਅਨੁਸਾਰ ਇਹ ਸਮਾਨ ਆਸ਼ਾ ਵਰਕਰਾਂ ਰਾਹੀਂ ਵੰਡਣਾ ਹੁੰਦਾ ਹੈ ਜਿੰਨ੍ਹਾਂ ਨੂੰ ਅਧੂਰੀਆਂ ਕਿੱਟਾਂ ਮਿਲ ਰਹੀਆਂ ਸਨ। ਕੁਝ ਦਿਨ ਪਹਿਲਾਂ ਕਾਂਗਰਸੀ ਲੀਡਰਾਂ ਵੱਲੋਂ ਬਣਾਈਆਂ ਟੀਮਾਂ ਨੇ ਇਹ ਕਿੱਟ ਵੰਡਣੀ ਸ਼ੁਰੂ ਕੀਤੀ ਹੈ। ਇਸ ਤਹਿਤ ਕਾਂਗਰਸੀ ਨੇਤਾ ਅਤੇ ਕੌਂਸਲਰ ਕਰੋਨਾ ਮਰੀਜ ਦਾ ਪਤਾ ਲੱਗਣ ਤੇ ਫਤਿਹ ਕਿੱਟ ਦੇ ਰਹੇ ਹਨ ਜਦੋਂਕਿ ਉਨ੍ਹਾਂ ਨੂੰ ਦਵਾਈਆਂ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਫਤਿਹ ਕਿੱਟ ਵਿਚਲੀਆਂ ਦਵਾਈਆਂ ਬਾਰੇ ਆਸ਼ਾ ਵਰਕਰ ਸਮਝਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ਤੇ ਕੌਂਸਲਰ ਆਦਿ ਮਰੀਜਾਂ ਨਾਲ ਸੰਪਰਕ ਕਰ ਰਹੇ ਹਨ ਜਦੋਂਕਿ ਇਹ ਡਿਊਟੀ ਆਸ਼ਾ ਵਰਕਰਾਂ ਦੀ ਹੈ ।
ਡਾ ਵਿਤੁਲ ਗੁਪਤਾ ਨੇ ਸੌਂਪਿਆ ਹਸਪਤਾਲ
ਬਸੰਤ ਵਿਹਾਰ ’ਚ ਸਥਿਤ ਕਿਸ਼ੋਰੀ ਰਾਮ ਹਸਪਤਾਲ ਦੇ ਮਾਲਕ ਡਾ ਵਿਤੁਲ ਗੁਪਤਾ ਨੇ ਆਪਣਾ ਹਸਪਤਾਲ ਮੌਜੂਦਾ ਸੰਕਟ ਦੌਰਾਨ ਮਰੀਜਾਂ ਤੇ ਵਾਰਡ ਦੀ ਦੇਖ ਰੇਖ ਲਈ ਨੌਜਵਾਨ ਵੈਲਫੇਅਰ ਸੁਸਾਇਟੀ ਹਵਾਲੇ ਕਰਨ ਦਾ ਫੈਸਲਾ ਲਿਆ ਹੈ ਜਿਸ ’ਚ ਕੋਵਿਡ ਵਾਰਡ ਬਣਾਇਆ ਜਾਏਗਾ। ਜਾਣਕਾਰੀ ਅਨੁਸਾਰ ਇੱਕ ਹਸਪਤਾਲ ’ਚ ਲੈਵਲ-ਟੂ ਦੇ ਮਰੀਜ ਦਾ ਇਲਾਜ ਕਰਵਾਉਣ ਲਈ 25 ਤੋਂ 30 ਹਜਾਰ ਰੁਪਏ ਖਰਚਾ ਹੁੰਦਾ ਹੈ ਪਰ ਇੱਥੇ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਣਾ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਹਸਪਤਾਲ ਦੇ ਹਾਲ ’ਚ ਮੁਢਲੇ ਤੌਰ ਤੇ 12 ਮਰੀਜਾਂ ਨੂੰ ਰੱਖਿਆ ਜਾਏਗਾ ਜਦੋਂਕਿ ਲੋੜ ਅਨੁਸਾਰ ਸਮਰੱਥਾ ਵਧਾਈ ਵੀ ਜਾ ਸਕਦੀ ਹੈ।ਹੁਣ ਕੋਵਿਡ ਕੇਅਰ ਸੈਂਟਰ ਬਨਾਉਣ ਲਈ ਪ੍ਰਵਾਨਗੀ ਵਾਸਤੇ ਬਠਿੰਡਾ ਪ੍ਰਸ਼ਾਸ਼ਨ ਦੀ ਹਰੀ ਝੰਡੀ ਦੀ ਉਡੀਕ ਹੈ ਜਦੋਂਕਿ ਸੰਸਥਾ ਨੇ ਆਕਸੀਜ਼ਨ ਆਦਿ ਦੇ ਇੰਤਜਾਮ ਕਰ ਲਏ ਹਨ। ਇਸ ਨੂੰ ਦੇਖਦਿਆਂ ਹੀ ਸ੍ਰੀ ਗਿੱਲ ਨੇ ਵੈਂਟੀਲੇਟਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।