ਅਮਿਤਾਭ ਬੱਚਨ ਵੱਲੋਂ 2 ਕਰੋੜ ਰੁਪਏ ਦਾਨ ਦੇਣ ਦਾ ਮਾਮਲਾ, 1984 ਦੰਗਾ ਪੀੜਤਾਂ ਵੱਲੋਂ ਵਿਰੋਧ
ਸੰਜੀਵ ਸੂਦ
- ਦਿੱਲੀ ਰਕਾਬ ਗੰਜ ਗੁਰਦੁਆਰਾ ਵਿਚ ਅਦਾਕਾਰ ਅਮਿਤਾਭ ਬੱਚਨ ਵੱਲੋਂ 2 ਕਰੋੜ ਰੁਪਏ ਦਾਨ ਦੇਣ ਤੋਂ ਬਾਅਦ 1984 ਦੰਗਾ ਪੀੜਤਾਂ ਦਾ ਵਿਰੋਧ
- ਕਿਹਾ ਦਿੱਲੀ ਪ੍ਰਬੰਧਕ ਗੁਰਦੁਆਰਾ ਕਮੇਟੀ ਅਮਿਤਾਭ ਬੱਚਨ ਦੇ ਪੈਸੇ ਕਰੇ ਵਾਪਿਸ
- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਿੱਖ ਕੌਮ ਤੋਂ ਮੰਗੇ ਮਾਫੀ
ਲੁਧਿਆਣਾ, 12 ਮਈ 2021 - ਕੋਰੋਨਾ ਵਾਇਰਸ ਦੇ ਕਹਿਰ ਨਾਲ ਪੂਰੀ ਦੁਨੀਆ ਦੇ ਵਿਚ ਹਾਹਾਕਾਰ ਮੱਚੀ ਹੋਈ ਹੈ ਅਤੇ ਦੁਨੀਆਂ ਭਰਦੇ ਮੁਲਕ ਇਕ ਦੂਸਰੇ ਮੁਲਕਾਂ ਦੇ ਮਦਦ ਲਈ ਅੱਗੇ ਆ ਰਹੇ ਹਨ। ਉਥੇ ਹੀ ਕਈ ਸੰਸਥਾਵਾਂ ਅਤੇ ਸਿੱਖ ਸੰਸਥਾਵਾਂ ਵੱਲੋਂ ਵੀ ਕਈ ਤਰ੍ਹਾਂ ਦੀ ਮਦਦ ਲਈ ਕੰਪੇਨ ਚਲਾਈ ਜਾ ਰਹੀ ਹੈ। ਉਸ ਦੇ ਤਹਿਤ ਫ਼ਿਲਮ ਅਦਾਕਾਰ ਅਮਿਤਾਭ ਬੱਚਨ ਵੱਲੋਂ ਦਿੱਲੀ ਦੇ ਰਕਾਬਗੰਜ ਗੁਰਦੁਆਰਾ ਸਾਹਿਬ ਨੂੰ 2 ਕਰੋੜ ਰਾਸ਼ੀ ਰਾਸ਼ੀ ਦਿੱਤੀ ਗਈ ਹੈ ਤਾਂ ਕਿ ਗੁਰਦੁਆਰੇ ਵੱਲੋਂ ਕੋਰੋਨਾ ਦੇ ਮਰੀਜ਼ਾਂ ਦੇ ਉੱਪਰ ਇਹ ਪੈਸੇ ਲਗਾਏ ਜਾ ਸਕਣ। ਪਰ ਲੁਧਿਆਣਾ 'ਚ 1984 ਦੰਗਾ ਪੀੜਤਾਂ ਵੱਲੋਂ ਹੁਣ ਇਸ ਦਾ ਵਿਰੋਧ ਜਤਾਇਆ ਜਾ ਰਿਹਾ ਹੈ ਅਤੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿੱਖ ਕੌਮ ਤੋਂ ਮੁਆਫੀ ਮੰਗਣ।
1984 ਸਿੱਖ ਕਤਲੇਆਮ ਪੀੜਤ ਪੰਜਾਬ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਗੁਰਦੀਪ ਕੌਰ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਮਿਤਾਭ ਬੱਚਨ ਤੋਂ ਪੈਸੇ ਨਹੀਂ ਲੈਣੇ ਚਾਹੀਦੇ ਸਨ ਤੇ ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਹ ਪੈਸੇ ਅਮਿਤਾਭ ਬੱਚਨ ਨੂੰ ਤੁਰੰਤ ਵਾਪਸ ਕੀਤੇ ਜਾਣ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਤੋਂ ਮੁਆਫੀ ਮੰਗੇ।
ਉਨ੍ਹਾਂ ਨੇ ਆਰੋਪ ਲਗਾਇਆ ਹੈ ਕਿ 1984 ਵਿਚ ਹੋਏ ਕਤਲੇਆਮ ਵਿੱਚ ਅਮਿਤਾਭ ਬੱਚਨ ਵੀ ਸ਼ਾਮਲ ਸੀ। ਇਸ ਕਰਕੇ ਉਸ ਦੇ ਦਿੱਤੇ ਗਏ ਪੈਸੇ ਸਿੱਖ ਕੌਮ ਨੂੰ ਨਹੀਂ ਲੈਣੇ ਚਾਹੀਦੇ ਸਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਅਗਰ ਅਮਿਤਾਭ ਬੱਚਨ ਪੰਜਾਬ ਆਉਂਦਾ ਹੈ ਤਾਂ ਉਸ ਦਾ ਪੁਰਜ਼ੋਰ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ।