ਜਨਵਰੀ ਤੋਂ ਅਪ੍ਰੈਲ ਤੱਕ ਕੋਰੋਨਾ ਨਿਯਮਾਂ ਦੀ ਉਲੰਘਣਾ ਤੇ 2261 ਲੋਕਾਂ ਦੇ ਚਲਾਨ, ਵਸੂਲੀ 22 ਲੱਖ ਤੋਂ ਵੱਧ
ਪਰਵਿੰਦਰ ਸਿੰਘ ਕੰਧਾਰੀ
- 21 ਮੁਕੱਦਮੇ ਦਰਜ, ਦੋ ਵਹੀਕਲ ਜਬਤ ਕੀਤੇ
ਫਰੀਦਕੋਟ 11 ਮਈ 2021 - ਜ਼ਿਲ੍ਹਾ ਪੁਲਿਸ ਫਰੀਦਕੋਟ ਵੱਲੋਂ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਥੇ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਕਰੋਨਾ ਮਹਾਂਮਾਰੀ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ, ਮਾਸਕ ਵੰਡਣ, ਲੋਕਾਂ ਦੀ ਸਿਹਤ ਤੇ ਸੁਰੱਖਿਆ ਲਈ ਜਿਥੇ ਲਗਾਤਾਰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ, ਉਥੇ ਹੀ ਪੰਜਾਬ ਸਰਕਾਰ ਅਤੇ ਜਲਿਾ ਪ੍ਰਸਾਸਨ ਵੱਲੋਂ ਕਰੋਨਾ ਦੀ ਰੋਕਥਾਮ ਲਈ ਜਾਰੀ ਕੀਤੀਆਂ ਹਦਾਇਤਾਂ/ ਨਿਯਮਾਂ ਅਤੇ ਵੀਕੈਂਡ ਲਾਕਡਾਊਨ ਆਦਿ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਕਰੋਨਾ ਦੀ ਲਾਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਇਹ ਜਾਣਕਾਰੀ ਐਸ.ਐਸ.ਪੀ ਫਰੀਦਕੋਟ ਸ੍ਰੀ ਸਵਰਨਦੀਪ ਸਿੰਘ ਨੇ ਵਿਸੇਸ ਗੱਲਬਾਤ ਦੌਰਾਨ ਦਿੱਤੀ।
ਸਵਰਨਦੀਪ ਸਿੰਘ ਨੇ ਦੱਸਿਆ ਕਿ ਜਿਲਾ ਪੁਲਿਸ ਵੱਲੋਂ ਜਿਲੇ ਵਿੱਚ ਜਨਵਰੀ 2021 ਤੋਂ 30 ਅਪ੍ਰੈਲ 2021 ਤੱਕ ਕਰੋਨਾ ਨਿਯਮਾਂ ਅਤੇ ਵੀਕੈਂਡ ਲਾਕਡਾਊਨ ਆਦਿ ਪ੍ਰਤੀ ਲਾਪਰਵਾਹੀ ਵਰਤਣ ਵਾਲੇ, ਕਾਨੂੰਨ ਦੀ ਉਲੰਘਣਾ ਕਰਨ ਵਾਲੇ 2261 ਲੋਕਾਂ ਦੇ ਚਲਾਨ ਕੱਟੇ ਗਏ ਅਤੇ ਇਸ ਸਬੰਧੀ ਉਨ੍ਹਾਂ ਤੋਂ ਜੁਰਮਾਨੇ ਵਜੋਂ 22 ਲੱਖ 48 ਹਜਾਰ 500 ਰੁਪਏ ਵਸੂਲ ਕੀਤੇ ਗਏ। ਉਨ੍ਹਾਂ ਕਿਹਾ ਕਿ ਚਲਾਨ ਕੱਟਣ ਜਾਂ ਜੁਰਮਾਨੇ ਵਸੂਲਣ ਦਾ ਇੱਕੋ ਇੱਕ ਮਕਸਦ ਲੋਕਾਂ ਨੂੰ ਇਨ੍ਹਾਂ ਨਿਯਮਾਂ /ਹਦਾਇਤਾਂ ਦੀ ਪਾਲਣਾ ਕਰਨ ਪ੍ਰਤੀ ਸੁਚੇਤ ਕਰਨਾ ਹੈ ਜਿਵੇਂ ਕਿ ਕਰੋਨਾ ਦੀ ਰੋਕਥਾਮ ਲਈ ਮਾਸਕ ਪਾ ਕੇ ਰਖਣਾ,ਦੋ ਗਜ ਦੀ ਸਮਾਜਿਕ ਦੂਰੀ ਬਨਾਉਣਾ,ਭੀੜ ਵਾਲੀਆਂ ਥਾਵਾਂ ਤੇ ਇਕੱਠੇ ਨਾ ਹੋਣਾ, ਸਮੇਂ ਸਮੇਂ ਹੱਥ ਧੋਣਾ ਰਹਿਣਾ ਆਦਿ ਹਦਾਇਤਾਂ ਦੀ ਪਾਲਣਾ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਦਾਇਤਾਂ ਦੀ ਉਲੰਘਣਾ ਕਰਨ ਸਬੰਧੀ ਇਸ ਸਮੇਂ ਦੌਰਾਨ 21 ਐਫ.ਆਰ.ਆਈ ਵੀ ਦਰਜ ਕੀਤੀਆ ਗਈਆ ,ਜਦ ਕਿ ਦੋ ਵਹੀਕਲ ਵੀ ਜਬਤ ਕੀਤੇ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਜਿਲਾ ਪੁਲਿਸ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਜਿੱਥੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਵੱਖ-ਵੱਖ ਨਾਕਿਆਂ ਤੇ 10 ਹਜਾਰ 449 ਲੋਕਾਂ ਦੇ ਕਰੋਨਾ ਟੈਸਟ ਵੀ ਕਰਵਾਏ ਗਏ ਤਾਂ ਜੋ ਇਸ ਬਿਮਾਰੀ ਦਾ ਪਤਾ ਲਗਾ ਕੇ ਇਨਫੈਕਟਿਡ ਲੋਕਾਂ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੁਲਿਸ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਜਿਲੇ ਵਿੱਚ ਹੁਣ ਤੱਕ 28 ਹਜਾਰ ਦੇ ਕਰੀਬ ਮਾਸਕ ਵੀ ਲੋਕਾਂ ਨੂੰ ਮੁਫਤ ਵੰਡੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਮਾਸਕ ਦੀ ਆਦਤ ਪਾ ਕੇ ਕਰੋਨਾ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਅਸੀਂ ਮਾਸਕ ਦੀ ਵਰਤੋਂ ਕਰਕੇ ਵੀ ਕਰ ਸਕਦੇ ਹਾਂ ਤੇ ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਰੋਨਾਂ ਦਾ ਪਤਾ ਲਗਾਉਣ ਲਈ ਵੱਧ ਤੋਂ ਵੱਧ ਟੈਸਟ ਕਰਵਾਉਣ ਅਤੇ ਪਾਜਟਿਵ ਹੋਣ ਦੀ ਸੂਰਤ ਵਿਚ ਆਪਣੇ ਘਰਾਂ ਵਿਚ ਸਿਹਤ ਵਿਭਾਗ ਦੀਆਂ ਹਦਾਇਤਾਂ /ਗਾਈਡਲਾਈਨਜ ਅਨੁਸਾਰ ਇਕਾਂਤਵਾਸ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਜਿਲੇ ਵਿੱਚ ਟੀਕਾਕਰਨ ਦੀ ਮੁਹਿੰਮ ਵੀ ਪੂਰੇ ਜੋਰਾਂ ਤੇ ਚਲ ਰਹੀ ਹੈ ਅਤੇ ਉਨ੍ਹਾਂ ਦੀ ਰੋਕਥਾਮ ਲਈ ਟੀਕਾਕਰਨ ਸਭ ਤੋਂ ਕਾਰਗਰ ਹਥਿਆਰ ਹੈ।