ਸਿੱਖਿਆ ਵਿਭਾਗ ਵੱਲੋਂ ਪੀ.ਟੀ. ਆਈਜ਼ ਦੀ ਆਨਲਾਈਨ ਸਿਖਲਾਈ ਵਰਕਸ਼ਾਪ ਜਾਰੀ
- ਪ੍ਰਾਇਮਰੀ ਪੱਧਰ ਤੇ ਲਗਾਏ 228 ਪੀ.ਟੀ.ਆਈਜ਼ ਦੀ ਸਮਰੱਥਾ ਉਸਾਰੀ ਲਈ ਵਿਭਾਗ ਵੱਲੋਂ ਦਿੱਤੀ ਜਾ ਰਹੀ ਸਿਖਲਾਈ
ਐਸ.ਏ.ਐਸ ਨਗਰ 11 ਮਈ 2021 - ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ 228 ਪੀ.ਟੀ.ਆਈਜ਼ ਦੀ ਸਮਰੱਥਾ ਉਸਾਰੀ ਸਿਖਲਾਈ ਕਰਵਾਈ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੁਨੀਲ ਕੁਮਾਰ ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਨੇ ਦੱਸਿਆ ਕਿ ਵਿਭਾਗ ਵੱਲੋਂ ਪ੍ਰਾਇਮਰੀ ਪੱਧਰ ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ 228 ਬਲਾਕਾਂ ਵਿੱਚ ਪੀ.ਟੀ.ਆਈਜ਼ ਲਗਾਏ ਗਏ ਹਨ। ਇਹਨਾਂ ਪੀ.ਟੀ.ਆਈਜ਼ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਖੇਡ ਮੈਦਾਨ ਤਿਆਰ ਕਰਵਾਉਣੇ, ਸਪੋਰਟਸ ਸੰਬੰਧੀ ਬਾਲਾ ਵਰਕ ਕਰਵਾਉਣਾ, ਅਧਿਆਪਕਾਂ ਨੂੰ ਸਪੋਰਟਸ ਪਾਲਿਸੀ ਦੀ ਜਾਣਕਾਰੀ ਦੇਣਾ, ਸਵੇਰ ਦੀ ਸਭਾ ਨੂੰ ਪ੍ਰਭਾਵਸ਼ਾਲੀ ਬਣਾਉਣਾ, ਪੜ੍ਹੋ ਪੰਜਾਬ ਵਧੋ ਪੰਜਾਬ ਪ੍ਰੋਜੈਕਟ ਤਹਿਤ ਸਕੂਲਾਂ ਵਿੱਚ ਐਕਟੀਵਿਟੀਆਂ ਕਰਵਾਉਣਾ ਅਤੇ ਹਰ ਵਿਦਿਆਰਥੀ ਨੂੰ ਘੱਟੋ-ਘੱਟ ਦੋ ਖੇਡਾਂ ਲਈ ਤਿਆਰ ਕਰਵਾਉਣ ਦੇ ਕੰਮ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਹਨਾਂ ਕੰਮਾਂ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਪੀ.ਟੀ.ਆਈਜ਼ ਦੀ ਸਮਰੱਥਾ ਉਸਾਰੀ ਲਈ ਇਹ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹ ਸਿਖਲਾਈ 10 ਮੲੀ ਤੋਂ ਸ਼ੁਰੂ ਹੋਈ ਹੈ ਅਤੇ 12 ਮਈ ਤੱਕ ਚੱਲੇਗੀ ਅਤੇ ਸਿਖਲਾਈ ਦਾ ਸਮਾਂ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੈ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਮਿਤੀ 10 ਮਈ ਨੂੰ ਜ਼ਿਲ੍ਹਾ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਦੇ 76 ਪੀ.ਟੀ.ਆਈਜ਼ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ। ਮਿਤੀ 11 ਮਈ ਨੂੰ ਜ਼ਿਲ੍ਹਾ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ ਅਤੇ ਮਾਨਸਾ ਦੇ 71 ਪੀ. ਟੀ. ਆਈਜ਼ ਅਧਿਆਪਕਾਂ ਨੂੰ ਇਹ ਸਿਖਲਾਈ ਪ੍ਰਦਾਨ ਕੀਤੀ ਗਈ ਅਤੇ ਮਿਤੀ 12 ਮਈ ਨੂੰ ਜ਼ਿਲ੍ਹਾ ਮੋਗਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਪਠਾਨਕੋਟ, ਪਟਿਆਲਾ, ਰੂਪਨਗਰ, ਐੱਸ.ਏ.ਐੱਸ. ਨਗਰ, ਸੰਗਰੂਰ ਅਤੇ ਤਰਨਤਾਰਨ ਦੇ 81 ਪੀ.ਟੀ.ਆਈਜ਼ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਸਿਖਲਾਈ ਵਰਕਸ਼ਾਪ ਵਿੱਚ ਹਰਿੰਦਰ ਸਿੰਘ ਗਰੇਵਾਲ ਡੀ.ਪੀ.ਈ.ਥੂਹੀ, ਮਨਦੀਪ ਸ਼ਰਮਾ ਡੀ.ਪੀ.ਈ. ਬਿਨਾਹੇੜਾ, ਸ੍ਰੀਮਤੀ ਪਰਮਵੀਰ ਕੌਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸ.ਮਾ.ਸ.ਸ. ਸਕੂਲ 3 ਬੀ 1, ਮੋਹਾਲੀ, ਅਮਰਜੋਤ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਮਲਟੀਪਰਪਜ਼ ਸ.ਸ.ਸ.ਸਕੂਲ ਪਟਿਆਲਾ, ਡਾ. ਬਲਵੰਤ ਸਿੰਘ ਡੀ.ਪੀ.ਈ. ਸ਼ਹੀਦ ਮੇਜਰ ਹਰਦੇਵ ਸਿੰਘ ਸ.ਸ.ਸ.ਸ. ਗੁਵਾਰਾ, ਬੁੱਧ ਰਾਮ ਡੀ.ਪੀ.ਈ. ਸ.ਸ.ਸ.ਸ. ਮੱਲੇਵਾਲ(ਪਟਿਆਲਾ) ਅਤੇ ਸਿਮਨਦੀਪ ਕੌਰ ਡੀ.ਪੀ.ਈ. ਲਲੌਛੀ ਖੇਡ ਮਾਹਿਰ ਪੀ.ਟੀ.ਆਈਜ਼ ਨੂੰ ਸਿਖਲਾਈ ਪ੍ਰਦਾਨ ਕਰ ਰਹੇ ਹਨ